ਸ਼ਾਮ ਢਲਦੇ ਹੀ ਜ਼ਿਆਦਾਤਰ ਬੈਂਕ ਏ. ਟੀ. ਐੱਮ. ਕੇਂਦਰਾਂ ਦੇ ਡਿੱਗ ਜਾਂਦੇ ਹਨ ਸ਼ਟਰ

07/31/2017 6:52:28 AM

ਕਪੂਰਥਲਾ, (ਭੂਸ਼ਣ)- ਸੂਬੇ 'ਚ ਏ. ਟੀ. ਐੱਮ. ਤੋੜਨ ਦੀਆਂ ਵਧ ਰਹੀਆਂ ਵਾਰਦਾਤਾਂ ਨੂੰ ਵੇਖਦੇ ਹੋਏ ਪੰਜਾਬ ਪੁਲਸ ਵਲੋਂ ਸਾਰੇ ਬੈਂਕ ਪ੍ਰਬੰਧਕਾਂ ਨੂੰ ਏ. ਟੀ. ਐੱਮ. ਕੇਂਦਰਾਂ ਦੇ ਬਾਹਰ ਸੁਰੱਖਿਆ ਗਾਰਡ ਤਾਇਨਾਤ ਕਰਨ ਨੂੰ ਲੈ ਕੇ ਜਾਰੀ ਦਿਸ਼ਾ-ਨਿਰਦੇਸ਼ਾਂ ਦੇ ਬਾਵਜੂਦ ਵੀ ਹਾਲਾਤ ਇਸ ਕਦਰ ਵਿਪਰੀਤ ਹੋ ਗਏ ਹਨ ਕਿ ਸ਼ਾਮ ਢਲਦੇ ਹੀ ਸੁਰੱਖਿਆ ਕਰਮਚਾਰੀਆਂ ਤੋਂ ਮਹਰੂਮ ਜ਼ਿਆਦਾਤਰ ਏ. ਟੀ. ਐੱਮ. ਕੇਂਦਰਾਂ ਦੇ ਸ਼ਟਰ ਡਿੱਗਣ ਦੇ ਕਾਰਨ ਲੋਕਾਂ ਨੂੰ ਰਾਤ ਦੇ ਸਮੇਂ ਨਕਦੀ ਲੈਣ ਲਈ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੋ ਕਿਤੇ ਨਾ ਕਿਤੇ ਬੈਂਕਿੰਗ ਵਿਵਸਥਾ ਦੇ ਵੱਲ ਸਵਾਲੀਆ ਨਿਸ਼ਾਨ ਲਗਾ ਰਿਹਾ ਹੈ ।  
ਏ. ਟੀ. ਐੱਮ. ਤੋੜਨ ਦੀਆਂ ਵਾਰਦਾਤਾਂ ਨੂੰ ਲੈ ਕੇ ਸੂਬੇ ਭਰ 'ਚ ਜਾਰੀ ਕੀਤੇ ਗਏ ਸਨ ਦਿਸ਼ਾ-ਨਿਰਦੇਸ਼
ਸੂਬੇ ਦੇ ਵੱਖ-ਵੱਖ ਜ਼ਿਲਿਆਂ 'ਚ ਏ. ਟੀ. ਐੱਮ. ਤੋੜਨ ਦੀਆਂ ਵਾਰਦਾਤਾਂ ਨੂੰ ਵੇਖਦੇ ਹੋਏ ਪੰਜਾਬ ਪੁਲਸ ਨੇ ਸਾਰੇ ਬੈਂਕ ਪ੍ਰਬੰਧਕਾਂ ਦੀ ਵਿਸ਼ੇਸ਼ ਬੈਠਕ ਸੱਦ ਕੇ ਉਨ੍ਹਾਂ ਨੂੰ ਜਿਥੇ ਏ. ਟੀ. ਐੱਮ. ਕੇਂਦਰਾਂ 'ਚ ਸੁਰੱਖਿਆ ਗਾਰਡ ਤਾਇਨਾਤ ਕਰਨ ਦੇ ਨਿਰਦੇਸ਼ ਦਿੱਤੇ ਸਨ, ਉਥੇ ਹੀ ਇਸ ਏ. ਟੀ. ਐੱਮ. ਕੇਂਦਰਾਂ ਨੂੰ ਸੀ. ਸੀ. ਟੀ. ਵੀ. ਕੈਮਰਿਆਂ ਨਾਲ ਲੈਸ ਕਰਨ ਦੀ ਸਲਾਹ ਦਿੱਤੀ ਸੀ ਤਾਂਕਿ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।
'ਜਗ ਬਾਣੀ' ਨੇ ਜਦੋਂ ਸ਼ਹਿਰ ਅਤੇ ਆਸ-ਪਾਸ ਦੇ ਦਿਹਾਤੀ ਖੇਤਰਾਂ 'ਚ ਚਲ ਰਹੇ ਏ. ਟੀ. ਐੱਮ. ਕੇਂਦਰਾਂ ਦਾ ਰਾਤ ਦੇ ਸਮੇਂ ਦੌਰਾ ਕੀਤਾ ਤਾਂ ਕਾਫ਼ੀ ਹੈਰਾਨੀ ਵਾਲੀ ਤਸਵੀਰ ਸਾਹਮਣੇ ਆਈ। ਜ਼ਿਆਦਾਤਰ ਏ. ਟੀ. ਐੱਮ. ਕੇਂਦਰਾਂ ਦੀ ਹਾਲਤ ਤਾਂ ਇਹ ਸੀ ਕਿ ਉਥੇ ਸੁਰੱਖਿਆ ਗਾਰਡ ਦੀ ਨਿਯੁਕਤੀ ਨਾ ਹੋਣ ਦੇ ਕਾਰਨ ਉਨ੍ਹਾਂ ਦੇ ਸ਼ਟਰ ਬੰਦ ਪਏ ਮਿਲੇ। ਜਿਸਦੇ ਕਾਰਨ ਨਕਦੀ ਦੀ ਆਸ ਵਿਚ ਪੁੱਜੇ ਲੋਕਾਂ ਨੂੰ ਭਾਰੀ ਨਿਰਾਸ਼ਾ ਦਾ ਸਾਹਮਣਾ ਕਰਣਾ ਪੈ ਰਿਹਾ ਹੈ ।ਜੋ ਕਿਤੇ ਨਾ ਕਿਤੇ 24 ਘੰਟੇ ਦੀ ਏ. ਟੀ. ਐੱਮ. ਪ੍ਰਣਾਲੀ ਦੇ ਵੱੱਲ ਪ੍ਰਸ਼ਨ-ਚਿੰਨ੍ਹ ਲਗਾ ਰਿਹਾ ਹੈ।