24 ਦਿਨਾਂ ''ਚ ਮੋਸਟ ਵਾਂਟੇਡ ਬਣ ਗਿਆ ਹਾਈ ਪ੍ਰੋਫਾਈਲ ਕਤਲ ਕਾਂਡ ਦਾ ਮੁੱਖ ਦੋਸ਼ੀ ਬਲਰਾਜ (ਤਸਵੀਰਾਂ)

03/07/2017 7:27:43 PM

ਚੰਡੀਗੜ੍ਹ (ਕੁਲਦੀਪ ਸ਼ੁਕਲਾ)— ਸੈਕਟਰ-9 ਵਿਚ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਦੀ ਪਤਨੀ ਦੇ ਭਤੀਜੇ ਅਕਾਂਕਸ਼ ਦੀ ਬੀ. ਐੱਮ. ਡਬਲਯੂ. ਕਾਰ ਹੇਠਾਂ ਕੁਚਲ ਕੇ ਹੱਤਿਆ ਕਰਨ ਦੇ ਮੁੱਖ ਮੁਲਜ਼ਮ ਬਲਰਾਜ ਰੰਧਾਵਾ ਦੀ 24 ਦਿਨ ਬਾਅਦ ਵੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ। ਉਸ ''ਤੇ 50 ਹਜ਼ਾਰ ਦਾ ਇਨਾਮ ਵੀ ਐਲਾਨਿਆ ਜਾ ਚੁੱਕਾ ਹੈ। ਤਿੰਨ ਸੂਬਿਆਂ ਦੀ ਪੁਲਸ ਮਿਲ ਕੇ ਵੀ ਅਜੇ ਤਕ ਉਸਦਾ ਕੋਈ ਸੁਰਾਗ ਨਹੀਂ ਲਾ ਸਕੀ ਹੈ। ਇਸ ਹਾਈ ਪ੍ਰੋਫਾਈਲ ਮਰਡਰ ਕੇਸ ਵਿਚ ਮੁੱਖ ਮੁਲਜ਼ਮ ਦੀ ਭਿਣਕ ਤਕ ਨਹੀਂ ਪੁਲਸ ਲਾ ਸਕੀ, ਜਦਕਿ ਉਸਦਾ ਸਾਥੀ ਪੁਲਸ ਦੀ ਹਿਰਾਸਤ ਵਿਚ ਹੈ। ਕਈ ਵਾਰ ਉਸਦੀ ਲੋਕੇਸ਼ਨ ਵੀ ਪਤਾ ਲੱਗੀ ਪਰ ਪੁਲਸ ਦੇ ਪਹੁੰਚਣ ਤੋਂ ਪਹਿਲਾਂ ਹੀ ਬਲਰਾਜ ਨਿਕਲ ਚੁੱਕਾ ਹੁੰਦਾ ਸੀ। ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਬਲਰਾਜ ਵਿਦੇਸ਼ ਭੱਜ ਗਿਆ ਹੈ।

9-10 ਫਰਵਰੀ ਦੀ ਰਾਤ ਨੂੰ ਹੋਈ ਸੀ ਵਾਰਦਾਤ
9-10 ਫਰਵਰੀ ਰਾਤ ਸੈਕਟਰ-9 ਵਿਚ ਹਾਈ ਪ੍ਰੋਫਾਈਲ ਪਾਰਟੀ ਦੌਰਾਨ ਮਾਰਕੁੱਟ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਦੀ ਪਤਨੀ ਦੇ ਭਤੀਜੇ ਅਤੇ ਇਕ ਡਿਸਕੋ ਦੇ ਮਾਲਕ ਅਕਾਂਕਸ਼ ਸੇਨ ਨੂੰ ਬੀ. ਐੱਮ. ਡਬਲਯੂ. ਨਾਲ ਕੁਚਲ ਕੇ ਮੌਤ ਦੇ ਘਾਟ ਉਤਾਰਿਆ ਗਿਆ ਸੀ। ਮੁਲਜ਼ਮ ਮਹਿਤਾਬ ਸਿੰਘ ਉਰਫ ਫਰੀਦ ਅਤੇ ਸੁਹਾਣਾ ਨਿਵਾਸੀ ਬਲਰਾਜ ਸਿੰਘ ਰੰਧਾਵਾ ''ਤੇ ਕੇਸ ਦਰਜ ਹੋਇਆ ਸੀ, ਹਾਲਾਂਕਿ ਪੁਲਸ ਨੇ ਫਰੀਦ ਨੂੰ ਗ੍ਰਿਫਤਾਰ ਕਰ ਲਿਆ ਸੀ ਪਰ ਬਲਰਾਜ ਦੀ ਗ੍ਰਿਫਤਾਰੀ ਨਹੀਂ ਹੋ ਸਕੀ।

