ਮਾਤਮ 'ਚ ਬਦਲੀਆਂ ਖ਼ੁਸ਼ੀਆਂ, ਕਾਠਗੜ੍ਹ ਵਿਖੇ ਮਾਂ ਦੀ ਮੌਤ ਤੋਂ ਬਾਅਦ ਨਵਜੰਮੇ ਬੱਚੇ ਨੇ ਵੀ ਤੋੜਿਆ ਦਮ

04/08/2022 12:45:24 PM

ਕਾਠਗੜ੍ਹ (ਰਾਜੇਸ਼)- ਬੀਤੇ ਦਿਨੀਂ ਪਿੰਡ ਸੁੱਧਾ ਮਾਜਰਾ ਦੀ ਇਕ ਔਰਤ ਦੀ ਜਣੇਪੇ ਤੋਂ ਬਾਅਦ ਹੋਈ ਮੌਤ ਉਪਰੰਤ ਪੀ. ਜੀ. ਆਈ. ਚੰਡੀਗੜ੍ਹ ਵਿਖੇ ਜ਼ੇਰੇ ਇਲਾਜ ਉਸ ਦੇ ਨਵਜੰਮੇ ਬੱਚੇ ਨੇ ਵੀ ਦਮ ਤੋੜ ਦਿੱਤਾ ਹੈ । ਮ੍ਰਿਤਕ ਔਰਤ ਦੇ ਪਰਿਵਾਰਕ ਮੈਂਬਰਾਂ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਬੀਤੇ ਦਿਨੀਂ ਸਰਕਾਰੀ ਹਸਪਤਾਲ ਬਲਾਚੌਰ ਵਿਖੇ ਮਹਿਲਾ ਲਖਵਿੰਦਰ ਕੌਰ ਨੇ ਜਿਸ ਬੱਚੇ (ਲੜਕੇ) ਨੂੰ ਜਨਮ ਦਿੱਤਾ ਸੀ, ਉਸ ਦੀ ਸਿਹਤ ਨੂੰ ਸਹੀ ਨਾ ਦੱਸਦੇ ਹੋਏ ਹਸਪਤਾਲ ਸਟਾਫ਼ ਨੇ ਪੀ. ਜੀ. ਆਈ. ਚੰਡੀਗੜ੍ਹ ਲਈ ਰੈਫਰ ਕਰ ਦਿੱਤਾ ਸੀ ਜਿੱਥੇ ਡਾਕਟਰਾਂ ਨੇ ਗੰਭੀਰ ਹਾਲਤ ਸਮਝਦੇ ਹੋਏ ਉਸ ਨੂੰ ਵੈਂਟੀਲੇਟਰ 'ਤੇ ਰੱਖਿਆ ਹੋਇਆ ਸੀ ।
ਇੱਧਰ ਲਖਵਿੰਦਰ ਕੌਰ ਦੀ ਸਿਹਤ ਵਿਗੜਨ ਕਾਰਨ ਉਸ ਦੀ ਮੌਤ ਹੋ ਗਈ ਅਤੇ 6 ਅਪ੍ਰੈਲ ਨੂੰ ਉਸ ਦਾ ਸਸਕਾਰ ਕਰਨ ਤੋਂ ਬਾਅਦ ਰਾਤ ਸਮੇਂ ਉਸ ਦੇ ਨਵਜੰਮੇ ਬੱਚੇ ਨੇ ਵੀ ਦਮ ਤੋੜ ਦਿੱਤਾ। ਜੱਚਾ ਅਤੇ ਬੱਚਾ ਦੀ ਜਾਨ ਜਾਣ ਨਾਲ ਪਿੰਡ ਨਿਵਾਸੀ ਅਤੇ ਪੀੜਤ ਪਰਿਵਾਰ ਡੂੰਘੇ ਸੋਗ ਵਿਚ ਡੁੱਬੇ ਹੋਏ ਹਨ।

ਪਿੰਡ ਸੁੱਧਾ ਮਾਜਰਾ ਦੇ ਵਸਨੀਕ ਚਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਨੂੰਹ ਲਖਵਿੰਦਰ ਕੌਰ (24) ਪਤਨੀ ਨਰਿੰਦਰ ਸਿੰਘ ਗਰਭਵਤੀ ਸੀ। ਉਸ ਦਾ ਚੈੱਕਅਪ ਸਰਕਾਰੀ ਹਸਪਤਾਲ ਬਲਾਚੌਰ ਵਿਖੇ ਚੱਲ ਰਿਹਾ ਸੀ। ਡਾਕਟਰਾਂ ਨੇ ਉਸ ਨੂੰ ਡਿਲਿਵਰੀ ਲਈ 17 ਮਾਰਚ ਦਾ ਸਮਾਂ ਦਿੱਤਾ ਸੀ ਪਰ ਸਮੇਂ-ਸਮੇਂ ’ਤੇ ਚੈੱਕਅਪ ਦੌਰਾਨ ਡਿਲਿਵਰੀ ਦਾ ਸਮਾਂ ਅੱਗੇ ਪਾਇਆ ਜਾਂਦਾ ਰਿਹਾ।

ਇਹ ਵੀ ਪੜ੍ਹੋ: ਜਲੰਧਰ ’ਚ ਬੇਖ਼ੌਫ਼ ਲੁਟੇਰੇ, ਬੈਂਕ ’ਚ ਜਾ ਰਹੇ ਪਤੀ-ਪਤਨੀ ਤੋਂ ਲੁੱਟੀ ਲੱਖਾਂ ਦੀ ਨਕਦੀ

