ਵਿਦੇਸ਼ੀ ਨੰਬਰਾਂ ''ਤੇ ਵਟਸਐਪ ਚਲਾ ਰਹੇ ਨੇ ਜ਼ਿਆਦਾਤਰ ਗੈਂਗਸਟਰ

07/26/2017 2:13:03 AM


ਸਾਈਬਰ ਸੈੱਲ ਨਹੀਂ ਕਰ ਸਕਿਆ ਟਰੇਸ
ਲੁਧਿਆਣਾ, (ਪੰਕਜ)-ਪੰਜਾਬ ਵਿਚ ਅਜੇ ਤੱਕ ਪੁਲਸ ਗ੍ਰਿਫਤ ਤੋਂ ਬਾਹਰ ਨਾਮੀ ਗੈਂਗਸਟਰਾਂ ਦੇ ਨਾਲ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ 'ਚ ਸਰਗਰਮ ਵੱਡੀਆਂ ਮੱਛੀਆਂ ਨੂੰ ਫੜਨ ਵਿਚ ਆਖਿਰ ਪੁਲਸ ਸਫਲ ਕਿਉਂ ਨਹੀਂ ਹੋ ਰਹੀ ਹੈ। ਇਸ ਦੇ ਪਿੱਛੇ ਮੁੱਖ ਰੂਪ ਨਾਲ ਅਪਰਾਧੀਆਂ ਵੱਲੋਂ ਆਪਣੇ ਸਾਥੀਆਂ ਨਾਲ ਸੰਪਰਕ ਕਰਨ ਦੌਰਾਨ ਵਿਦੇਸ਼ੀ ਨੰਬਰਾਂ ਤੋਂ ਕੀਤੀ ਜਾ ਰਹੀ ਵਟਸਐਪ ਕਾਲ ਹੈ, ਜਿਨ੍ਹਾਂ ਨੂੰ ਟਰੇਸ ਕਰ ਸਕਣਾ ਪੁਲਸ ਦੇ ਐਂਟੀ ਸਾਈਬਰ ਕ੍ਰਾਈਮ ਸੈੱਲ ਲਈ ਸੌਖਾ ਨਹੀਂ ਹੈ। ਇਹੀ ਕਾਰਨ ਹੈ ਕਿ ਗੈਂਗਸਟਰ ਦੀ ਲੋਕੇਸ਼ਨ ਲੱਭਣਾ ਪੁਲਸ ਦੇ ਲਈ ਚੁਣੌਤੀ ਬਣਿਆ ਹੋਇਆ ਹੈ।
ਪੰਜਾਬ ਪੁਲਸ ਲਈ ਸਭ ਤੋਂ ਵੱਡੀ ਚੁਣੌਤੀ ਬਣ ਚੁੱਕੇ ਗੈਂਗਸਟਰ ਵਿੱਕੀ ਗੌਂਡਰ ਦੀ ਹੀ ਗੱਲ ਕਰੀਏ ਤਾਂ ਸਾਫ ਹੋ ਜਾਂਦਾ ਹੈ ਕਿ ਨਾਭਾ ਜੇਲ ਬ੍ਰੇਕ ਕਾਂਡ ਦੇ ਮੁੱਖ ਦੋਸ਼ੀ ਗੌਂਡਰ ਨੂੰ ਜਦੋਂ ਪੁਲਸ ਦਾ ਸਾਰਾ ਤੰਤਰ ਲੱਭਣ ਲੱਗਾ ਸੀ ਅਤੇ ਉਹ ਗੁਰਦਾਸਪੁਰ ਵਿਚ ਆਪਣੇ ਸਾਥੀਆਂ ਗਿਆਨ ਸਿੰਘ ਖਰਲਾਂਵਾਲਾ ਅਤੇ ਹੋਰਨਾਂ ਦੇ ਨਾਲ ਮਿਲ ਕੇ ਵਿਰੋਧੀ ਗੁੱਟ ਦੇ ਤਿੰਨ ਵਿਅਕਤੀਆਂ ਨੂੰ ਗੋਲੀਆਂ ਤੇ ਕੁੱਟਮਾਰ ਨਾਲ ਮੌਤ ਦੇ ਘਾਟ ਉਤਾਰਨ ਉਪਰੰਤ ਆਸਾਨੀ ਨਾਲ ਫਰਾਰ ਹੋ ਗਿਆ। ਸ਼ਾਰਪ ਸ਼ੂਟਰ ਸੁੱਖਾ ਕਾਹਲਵਾਂ ਕਤਲ ਕਾਂਡ ਦੇ ਦੋਸ਼ੀ ਗੌਂਡਰ ਨੇ ਜੇਲ ਤੋਂ ਫਰਾਰ ਹੋਣ ਤੋਂ ਬਾਅਦ ਆਖਿਰ ਕਿਸ ਤਰ੍ਹਾਂ ਆਪਣੇ ਸਾਥੀਆਂ ਨਾਲ ਦੁਬਾਰਾ ਸੰਪਰਕ ਸਾਧਿਆ, ਇਹ ਸੋਚਣ ਦੀ ਗੱਲ ਹੈ।
