ਮਦਰਜ਼ ਡੇ ਸਪੈਸ਼ਲ : ਮਾਂ ਨੇ ਧੀ ਨੂੰ ਦਿੱਤਾ ਦੂਜਾ ਜਨਮ, ਕਿਡਨੀ ਦੇ ਕੇ ਬਚਾਈ ਜਾਨ

05/12/2019 1:08:56 PM

ਬਠਿੰਡਾ (ਸੁਖਮਿੰਦਰ) : ਮਾਂ ਨੂੰ ਰੱਬ ਦਾ ਰੂਪ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਉਹ ਆਪਣੀ ਜਾਨ 'ਤੇ ਖੇਡ ਕੇ ਬੱਚਿਆਂ ਨੂੰ ਜਨਮ ਦਿੰਦੀ ਹੈ। ਵੈਸੇ ਤਾਂ ਹਰ ਮਾਂ ਆਪਣੇ ਬੱਚਿਆਂ 'ਤੇ ਜਾਣ ਨਿਛਾਵਰ ਕਰਨ ਲਈ ਤਿਆਰ ਰਹਿੰਦੀ ਹੈ ਪਰ ਕੁੱਝ ਮਾਵਾਂ ਅਜਿਹੀਆਂ ਵੀ ਹੁੰਦੀਆਂ ਹਨ ਜਿਨ੍ਹਾਂ ਨੂੰ ਅਜਿਹਾ ਮੌਕਾ ਵੀ ਮਿਲ ਜਾਂਦਾ ਹੈ ਤੇ ਉਹ ਸਾਬਿਤ ਕਰ ਦਿੰਦੀਆਂ ਹਨ ਕਿ ਉਨ੍ਹਾਂ ਦੇ ਬੱਚਿਆਂ ਤੋਂ ਵੱਧ ਕੇ ਹੋਰ ਕੁੱਝ ਵੀ ਨਹੀਂ ਹੈ। ਅਜਿਹੀ ਹੀ ਇਕ ਮਾਂ ਹੈ ਬਠਿੰਡਾ ਵਾਸੀ ਪ੍ਰਿੰਸੀਪਲ ਸਰਿਤਾ, ਜਿਨ੍ਹਾਂ ਨੇ ਜਿੰਦਗੀ ਤੇ ਮੌਤ ਨਾਲ ਲੜ ਰਹੀ ਆਪਣੀ ਬੱਚੀ ਨੂੰ ਆਪਣੀ ਕਿਡਨੀ ਦੇ ਕੇ ਉਸ ਨੂੰ ਦੂਜਾ ਜਨਮ ਦਿੱਤਾ ਹੈ। ਦੋਵੇਂ ਮਾਂ-ਬੇਟੀ ਹੁਣ ਪੂਰੀ ਤਰ੍ਹਾਂ ਸਿਹਤਮੰਦ ਹਨ ਤੇ ਨਾ ਕੇਵਲ ਆਪਣੀ ਜਿੰਦਗੀ ਖੁਸ਼ੀ ਖੁਸ਼ੀ ਜੀਅ ਰਹੀਆਂ ਹਨ ਸਗੋਂ ਦੁਨੀਆ ਨੂੰ ਦਿਲ ਭਰਕੇ ਜਿੰਦਗੀ ਜਿਊਂਣ ਦਾ ਸੰਦੇਸ਼ ਵੀ ਦੇ ਰਹੀਆਂ ਹਨ। ਇਸ ਰਾਸਤੇ 'ਤੇ ਚੱਲਦਿਆਂ ਦੋਵਾਂ ਮਾਂ ਬੇਟੀ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਹੈ ਪਰ ਉਨ੍ਹਾਂ ਨੇ ਕਿਸੇ ਵੀ ਸਮੱਸਿਆ ਦੀ ਪਰਵਾਹ ਨਹੀਂ ਕੀਤੀ।

ਕਿਡਨੀ ਫੇਲ੍ਹ ਦਾ ਪਤਾ ਚੱਲਣ 'ਤੇ ਟੁੱਟਿਆ ਦੁੱਖਾਂ ਦਾ ਪਹਾੜ:-
ਬਠਿੰਡਾ ਵਾਸੀ ਪ੍ਰਿੰਸੀਪਲ ਸਰਿਤਾ (43) ਦਾ ਵਿਆਹ ਇੰਜੀ. ਨਿਰਮਲਜੀਤ ਸਿੰਘ ਨਾਲ ਹੋਇਆ ਸੀ ਜਿਸ ਤੋਂ ਬਾਅਦ ਉਨ੍ਹਾਂ ਦੇ ਘਰ ਇਕ ਲੜਕੀ ਯਸ਼ਲੀਨ ਤੇ ਲੜਕੇ ਤੇਜਵਿੰਦਰ ਸਿੰਘ (16) ਨੇ ਜਨਮ ਲਿਆ ਤੇ ਉਕਤ ਜੋੜੇ ਨੇ ਦੋਵਾਂ ਨੂੰ ਪਾਲ ਪੋਸ ਕੇ ਵੱਡਾ ਕੀਤਾ। ਪ੍ਰਿੰਸੀਪਲ ਸਰਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਯਸ਼ਲੀਨ (21) ਡਾਕਟਰ ਬਨਣਾ ਚਾਹੁੰਦੀ ਸੀ ਤੇ ਜਦ ਉਹ 17 ਸਾਲ ਦੀ ਹੋਈ ਤਾਂ ਉਨ੍ਹਾਂ ਨੇ ਉਸ ਨੂੰ ਉਚੇਰੀ ਸਿੱਖਿਆ ਲਈ ਰੂਸ ਭੇਜ ਦਿੱਤਾ। ਰੂਸ ਦਾ ਠੰਡਾ ਮੌਸਮ ਉਸ ਨੂੰ ਰਾਸ ਨਹੀਂ ਆਇਆ ਤੇ ਉਸ ਦਾ ਬਲਡ ਪ੍ਰੈਸ਼ਰ ਵੱਧਣ ਲੱਗ ਪਿਆ। ਇਸ ਦੇ ਬਾਅਦ ਉਨ੍ਹਾਂ ਨੇ ਉਸ ਨੂੰ ਵਾਪਿਸ ਬੁਲਾ ਲਿਆ ਪਰ ਇਥੇ ਆ ਕੇ ਉਹ ਬਿਮਾਰ ਰਹਿਣ ਲੱਗ ਪਈ। ਟੈਸਟ ਆਦਿ ਕਰਵਾਉਣ ਤੋਂ ਬਾਅਦ ਪਤਾ ਚੱਲਿਆ ਕਿ ਉਸ ਦੀਆਂ ਕਿਡਨੀਆਂ ਫੇਲ ਹੋ ਚੁੱਕੀਆਂ ਹਨ। ਇਸ ਦਾ ਪਤਾ ਚੱਲਣ 'ਤੇ ਪੂਰੇ ਪਰਿਵਾਰ 'ਤੇ ਦੁਖਾਂ ਦਾ ਪਹਾੜ ਟੁੱਟ ਪਿਆ।

ਬੇਟੀ ਦਾ ਦੁੱਖ ਦੇਖ ਕੇ ਆਪਣੀ ਜਾਨ ਖਤਰੇ 'ਚ ਪਾਈ:-
ਇਸ ਗੰਭੀਰ ਬਿਮਾਰੀ ਦੇ ਬਾਵਜੂਦ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਤੇ ਯਸ਼ਲੀਨ ਦਾ ਇਲਾਜ਼ ਸ਼ੁਰੂ ਕਰਵਾਇਆ। ਹੋਮਿਓਪੈਥਿਕ ਦਵਾਈ ਵੀ ਲਈ ਜਦੋਂ ਕਿ ਬਾਅਦ ਵਿਚ ਆਈ.ਵੀ. ਹਸਪਤਾਲ ਮੋਹਾਲੀ ਤੋਂ ਬੇਟੀ ਦੀ ਡਾਇਲਸਿਸ ਵੀ ਕਰਵਾਉਂਦੇ ਰਹੇ। ਸਮੱਸਿਆ ਜ਼ਿਆਦਾ ਵੱਧਣ ਲੱਗੀ ਤਾਂ ਯਸ਼ਲੀਨ ਦੀ ਜਾਨ 'ਤੇ ਬਣ ਗਈ। ਇਸ ਮਾਂ ਤੋਂ ਆਪਣੀ ਬੇਟੀ ਦਾ ਦਰਦ ਵੇਖਿਆ ਨਹੀਂ ਗਿਆ ਤਾਂ ਉਨ੍ਹਾਂ ਨੇ ਆਪਣੀ ਜਾਨ ਮੁਸੀਬਤ 'ਚ ਪਾਉਂਦਿਆਂ ਬੇਟੀ ਨੂੰ ਕਿਡਨੀ ਦੇਣ ਦਾ ਫੈਸਲਾ ਕਰ ਲਿਆ। ਕਰੀਬ ਇਕ ਸਾਲ ਪਹਿਲਾਂ ਮੋਹਾਲੀ ਵਿਚ ਉਨ੍ਹਾਂ ਨੇ ਕਿਡਨੀ ਦਿੱਤੀ, ਜਿਸ ਨੂੰ ਯਸ਼ਲੀਨ ਦੇ ਸਰੀਰ 'ਚ ਟ੍ਰਾਂਸਲਪਲਾਂਟ ਕਰ ਦਿੱਤਾ ਗਿਆ। ਹੁਣ ਦੋਵੇ ਮਾਂ-ਬੇਟੀ ਪੂਰੀ ਤਰ੍ਹਾਂ ਸਿਹਤਮੰਦ ਹਨ। ਪ੍ਰਿੰਸੀਪਲ ਸਰਿਤਾ ਨੇ ਦੱਸਿਆ ਕਿ ਇਸ ਸਭ ਇੰਨਾ ਆਸਾਨ ਨਹੀਂ ਸੀ। ਇਸ ਲਈ ਵੱਖ-ਵੱਖ ਤਰ੍ਹਾਂ ਦੇ ਟੈਸਟਾਂ ਦੇ ਇਲਾਵਾਂ ਭਾਰੀ ਮਾਨਸਿਕ ਪ੍ਰੇਸ਼ਾਨੀਆਂ ਵਿਚੋਂ ਲੰਘਣਾ ਪਿਆ ਪਰ ਉਹ ਆਪਣੀ ਬੇਟੀ ਦੀ ਜ਼ਿੰਦਗੀ ਬਚਾਉਣ ਵਿਚ ਸਫ਼ਲ ਰਹੇ।