ਨਹੀਂ ਸੁਲਝੇ ਹਾਈ ਪ੍ਰੋਫਾਈਲ ਕੇਸ
ਯੂ. ਟੀ. ਵਿਚ ਹੱਤਿਆ ਦੇ ਮਾਮਲਿਆਂ ਵਿਚ ਪੁਲਸ ਟੀਮ ਜਲਦ ਤੋਂ ਜਲਦ ਕੇਸ ਹੱਲ ਕਰਨ ਵਿਚ ਸਫਲ ਹੁੰਦੀ ਹੈ ਪਰ ਯੂ. ਟੀ. ਪੁਲਸ ਦਾ ਰਿਕਾਰਡ ਹੈ ਕਿ ਕਿਸੇ ਵੀ ਹਾਈ ਪ੍ਰੋਫਾਈਲ ਮਾਮਲੇ ਵਿਚ ਪੁਲਸ ਕਾਨੂੰਨੀ ਕਾਰਵਾਈ ਬਿਨਾਂ ਕਦਮ ਨਹੀਂ ਚੁੱਕਦੀ, ਜਿਸਦਾ ਨਤੀਜਾ ਇਹ ਹੁੰਦਾ ਹੈ ਕਿ ਕੇਸ ਦਾ ਹੱਲ ਨਾ ਹੋਣਾ।
ਨੈਸ਼ਨਲ ਸ਼ੂਟਰ ਸਿੱਪੀ ਮਰਡਰ ਕੇਸ, ਨੇਹਾ ਅਹਿਲਾਵਤ ਮਰਡਰ ਕੇਸ ਅਤੇ ਇੰਸ. ਕਸ਼ਮੀਰਾ ਸਿੰਘ ਮਰਡਰ ਕੇਸ ਦਾ ਮਾਮਲਾ ਵੀ ਅੱਜ ਤਕ ਬੁਝਾਰਤ ਬਣਿਆ ਹੋਇਆ ਹੈ।

20 ਟੀਮਾਂ ਕਰ ਚੁੱਕੀਆਂ ਹਨ 100 ਤੋਂ ਵੱਧ ਵਾਰ ਰੇਡ
ਮਾਮਲਾ ਹਾਈ ਪ੍ਰੋਫਾਈਲ ਹੋਣ ਕਾਰਨ ਪੁਲਸ ਨੇ ਤੀਸਰੇ ਦਿਨ ਹੀ 24 ਪੁਲਸ ਟੀਮਾਂ ਦਾ ਗਠਨ ਕੀਤਾ ਸੀ। ਅਜੇ ਤਕ 100 ਤੋਂ ਵੱਧ ਰੇਡ ਦੇਸ਼ ਵਿਚ ਕੀਤੀ ਜਾ ਚੁੱਕੀ ਹੈ ਅਤੇ 30 ਲੋਕਾਂ ਤੋਂ ਪੁੱਛਗਿੱਛ ਵੀ ਪੁਲਸ ਕਰ ਚੁੱਕੀ ਹੈ ਪਰ ਅਸਫਲਤਾ ਪੁਲਸ ਦਾ ਸਾਥ ਨਹੀਂ ਛੱਡ ਰਹੀ।

