ਸਵੱਛਤਾ ਅਭਿਆਨ ''ਤੇ ਗ੍ਰਹਿਣ ਸਾਬਿਤ ਹੋ ਰਿਹਾ ਜੱਚਾ-ਬੱਚਾ ਵਾਰਡ

09/22/2017 12:17:13 AM

ਮੋਗਾ,   (ਸੰਦੀਪ)-  ਇਕ ਪਾਸੇ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਭਰ 'ਚ ਸਵੱਛਤਾ ਅਭਿਆਨ ਚਲਾਇਆ ਜਾ ਰਿਹਾ ਹੈ ਤਾਂ ਕਿ ਹਰ ਇਕ ਨਾਗਰਿਕ ਨੂੰ ਦੇਸ਼ ਸੁੰਦਰ ਬਣਾਉਣ 'ਚ ਉਸ ਦੀ ਜ਼ਿੰਮੇਵਾਰੀ ਪ੍ਰਤੀ ਜਾਗਰੂਕ ਕਰਵਾਉਣ ਦੇ ਨਾਲ-ਨਾਲ ਉਸ ਨੂੰ ਇਸ ਵਿਚ ਆਪਣਾ ਯੋਗਦਾਨ ਦੇਣ ਲਈ ਜਾਗਰੂਕ ਵੀ ਕੀਤਾ ਜਾ ਸਕੇ ਪਰ ਇਸ ਅਭਿਆਨ ਦੇ ਦੇਸ਼ ਭਰ 'ਚ ਲਾਗੂ ਹੋਣ ਨੂੰ ਲੈ ਕੇ ਅਜੇ ਲੱਗਦਾ ਹੈ ਕਿ ਸਾਰਿਆਂ ਨੂੰ ਬਹੁਤ ਇੰਤਜ਼ਾਰ ਕਰਨਾ ਹੋਵੇਗਾ। 
ਇਸ ਦੀ ਗਵਾਹੀ ਅਤੇ ਉਦਹਾਰਨ ਸਥਾਨਕ ਜ਼ਿਲਾ ਪੱਧਰੀ ਸਿਵਲ ਹਸਪਤਾਲ ਵਿਚ ਦੇਖੀ ਜਾ ਸਕਦੀ ਹੈ, ਜਿੱਥੇ ਪਿਛਲੇ ਲੰਮੇ ਸਮੇਂ ਤੋਂ ਹਸਪਤਾਲ ਦੇ ਜੱਚਾ-ਬੱਚਾ ਵਾਰਡ ਅਤੇ ਹਸਪਤਾਲ ਦੇ ਮੇਨ ਦਰਵਾਜ਼ੇ ਦਾ ਚੱਲ ਰਿਹਾ ਨਿਰਮਾਣ ਕਾਰਜ ਹਸਪਤਾਲ ਨੂੰ ਸਵੱਛ ਰੱਖਣ ਦੇ ਪ੍ਰਬੰਧਾਂ 'ਤੇ ਹੀ ਭਾਰੀ ਪੈ ਰਿਹਾ ਹੈ। ਇੱਥੇ ਦਾਖਲ ਮਰੀਜ਼ਾਂ ਨੇ ਹਸਪਤਾਲ ਪ੍ਰਬੰਧਕ ਨੂੰ ਇੱਥੋਂ ਦੇ ਪਖਾਨਿਆਂ ਦੀ ਸਫਾਈ ਲਈ ਪੁਖਤਾ ਪ੍ਰਬੰਧ ਕਰਨ ਦੀ ਵੀ ਬੇਨਤੀ ਕੀਤੀ ਹੈ। 
ਜ਼ਿਕਰਯੋਗ ਹੈ ਕਿ ਲਗਭਗ ਇਕ ਮਹੀਨਾ ਪਹਿਲਾਂ ਸਰਕਾਰ ਵੱਲੋਂ ਵਿਭਾਗੀ ਅਧਿਕਾਰੀਆਂ ਅਤੇ ਐੱਨ. ਜੀ. ਓ. ਨੂੰ ਸ਼ਾਮਲ ਕਰ ਕੇ ਗਠਿਤ ਕੀਤੀ ਗਈ ਸਟੇਟ ਟੀਮ ਨੇ ਵੀ ਜ਼ਿਲਾ ਪੱਧਰੀ ਸਿਵਲ ਹਸਪਤਾਲ ਦੇ ਸਫਾਈ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਇੱਥੇ ਪਹੁੰਚੀ ਸੀ ਤੇ ਇੱਥੇ ਪਿਛਲੇ ਲੰਮੇ ਸਮੇਂ ਤੋਂ ਬਹੁਤ ਹੀ ਹੌਲੀ ਰਫ਼ਤਾਰ ਨਾਲ ਚੱਲ ਰਹੇ ਜੱਚਾ-ਬੱਚਾ ਵਾਰਡ ਦੇ ਨਿਰਮਾਣ ਕਾਰਜ ਅਤੇ ਇਸ ਕੰਮ 'ਚ ਵਰਤੇ ਜਾਣ ਵਾਲੇ ਰੇਤ, ਬਜਰੀ, ਇੱਟਾਂ ਆਦਿ ਮਟੀਰੀਅਲ ਦੇ ਹਸਪਤਾਲ 'ਚ ਥਾਂ-ਥਾਂ 'ਤੇ ਲੱਗੇ ਢੇਰ, ਹਸਪਤਾਲਾਂ ਦੇ ਮੇਨ ਦਰਵਾਜ਼ੇ ਦਾ ਅਧੂਰਾ ਪਿਆ ਨਿਰਮਾਣ ਕਾਰਜ, ਟੁੱਟੀ ਹੋਈ ਸੜਕ ਅਤੇ ਹਸਪਤਾਲ ਦੇ ਸਵੱਛ ਵਾਤਾਵਰਣ ਸਬੰਧੀ ਨੈਗੇਟਿਵ ਰਿਪੋਰਟ ਭੇਜੀ ਗਈ ਸੀ, ਜਿਸ ਕਾਰਨ ਹਸਪਤਾਲ ਸਵੱਛ ਵਾਤਾਵਰਣ ਦਾ ਪ੍ਰਮਾਣ ਦੇਣ ਵਾਲੇ ਜ਼ਿਲਾ ਪੱਧਰੀ ਹਸਪਤਾਲਾਂ ਨੂੰ ਦਿੱਤੇ ਜਾਣ ਵਾਲੇ ਲੱਖਾਂ ਰੁਪਏ ਦੇ ਮਿਲਣ ਵਾਲੇ ਸਟੇਟ ਐਵਾਰਡ ਤੋਂ ਵੀ ਵਾਂਝਾ ਰਹਿ ਗਿਆ ਸੀ। 
ਕਈ ਵਾਰ ਕਰਵਾਈ ਜਾਂਦੀ ਹੈ ਸਫਾਈ
ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਡਾ. ਰਾਜੇਸ਼ ਅੱਤਰੀ ਅਤੇ ਸਿਵਲ ਸਰਜਨ ਬ੍ਰਾਂਚ ਦੇ ਸੈਨੇਟਰੀ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਫਾਈ ਪ੍ਰਬੰਧਾਂ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ ਅਤੇ ਉਹ ਰੋਜ਼ਾਨਾ ਵਿਸ਼ੇਸ਼ ਤੌਰ 'ਤੇ ਇਸ ਦਾ ਨਿਰੀਖਣ ਕਰਦੇ ਹਨ ਪਰ ਵਾਰਡ ਦੇ ਨਿਰਮਾਣ ਕਾਰਜ ਹੋਣ ਕਾਰਨ ਖਿਲਰਿਆ ਸਾਮਾਨ ਇਸ 'ਚ ਰੁਕਾਵਟ ਬਣ ਰਿਹਾ ਹੈ, ਜਿਸ ਕਰ ਕੇ ਉਨ੍ਹਾਂ ਵੱਲੋਂ ਠੇਕੇਦਾਰ ਨੂੰ ਜਲਦ ਤੋਂ ਜਲਦ ਨਿਰਮਾਣ ਕਾਰਜ ਮੁਕੰਮਲ ਕਰਨ ਦੇ ਹੁਕਮ ਦਿੱਤੇ ਤਾਂ ਕਿ ਹਸਪਤਾਲ ਵਿਚ ਸਵੱਛ ਵਾਤਾਵਰਣ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਉਹ ਪਖਾਨਿਆਂ ਦੀ ਸਫਾਈ ਸਬੰਧੀ ਵੀ ਵਿਸ਼ੇਸ਼ ਪ੍ਰਬੰਧ ਕਰਵਾਉਣਗੇ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਹਦਾਇਤਾਂ ਅਨੁਸਾਰ ਸਾਮਾਨ ਕਰਵਾਇਆ ਜਾਂਦੈ ਡਿਸਪੋਜ਼
ਐੱਸ. ਐੱਮ. ਓ. ਡਾ. ਰਾਜੇਸ਼ ਅੱਤਰੀ ਨੇ ਦੱਸਿਆ ਕਿ ਹਸਪਤਾਲ 'ਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਹਦਾਇਤਾਂ ਅਨੁਸਾਰ ਹੀ ਵਾਰਡ, ਲੈਬਾਰਟਰੀ ਅਤੇ ਬਲੱਡ ਬੈਂਕ ਵਿਚ ਤਿੰਨ ਰੰਗਾਂ ਦੇ ਡਸਟਬਿਨ ਲਾਏ ਗਏ ਹਨ ਅਤੇ ਉਨ੍ਹਾਂ ਦੀ ਹਦਾਇਤ ਅਨੁਸਾਰ ਹੀ ਸਾਮਾਨ ਡਿਸਪੋਜ਼ ਕੀਤਾ ਜਾਂਦਾ ਹੈ।