ਪੁਲਸ ਦੇ ਉੱਚ ਸੂਤਰਾਂ ਦੀ ਮੰਨੀਏ ਤਾਂ ਬੇਹੱਦ ਸ਼ਾਤਰ ਗੌਂਡਰ ਮੋਬਾਇਲ ਫੋਨ ਦੀ ਸਿੱਧੀ ਵਰਤੋਂ ਨਾ ਕਰ ਕੇ ਆਪਣੇ ਨਜ਼ੀਦੀਕੀਆਂ ਨਾਲ ਵਟਸਐਪ 'ਤੇ ਕਾਲ ਕਰ ਕੇ ਸੰਪਰਕ ਬਣਾਉਂਦਾ ਹੈ ਕਿਉਂਕਿ ਉਹ ਜਾਣਦਾ ਹੈ ਕਿ ਵਟਸਐਪ ਕਾਲ ਨੂੰ ਟਰੇਸ ਨਹੀਂ ਕੀਤਾ ਜਾ ਸਕਦਾ। ਸਭ ਤੋਂ ਖਾਸ ਗੱਲ ਹੈ ਕਿ ਵਿਦੇਸ਼ੀ ਨੰਬਰਾਂ ਦੀ ਮੁੱਖ ਰੂਪ ਨਾਲ ਵਰਤੋਂ ਕਰਦਾ ਹੈ। ਇਹੀ ਹਾਲ ਰਾਜ ਵਿਚ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਵਿਚ ਸਰਗਰਮ ਵੱਡੇ ਸਮੱਗਲਰਾਂ ਦਾ ਹੈ। ਫਿਰ ਚਾਹੇ ਉਹ ਆਜ਼ਾਦ ਹਨ ਜਾਂ ਫਿਰ ਜੇਲਾਂ ਵਿਚ ਬੈਠੇ ਆਪਣਾ ਧੰਦਾ ਲਗਾਤਾਰ ਚਲਾ ਰਹੇ ਹਨ। ਸ਼ਾਤਰ ਅਪਰਾਧੀਆਂ ਵੱਲੋਂ ਵਿਦੇਸ਼ੀ ਨੰਬਰਾਂ 'ਤੇ ਵਟਸਐਪ ਕਾਲਿੰਗ ਕਰ ਕੇ ਆਪਣੇ ਸਾਥੀਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਜਾ ਰਹੇ ਹਨ।   ਜੇਕਰ ਜੇਲ ਵਿਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਗੱਲ ਕਰੀਏ ਤਾਂ ਉਹ ਵੀ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਦੇ ਧੰਦੇ ਵਿਚ ਆਪਣੇ ਪੈਰ ਪਸਾਰ ਚੁੱਕਾ ਹੈ। ਦੂਜਾ ਰਾਜਾ ਕੰਦੋਲਾ, ਜੋ ਕਿ ਇਸ ਧੰਦੇ ਦੀ ਵੱਡੀ ਮੱਛੀ ਹੈ। ਬੀਤੇ ਦਿਨੀਂ ਐੱਸ. ਟੀ. ਐੱਫ. ਵੱਲੋਂ ਕੀਤੇ ਖੁਲਾਸੇ ਤੋਂ ਸਾਫ ਹੈ ਕਿ ਇਹ ਸ਼ਾਤਰ ਅਪਰਾਧੀ ਬਾਹਰ ਹੋਣ ਜਾਂ ਫਿਰ ਜੇਲ ਵਿਚ, ਇਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ। ਇਨ੍ਹਾਂ ਦਾ ਧੰਦਾ ਨਿਰਵਿਘਨ ਜਾਰੀ ਰਹਿੰਦਾ ਹੈ। 

ਕਿੱਥੋਂ ਮਿਲਦੇ ਹਨ ਵਿਦੇਸ਼ੀ ਸਿਮ
ਗੈਂਗਸਟਰ ਹੋਣ ਜਾਂ ਫਿਰ ਸਮੱਗਲਰ, ਇਨ੍ਹਾਂ ਵੱਲੋਂ ਪੁਲਸ ਅਤੇ ਸਾਈਬਰ ਸੈੱਲ ਨੂੰ ਧੋਖਾ ਦੇਣ ਲਈ ਵਿਦੇਸ਼ੀ ਸਿਮ ਕਾਰਡਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਨ੍ਹਾਂ ਕੋਲ ਵਿਦੇਸ਼ੀ ਸਿਮ ਕਿੱਥੋਂ ਆਉਂਦੇ ਹਨ। ਇਸ ਸਵਾਲ ਦਾ ਜਵਾਬ ਦਿੰਦੇ ਹੋਏ ਐੱਸ. ਟੀ. ਐੱਫ. ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸਰਹੱਦ ਪਾਰੋਂ ਹੈਰੋਇਨ ਜਾਂ ਕੋਕੀਨ ਦੀ ਖੇਪ ਬਾਰਡਰ ਦੇ ਰਸਤੇ ਜਦੋਂ ਪੰਜਾਬ ਵਿਚ ਭੇਜੀ ਜਾਂਦੀ ਹੈ ਤਾਂ ਉਸ ਦੇ ਨਾਲ ਵਿਦੇਸ਼ੀ ਸਿਮ ਜਾਂ ਹਥਿਆਰਾਂ ਦੀ ਸਪਲਾਈ ਕੀਤੀ ਜਾਂਦੀ ਹੈ। ਇਨ੍ਹਾਂ ਹੀ ਨੰਬਰਾਂ ਦੇ ਐਕਟੀਵੇਟ ਹੋਣ 'ਤੇ ਸਰਹੱਦ ਪਾਰ ਦੇ ਸਮੱਗਲਰ ਆਪਣੇ ਸੰਪਰਕਾਂ ਨਾਲ ਤੁਰੰਤ ਸਬੰਧ ਸਥਾਪਿਤ ਕਰ ਲੈਂਦੇ ਹਨ। ਇਨ੍ਹਾਂ ਨੰਬਰਾਂ ਨੂੰ ਟਰੇਸ ਕਰ ਸਕਣਾ ਬੇਹੱਦ ਮੁਸ਼ਕਿਲ ਹੈ, ਜਿਸ ਕਾਰਨ ਇਹ ਲੋਕ ਕਾਨੂੰਨ ਦੇ ਪੰਜੇ ਤੋਂ ਬਚੇ ਰਹਿੰਦੇ ਹਨ।

ਦੂਜੇ ਰਾਜਾਂ ਦੇ ਵੀ ਹਨ ਸਿਮ
ਇਸ ਤੋਂ ਇਲਾਵਾ ਗੈਂਗਸਟਰਾਂ ਵੱਲੋਂ ਦੂਜੇ ਰਾਜ ਵਿਚ ਬੈਠੇ ਆਪਣੇ ਸਾਥੀਆਂ ਤੋਂ ਉਥੋਂ ਦੇ ਸਿਮ ਲੈ ਕੇ ਉਨ੍ਹਾਂ ਦੀ ਵਰਤੋਂ ਪੰਜਾਬ ਵਿਚ ਕੀਤੀ ਜਾਂਦੀ ਹੈ।