ਨਸ਼ੇ ’ਚ ਟੱਲੀ ਨੌਜਵਾਨਾਂ ਨੇ ਜਲੰਧਰ ਰੇਲਵੇ ਸਟੇਸ਼ਨ ਨੇੜੇ ਮਾਂ-ਧੀ ’ਤੇ ਚੜ੍ਹਾਈ ਗੱਡੀ

11/09/2022 11:23:19 AM

ਜਲੰਧਰ (ਗੁਲਸ਼ਨ)- ਨਸ਼ੇ ’ਚ ਟੱਲੀ ਨੌਜਵਾਨਾਂ ਵੱਲੋਂ ਜਲੰਧਰ ਰੇਲਵੇ ਸਟੇਸ਼ਨ ਨੇੜੇ ਮਾਂ-ਧੀ ’ਤੇ ਚੜ੍ਹਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਜਲੰਧਰ ਰੇਲਵੇ ਸਟੇਸ਼ਨ ਦੇ ਸਾਹਮਣੇ ਤੜਕੇ 4 ਵਜੇ ਦੇ ਕਰੀਬ ਚਾਰ ਨੌਜਵਾਨ ਕਾਰ ’ਚ ਸ਼ਰਾਬ ਪੀ ਕੇ ਭੰਗੜੇ ਪਾ ਰਹੇ ਸਨ। ਇਸੇ ਦੌਰਾਨ ਇਕ ਮਹਿਲਾ ਆਪਣੀ 8 ਸਾਲਾ ਬੱਚੀ ਨਾਲ ਰਿਕਸ਼ਾ ਲੈਣ ਲਈ ਖੜ੍ਹੀ ਸੀ। ਸ਼ਰਾਬ ਦੇ ਨਸ਼ੇ ’ਚ ਹੁੱਲੜਬਾਜ਼ੀ ਕਰ ਰਹੇ ਉਕਤ ਨੌਜਵਾਨਾਂ ਨੇ ਕਾਰ ਫੁੱਟਪਾਥ ’ਤੇ ਮਾਂ-ਧੀ ’ਤੇ ਚੜ੍ਹਾ ਦਿੱਤੀ। ਇਸ ਹਾਦਸੇ ’ਚ ਮਾਂ ਤਾਂ ਬੱਚ ਗਈ ਪਰ ਉਸ ਦੀ 8 ਸਾਲਾ ਬੱਚੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈ। ਘਟਨਾ ਤੋਂ ਬਾਅਦ ਉਥੇ ਚੀਕ-ਚਿਹਾੜਾ ਮਚ ਗਿਆ। ਨਾਲ ਹੀ ਖੜ੍ਹਾ ਇਕ ਵਿਅਕਤੀ ਤੁਰੰਤ ਆਪਣੀ ਕਾਰ ਵਿਚ ਮਾਂ-ਬੇਟੀ ਨੂੰ ਸਿਵਲ ਹਸਪਤਾਲ ਲੈ ਗਿਆ। ਔਰਤ ਦਾ ਨਾਂ ਪ੍ਰਿੰਯਕਾ ਅਤੇ ਬੇਟੀ ਦਾ ਨਾਂ ਨਵਿਆ ਦੱਸਿਆ ਜਾ ਰਿਹਾ ਹੈ, ਜੋ ਆਰਮੀ ਦੇ ਕੁਆਰਟਰ ਵਿਚ ਰਹਿੰਦੀਆਂ ਹਨ।