ਸ਼ਹਿਰ ''ਚ ਵੀ ਲੱਗੇ ਪੋਸਟਰ
ਸੈਕਟਰ-3 ਥਾਣਾ ਪੁਲਸ ਨੇ ਮੁਲਜ਼ਮ ਰੰਧਾਵਾ ਦੀ ਜਾਣਕਾਰੀ ਲਈ ਐਲਾਨੇ 50 ਹਜ਼ਾਰ ਦੇ ਇਨਾਮ ਸਮੇਤ ਫੋਟੋ ਵੀ ਪੋਸਟਰ ਦੇ ਰੂਪ ਵਿਚ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਲਗਾ ਦਿੱਤੀ, ਹਾਲਾਂਕਿ ਦੂਸਰੇ ਦਿਨ ਪੁਲਸ ਦੇ ਕੁਝ ਗੁਪਤ ਸੂਤਰਾਂ ਨੇ ਸੂਚਨਾ ਦਿੱਤੀ ਕਿ ਪੋਸਟਰ ਵਿਚ ਮੁਲਜ਼ਮ ਦੀ ਤਸਵੀਰ ਥੋੜ੍ਹੀ ਜ਼ਿਆਦਾ ਕਲੀਅਰ ਹੋਣੀ ਚਾਹੀਦੀ ਹੈ। ਇਸਦੇ ਬਾਅਦ ਯੂ. ਟੀ. ਪੁਲਸ ਨੇ ਮੁਲਜ਼ਮ ਦਾ ਪੋਸਟਰ ਜਨਤਕ ਥਾਵਾਂ ''ਤੇ ਲਵਾਇਆ।

ਪੀ. ਓ. ਪ੍ਰੋਸੀਡਿੰਗ ਚਾਲੂ
ਵਾਰਦਾਤ ਦੇ 20 ਦਿਨਾਂ ਬਾਅਦ ਸੈਕਟਰ-3 ਥਾਣਾ ਪੁਲਸ ਨੇ ਮੁੱਖ ਮੁਲਜ਼ਮ ਰੰਧਾਵਾ ਖਿਲਾਫ ਪੀ. ਓ. ਚਾਲੂ ਕਰਨ ਦੀ ਪਟੀਸ਼ਨ ਕੋਰਟ ਵਿਚ ਦਾਖਲ ਕਰ ਦਿੱਤੀ। ਇਸਦੇ ਬਾਅਦ ਕੋਰਟ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਪੀ. ਓ. ਪ੍ਰੋਸੀਡਿੰਗ ਸ਼ੁਰੂ ਕਰਨ ਦੀ ਇਜਾਜ਼ਤ ਪੁਲਸ ਵਿਭਾਗ ਨੂੰ ਦੇ ਦਿੱਤੀ। ਹੁਣ ਪੁਲਸ ਬਲਰਾਜ ਸਿੰਘ ਰੰਧਾਵਾ ਨੂੰ ਭਗੌੜਾ ਐਲਾਨ ਕਰਾਉਣ ਲਈ ਪੂਰੀ ਕਾਰਵਾਈ ਵਿਚ ਜੁਟੀ ਹੈ।

ਐੱਲ. ਓ. ਸੀ. ਜਾਰੀ
10 ਫਰਵਰੀ ਨੂੰ ਵਾਰਦਾਤ ਦੇ ਦੂਸਰੇ ਦਿਨ ਦੋਵੇਂ ਮੁਲਜ਼ਮਾਂ ਖਿਲਾਫ ਹੱਤਿਆ ਦੀ ਧਾਰਾ ਜੋੜੀ ਗਈ। ਇਸਦੇ ਬਾਅਦ ਸੈਕਟਰ-3 ਥਾਣਾ ਪੁਲਸ ਨੇ ਤੁਰੰਤ ਲਿਖਤੀ ਤੌਰ ''ਤੇ ਮੁਲਜ਼ਮਾਂ ਖਿਲਾਫ ਲੁਕ ਆਊਟ ਸਰਕੂਲਰ (ਐੱਲ. ਓ. ਸੀ.) ਜਾਰੀ ਕਰਨ ਦੀ ਇਜਾਜ਼ਤ ਮੰਗੀ। ਦਿੱਲੀ ਤੋਂ ਇਜਾਜ਼ਤ ਮਿਲਣ ਦੇ ਬਾਅਦ ਸਾਰੇ ਏਅਰਪੋਰਟਾਂ ''ਤੇ ਮੁਲਜ਼ਮ ਰੰਧਾਵਾ ਬਾਰੇ ਸੂਚਨਾ ਪ੍ਰਸਾਰਿਤ ਕਰ ਦਿੱਤੀ।

Gurminder Singh

This news is Content Editor Gurminder Singh