ਮਾਂ-ਬੇਟੀ ਦਾ ਰਿਸ਼ਤਾ ਹੋਰ ਮਜ਼ਬੂਤ ਹੋਇਆ:-
ਪ੍ਰਿੰਸੀਪਲ ਸਰਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਬੇਟੀ ਹੀ ਉਨ੍ਹਾਂ ਦੀ ਇਕੋ ਇਕ ਦੋਸਤ ਹੈ। ਉਨ੍ਹਾਂ ਦੱਸਿਆ ਬੇਸ਼ਕ ਉਨ੍ਹਾਂ ਦੀ ਜਾਨ ਨੂੰ ਖਤਰੇ 'ਚ ਵੇਖਕੇ ਕੁੱਝ ਲੋਕਾਂ ਨੇ ਉਨ੍ਹਾਂ ਦੇ ਫੈਸਲੇ ਦਾ ਵਿਰੋਧ ਕੀਤਾ ਪਰ ਉਨ੍ਹਾਂ ਦੇ ਸਿਰ 'ਤੇ ਆਪਣੀ ਬੇਟੀ ਦੀ ਜਾਨ ਬਚਾਉਣ ਦਾ ਜਨੂੰਨ ਸੀ ਜਿਸ ਕਰਕੇ ਉਹ ਪਿੱਛੇ ਨਹੀਂ ਹਟੇ। ਬੇਟੀ ਯਸ਼ਲੀਨ ਦਾ ਮੰਨਣਾ ਹੈ ਕਿ ਮਾਂ ਦਾ ਦੇਣ ਕੋਈ ਵੀ ਨਹੀਂ ਦੇ ਸਕਦਾ। ਉਸ ਨੇ ਦੱਸਿਆ ਕਿ ਉਝ ਤਾਂ ਸਾਡੇ ਦੋਵਾਂ ਦਾ ਰਿਸ਼ਤਾ ਸ਼ੁਰੂ ਤੋਂ ਹੀ ਮਜਬੂਤ ਰਿਹਾ ਹੈ ਪਰ ਜ਼ਿੰਦਗੀ ਵਿਚ ਆਏ ਇਸ ਮੋੜ ਦੇ ਬਾਅਦ ਇਹ ਰਿਸ਼ਤਾ ਹੋਰ ਵੀ ਨਵੀਂ ਉਚਾਈਆਂ 'ਤੇ ਪਹੁੰਚ ਗਿਆ ਹੈ। ਉਸ ਨੇ ਦੱਸਿਆ ਕਿ ਉਹ ਹੁਣ ਹਰ ਰੋਜ ਦੇ ਕੰਮ ਦੇ ਨਾਲ-ਲਾਲ ਪੜ੍ਹਾਈ ਸ਼ੁਰੂ ਕਰ ਚੁੱਕੀ ਹੈ ਤੇ ਆਪਣੇ ਡਾਕਟਰ ਬਨਣ ਦੇ ਸੁਪਨੇ ਨੂੰ ਸਾਕਾਰ ਕਰਨ ਵਿਚ ਲੱਗੀ ਹੋਈ ਹੈ। ਉਸ ਨੇ ਦੱਸਿਆ ਕਿ ਉਸ ਦੀ ਮਾਂ ਦੇ ਬਦੌਲਤ ਹੀ ਉਸ ਨੇ ਜਨਮ ਲਿਆ ਸੀ ਤੇ ਹੁਣ ਫਿਰ ਤੋਂ ਉਸ ਦੀ ਮਾਂ ਦੇ ਕਰਕੇ ਉਸ ਨੂੰ ਦੂਜਾ ਜਨਮ ਮਿਲਿਆ ਹੈ ਜਿਸ ਨੂੰ ਉਹ ਜੀਅ ਭਰ ਕੇ ਜਿਊਂਣਾ ਚਾਹੁੰਦੀ ਹੈ।

cherry

This news is Content Editor cherry