ਇਹ ਵੀ ਪੜ੍ਹੋ : ਆਨੰਦ ਮੈਰਿਜ ਐਕਟ: ਤਿੰਨ ਸਰਕਾਰਾਂ ਵੀ ਲਾਗੂ ਨਹੀਂ ਕਰਵਾ ਸਕੀਆਂ ਇਹ ਐਕਟ

ਥਾਣਾ ਜੀ. ਆਰ. ਪੀ. ਦੀ ਪੁਲਸ ਨੇ ਮੌਕੇ ਤੋਂ ਕਾਰ ਅਤੇ ਇਕ ਨੌਜਵਾਨ ਨੂੰ ਕਾਬੂ ਕਰ ਲਿਆ, ਜਦਕਿ ਉਸਦੇ ਹੋਰ ਸਾਥੀ ਫ਼ਰਾਰ ਹੋ ਗਏ। ਸੂਚਨਾ ਮੁਤਾਬਕ ਬੱਚੀ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਅਤੇ ਸਿਰ ’ਤੇ ਵੀ ਡੂੰਘੀਆਂ ਸੱਟਾਂ ਲੱਗੀਆਂ ਹਨ, ਜਿਸ ਕਾਰਨ ਉਸ ਨੂੰ ਸਿਵਲ ਹਸਪਤਾਲ ਤੋਂ ਪ੍ਰਾਈਵੇਟ ਹਸਪਤਾਲ ਰੈਫਰ ਕਰ ਦਿੱਤਾ ਗਿਆ। ਡਾਕਟਰਾਂ ਮੁਤਾਬਕ ਬੱਚੀ ਦੀ ਹਾਲਤ ਕਾਫ਼ੀ ਗੰਭੀਰ ਹੈ ਅਤੇ ਉਹ ਬਿਆਨ ਦੇਣ ਦੇ ਯੋਗ ਨਹੀਂ ਹੈ। ਉਥੇ ਹੀ ਦੂਜੇ ਪਾਸੇ ਘਟਨਾ ਸਟੇਸ਼ਨ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਵੀ ਕੈਦ ਹੋ ਗਈ। ਥਾਣਾ ਜੀ. ਆਰ. ਪੀ. ਦੀ ਪੁਲਸ ਨੇ ਕਾਰ ਵਿਚ ਹੁੱਲੜਬਾਜ਼ੀ ਕਰ ਰਹੇ ਸਾਰੇ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਨਹੀਂ ਕੀਤਾ। ਐੱਸ. ਐੱਚ. ਓ. ਅਸ਼ੋਕ ਕੁਮਾਰ ਨੇ ਦੱਸਿਆ ਕਿ ਇਸ ਸਬੰਧੀ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਧਾਰਾ 279, 337, 338 ਆਈ. ਪੀ. ਸੀ. ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਕੈਨੇਡਾ 'ਚ ਪਹਿਲੀ ਵਾਰ ਨਵੰਬਰ ਨੂੰ ਰਾਸ਼ਟਰੀ ਹਿੰਦੂ ਵਿਰਾਸਤ ਮਹੀਨੇ ਵਜੋਂ ਮਨਾ ਰਹੇ ਭਾਰਤੀ

ਬੱਚੀ ਦਾ ਪਿਤਾ ਆਰਮੀ ਦਾ ਕੋਰਸ ਕਰਨ ਲਈ ਗਿਆ ਸੀ ਬੈਂਗਲੁਰੂ
ਜਾਣਕਾਰੀ ਮੁਤਾਬਕ ਜ਼ਖ਼ਮੀ ਬੱਚੀ ਨਵਿਆ ਦਾ ਪਿਤਾ ਅਮਨ ਕੁਮਾਰ ਆਰਮੀ ਵਿਚ ਨੌਕਰੀ ਕਰਦਾ ਹੈ। ਉਹ ਕੋਰਸ ਲਈ ਬੈਂਗਲੁਰੂ ਗਿਆ ਹੋਇਆ ਸੀ। ਦੀਵਾਲੀ ਦਾ ਤਿਉਹਾਰ ਮਨਾਉਣ ਲਈ ਅਮਨ ਦੀ ਪਤਨੀ ਪ੍ਰਿਯੰਕਾ ਆਪਣੀ ਬੇਟੀ ਨਵਿਆ ਨਾਲ ਬਿਹਾਰ ਗਈ ਹੋਈ ਸੀ। ਮਾਂ-ਬੇਟੀ ਦੋਵੇਂ ਸਵੇਰੇ ਟਰੇਨ ਰਾਹੀਂ ਜਲੰਧਰ ਸਿਟੀ ਰੇਲਵੇ ਸਟੇਸ਼ਨ ਪਹੁੰਚੀਆਂ। ਉਹ ਆਪਣੇ ਘਰ (ਆਰਮੀ ਕੁਆਰਟਰ) ਜਾਣ ਲਈ ਰਿਕਸ਼ਾ ਲੈਣ ਲਈ ਸਟੇਸ਼ਨ ਦੇ ਬਾਹਰ ਫੁੱਟਪਾਥ ’ਤੇ ਖੜ੍ਹੀਆਂ ਸਨ। ਇਸ ਦੌਰਾਨ ਹੁੱਲੜਬਾਜ਼ੀ ਕਰ ਰਹੇ ਨੌਜਵਾਨ ਨੇ ਉਨ੍ਹਾਂ ’ਤੇ ਕਾਰ ਚੜ੍ਹਾ ਦਿੱਤੀ। ਹਾਦਸੇ ਨੂੰ ਦੇਖ ਕੇ ਉਥੇ ਮੌਜੂਦ ਲੋਕਾਂ ਦੀ ਰੂਹ ਕੰਬ ਗਈ। ਘਟਨਾ ਦੀ ਸੂਚਨਾ ਮਿਲਣ ’ਤੇ ਬੱਚੀ ਦਾ ਪਿਤਾ ਅਮਨ ਤੁਰੰਤ ਕੋਰਸ ਛੱਡ ਕੇ ਬੈਂਗਲੁਰੂ ਤੋਂ ਵਾਪਸੀ ਲਈ ਰਵਾਨਾ ਹੋ ਗਿਆ। ਐੱਸ. ਐੱਚ. ਓ. ਅਸ਼ੋਕ ਕੁਮਾਰ ਨੇ ਦੱਸਿਆ ਕਿ ਇਸ ਸਬੰਧੀ ਕੇਸ ਦਰਜ ਕਰ ਕੇ ਹਰਸ਼ ਸ਼ਰਮਾ (27) ਪੁੱਤਰ ਸਤਪਾਲ ਸ਼ਰਮਾ ਵਾਸੀ ਤਿਆਗੀ ਕਾਲੋਨੀ ਰਾਮ ਨਗਰ ਸ਼ਾਹਦਰਾ ਨਵੀਂ ਦਿੱਲੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਸਟੇਸ਼ਨ ਦੇ ਸਾਹਮਣੇ ਬਾਜ਼ਾਰ ਰਾਤ ਨੂੰ ਵੀ ਰਹਿੰਦਾ ਹੈ ਗੁਲਜ਼ਾਰ, ਪੁਲਸ ਜ਼ਿੰਮੇਵਾਰ
ਸਿਟੀ ਰੇਲਵੇ ਸਟੇਸ਼ਨ ਦੇ ਸਾਹਮਣੇ ਨਹਿਰੂ ਗਾਰਡਨ ਰੋਡ ’ਤੇ ਸਥਿਤ ਬਾਜ਼ਾਰ ਦੇਰ ਰਾਤ ਨੂੰ ਵੀ ਗੁਲਜ਼ਾਰ ਰਹਿੰਦਾ ਹੈ। ਬਾਜ਼ਾਰ ਵਿਚ ਸਥਿਤ ਦੁਕਾਨਾਂ ਅਤੇ ਢਾਬੇ ਰਾਤ ਭਰ ਖੁੱਲ੍ਹੇ ਰਹਿੰਦੇ ਹਨ। ਸੜਕ ’ਤੇ ਹੀ ਕੁਰਸੀਆਂ ਲਗਾ ਕੇ ਚਾਹ, ਆਂਡੇ, ਆਮਲੇਟ ਪਰੋਸੇ ਜਾਂਦੇ ਹਨ। ਰਾਤ ਦੇ ਸਮੇਂ ਬਾਜ਼ਾਰ ਖੁੱਲ੍ਹਣ ਕਾਰਨ ਅਸਮਾਜਿਕ ਤੱਤ ਵੀ ਸਰਗਰਮ ਰਹਿੰਦੇ ਹਨ। ਇਥੇ ਰੋਜ਼ਾਨਾ ਲੜਾਈ-ਝਗੜੇ ਅਤੇ ਕੁੱਟਮਾਰ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ। ਦੇਰ ਰਾਤ ਕਈ ਲੋਕ ਤਾਂ ਸਿਰਫ਼ ਸ਼ਰਾਬ ਪੀਣ ਲਈ ਇਥੇ ਪਹੁੰਚਦੇ ਹਨ। ਸ਼ਹਿਰ ਦੇ ਕੁਝ ਬੁੱਧੀਜੀਵੀਆਂ ਦਾ ਕਹਿਣਾ ਹੈ ਕਿ ਜੇਕਰ ਪੂਰੇ ਸ਼ਹਿਰ ਦੀਆਂ ਦੁਕਾਨਾਂ ਰਾਤ ਨੂੰ ਬੰਦ ਹੋ ਜਾਂਦੀਆਂ ਹਨ ਤਾਂ ਸਟੇਸ਼ਨ ਦੇ ਸਾਹਮਣੇ ਦੁਕਾਨਾਂ ਅਤੇ ਢਾਬੇ ਕਿਉਂ ਖੁੱਲ੍ਹੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਇਸ ਲਈ ਸਬੰਧਤ ਥਾਣੇ ਦੀ ਪੁਲਸ ਜ਼ਿੰਮੇਵਾਰ ਹੈ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

shivani attri

This news is Content Editor shivani attri