ਦੋ ਜਵਾਨ ਨਸ਼ੇੜੀ ਪੁੱਤਾਂ ਦੀ ਬੇਵੱਸ ਮਾਂ ਦੀ ਕਹਾਣੀ, ਕਢਵਾ ਦੇਵੇਗੀ ਹੰਝੂ

07/23/2019 6:52:21 PM

ਫਾਜ਼ਿਲਕਾ (ਸੁਨੀਲ ਨਾਗਪਾਲ) : ਇਕ ਪਾਸੇ ਪੰਜਾਬ ਸਰਕਾਰ ਸੂਬੇ 'ਚੋਂ ਨਸ਼ੇ ਦੇ ਖਾਤਮੇ ਦੇ ਲੱਖ ਦਾਅਵੇ ਕਰ ਰਹੀ ਹੈ। ਦੂਜੇ ਪਾਸੇ ਸੂਬੇ 'ਚ ਨਸ਼ੇ ਦਾ ਦਰਿਆ ਅੱਜ ਵੀ ਬਾਦਸਤੂਰ ਵੱਗ ਰਿਹਾ ਹੈ। ਆਲਮ ਇਹ ਹੈ ਕਿ ਫਾਜ਼ਿਲਕਾ ਦੇ ਜਲਾਲਾਬਾਦ ਹਲਕੇ 'ਚ ਇਕ ਮਾਂ ਆਪਣੇ ਜਵਾਨ ਨਸ਼ੇੜੀ ਪੁੱਤਾਂ ਕਾਰਨ ਦਰ-ਦਰ ਭੀਖ ਮੰਗਣ ਲਈ ਮਜਬੂਰ ਹੈ। ਦਰਅਸਲ ਇਸ ਬਜ਼ੁਰਗ ਮਾਤਾ ਦੇ ਦੋ ਜਵਾਨ ਪੁੱਤ ਹਨ ਦੋਵੇਂ ਹੀ ਨਸ਼ਾ ਕਰਨ ਦੇ ਆਦੀ ਹਨ। ਬਜ਼ੁਰਗ ਮਹਿਲਾ ਨੇ ਦੱਸਿਆ ਕਿ ਉਸ ਦੇ ਘਰ 'ਤੇ ਨਸ਼ੇ ਦੀ ਅਜਿਹੀ ਮਾਰ ਪਈ ਕਿ ਹੱਸਦਾ-ਵੱਸਦਾ ਪਰਿਵਾਰ ਉਜੜ ਗਿਆ। ਨਸ਼ੇ ਦੀ ਆਦਤ ਕਾਰਨ ਵੱਡੇ ਪੁੱਤਰ ਦੀ ਨੂੰਹ ਆਪਣੀ ਧੀ ਨਾਲ ਹਮੇਸ਼ਾ ਲਈ ਪੇਕੇ ਚਲੀ ਗਈ ਤੇ ਛੋਟਾ ਮੁੰਡਾ ਨੂੰ ਨਸ਼ੇ ਦੇ ਚਲਦਿਆਂ ਆਪਣਾ ਦਿਮਾਗੀ ਸੰਤੁਲਨ ਗੁਆ ਬੈਠਾ ਜਿਸ ਨੂੰ ਘਰ 'ਚ ਹੀ ਰੱਸੇ ਨਾਲ ਬੰਨ੍ਹ ਕੇ ਰੱਖਿਆ ਜਾਂਦਾ ਹੈ। ਬਜ਼ੁਰਗ ਮਹਿਲਾ ਮੁਤਾਬਕ ਦੋਵੇਂ ਪੁੱਤਾਂ ਨੇ ਘਰ ਦੇ ਇਕ-ਇਕ ਸਾਮਾਨ ਨੂੰ ਨਸ਼ਾ ਖਰੀਦਣ ਲਈ ਵੇਚ ਦਿੱਤਾ ਤੇ ਉਸ ਨੂੰ ਦਰ-ਦਰ ਭੀਖ ਮੰਗਣ ਲਈ ਮਜਬੂਰ ਕਰ ਦਿੱਤਾ। 


ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਕਤ ਨੌਜਵਾਨ ਨਸ਼ੇ ਦੇ ਆਦੀ ਹਨ ਅਤੇ ਨਸ਼ਾ ਨਾ ਮਿਲਣ ਦੀ ਸੂਰਤ 'ਚ ਆਪਣੇ ਪਰਿਵਾਰ ਨਾਲ ਕੁੱਟਮਾਰ ਕਰਦੇ ਹਨ। ਇੰਨਾ ਹੀ ਨਹੀਂ ਪਿੰਡ ਵਾਸੀਆਂ ਨੂੰ ਡਰ ਬਣਿਆ ਰਹਿੰਦਾ ਹੈ ਕਿ ਕਿਤੇ ਨਸ਼ੇੜੀ ਨਸ਼ੇ ਦੀ ਪੂਰਤੀ ਲਈ ਆਂਢ-ਗੁਆਂਢ 'ਚ ਕਿਸੇ ਤਰੀਕੇ ਦੀ ਵਾਰਦਾਤ ਨੂੰ ਅੰਜਾਮ ਨਾ ਦੇ ਦੇਣ। 
ਨਸ਼ੇ ਦੇ ਆਦੀ ਨੌਜਵਾਨ ਨੇ ਦੱਸਿਆ ਕਿ ਉਹ ਨਸ਼ੇ ਦੀ ਦਲਦਲ 'ਚੋਂ ਬਾਹਰ ਨਿਕਲਣਾ ਚਾਹੁੰਦਾ ਹੈ। ਨਸ਼ਾ ਪੰਜਾਬ ਦੀ ਜਵਾਨੀ ਨੂੰ ਸਿਓਂਕ ਵਾਂਗ ਖਾ ਰਿਹਾ ਹੈ। ਇਹ ਨਸ਼ਾ ਹੁਣ ਤੱਕ ਕਿੰਨੀਆਂ ਹੀ ਮਾਵਾਂ ਦੀਆਂ ਕੁੱਖਾਂ ਉਜਾੜ ਚੁੱਕਾ ਹੈ ਤੇ ਪਤਾ ਨਹੀਂ ਹੋਰ ਕਿੰਨੀਆਂ ਮਾਵਾਂ ਆਪਣੇ ਜਵਾਨ ਪੁੱਤਾਂ ਨੂੰ ਮੌਤ ਦੇ ਮੂੰਹ 'ਚ ਜਾਂਦੇ ਵੇਖ ਰਹੀਆਂ ਹਨ।

Gurminder Singh

This news is Content Editor Gurminder Singh