ਬੁੱਧਵਾਰ ਦੀ ਰਾਤ ਜਦੋਂ ਔਰਤ ਦੇ ਦਰਦਾਂ ਜ਼ਿਆਦਾ ਹੋਣ ਲੱਗੀਆਂ ਤਾਂ ਪਰਿਵਾਰ ਵਾਲੇ ਉਸ ਨੂੰ ਬਲਾਚੌਰ ਦੇ ਸਰਕਾਰੀ ਹਸਪਤਾਲ ਵਿਚ ਲੈ ਕੇ ਗਏ, ਜਿੱਥੇ ਡਾਕਟਰਾਂ ਅਤੇ ਸਟਾਫ਼ ਨੇ ਡਿਲਿਵਰੀ ਤਾਂ ਕਰਵਾ ਦਿੱਤੀ ਪਰ ਬੱਚੇ ਦੀ ਹਾਲਤ ਠੀਕ ਨਾ ਹੋਣ ਕਾਰਨ ਪਰਿਵਾਰ ਵਾਲੇ ਡਾਕਟਰਾਂ ਦੇ ਕਹਿਣ ’ਤੇ ਉਸ ਨੂੰ ਪ੍ਰਾਈਵੇਟ ਐਂਬੂਲੈਂਸ ਰਾਹੀਂ ਪੀ. ਜੀ. ਆਈ. ਚੰਡੀਗੜ੍ਹ ਲੈ ਗਏ, ਜਿੱਥੇ ਬੱਚਾ ਵੈਂਟੀਲੇਟਰ ’ਤੇ ਸੀ।  ਡਿਲਿਵਰੀ ਤੋਂ ਕੁਝ ਦੇਰ ਬਾਅਦ ਹੀ ਔਰਤ ਦੀ ਧੜਕਣ ਤੇਜ਼ ਹੋ ਗਈ ਅਤੇ ਉਸ ਨੂੰ ਸਾਹ ਲੈਣ ਵਿਚ ਦਿੱਕਤ ਆਉਣ ਲੱਗ ਪਈ। ਹਸਪਤਾਲ ਸਟਾਫ਼ ਦੇ ਕਹਿਣ ’ਤੇ ਪਰਿਵਾਰ ਵਾਲੇ ਜੱਚਾ ਨੂੰ ਬਲਾਚੌਰ ਦੇ ਨਿੱਜੀ ਹਸਪਤਾਲਾਂ ਵਿਚ ਲੈ ਕੇ ਗਏ ਪਰ ਉਨ੍ਹਾਂ ਨੇ ਕੇਸ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਫਿਰ ਸਟਾਫ਼ ਨੇ ਉਨ੍ਹਾਂ ਨੂੰ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਜਾਣ ਲਈ ਕਹਿ ਦਿੱਤਾ। 

ਪਰਿਵਾਰ ਨੇ ਹਸਪਤਾਲ ਵਿਚ ਮੌਜੂਦ ਐਂਬੂਲੈਂਸ ਦੀ ਮੰਗ ਕੀਤੀ ਤਾਂ ਸਟਾਫ਼ ਨੇ ਡਰਾਈਵਰ ਨਾ ਹੋਣ ਦੀ ਗੱਲ ਕਰਦਿਆਂ ਨਿੱਜੀ ਵਾਹਨ ਲਈ ਕਿਹਾ ਅਤੇ ਜਦੋਂ ਉਹ ਨਿੱਜੀ ਵਾਹਨ ਕਰਕੇ ਪੀੜਤ ਔਰਤ ਨੂੰ ਲੈ ਕੇ ਜਾ ਰਹੇ ਸਨ ਤਾਂ ਆਕਸੀਜਨ ਦੀ ਘਾਟ ਕਾਰਨ ਔਰਤ ਨੇ ਰਸਤੇ ਵਿਚ ਹੀ ਦਮ ਤੋੜ ਦਿੱਤਾ। ਔਰਤ ਦੀ ਮੌਤ ਨੂੰ ਲੈ ਕੇ ਪਰਿਵਾਰ ਵਾਲਿਆਂ ਨੇ ਬਲਾਚੌਰ ਹਸਪਤਾਲ ਦੇ ਸਟਾਫ਼ ’ਤੇ ਲਾਪਰਵਾਹੀ ਦਾ ਦੋਸ਼ ਲਾਉਂਦੇ ਹੋਏ ਨਾਅਰੇਬਾਜ਼ੀ ਕੀਤੀ ਸੀ। ਉਥੇ ਹੀ ਵੀਰਵਾਰ ਚੰਡੀਗੜ੍ਹ ਦੇ ਪੀ.ਜੀ.ਆਈ. ਵਿਚ ਦਾਖ਼ਲ ਨਵਜੰਮੇ ਬੱਚੇ ਨੇ ਵੀ ਦਮ ਤੋੜ ਦਿੱਤਾ। 

ਇਹ ਵੀ ਪੜ੍ਹੋ: ਨਸ਼ੇ ਨੇ ਉਜਾੜਿਆ ਹੱਸਦਾ-ਵੱਸਦਾ ਘਰ, ਮੋਗਾ ਵਿਖੇ ਚਿੱਟੇ ਦੀ ਓਵਰਡੋਜ਼ ਕਾਰਨ ਸਾਬਕਾ ਪੁਲਸ ਮੁਲਾਜ਼ਮ ਦੀ ਮੌਤ

 

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri