ਜ਼ਿਆਦਾਤਰ ਬੈਂਕ ਏ. ਟੀ. ਐੱਮ. ਕੇਂਦਰਾਂ ''ਤੇ ਨਹੀਂ ਹੈ ਕੋਈ ਸੁਰੱਖਿਆ ਗਾਰਡ

08/07/2017 1:43:57 AM

ਸੁਲਤਾਨਪੁਰ ਲੋਧੀ, (ਸੋਢੀ)- ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੇ ਵੱਖ-ਵੱਖ ਬੈਂਕ ਪ੍ਰਬੰਧਕ ਡਿਪਟੀ ਕਮਿਸ਼ਨਰ ਕਪੂਰਥਲਾ ਦੇ ਹੁਕਮਾਂ ਦੀਆਂ ਧੱਜੀਆਂ ਉਡਾਉਂਦੇ ਉਸ ਸਮੇਂ ਨਜ਼ਰ ਆਏ, ਜਦੋਂ ਸੁਲਤਾਨਪੁਰ ਲੋਧੀ ਦੇ ਬਹੁ-ਗਿਣਤੀ ਏ. ਟੀ. ਐੱਮ. ਕੇਂਦਰ ਸੁਰੱਖਿਆ ਗਾਰਡਾਂ ਤੋਂ ਬਿਨਾਂ ਹੀ ਖੁੱਲ੍ਹੇ ਵੇਖੇ ਗਏ। 
ਅੱਜ 'ਜਗ ਬਾਣੀ' ਦੀ ਟੀਮ ਨੇ ਸੁਲਤਾਨਪੁਰ ਲੋਧੀ ਦੇ ਸਮੂਹ ਏ. ਟੀ. ਐੱਮ. 'ਤੇ ਜਾ ਕੇ ਵੇਖਿਆ ਤਾਂ ਤਿੰਨ ਕੁ ਨੂੰ ਛੱਡ ਕੇ ਬਾਕੀ ਸਾਰਿਆਂ ਦੇ ਅੰਦਰ ਕੋਈ ਗਾਰਡ ਨਜ਼ਰ ਨਹੀਂ ਆਇਆ। ਅੱਜ ਦੁਪਹਿਰ ਕਰੀਬ ਢਾਈ ਵਜੇ ਤੋਂ ਤਿੰਨ ਵਜੇ ਦਰਮਿਆਨ ਦੇਖਿਆ ਕਿ ਡਿਪਟੀ ਕਮਿਸ਼ਨਰ ਤੇ ਪੁਲਸ ਅਧਿਕਾਰੀਆਂ ਦੇ ਹੁਕਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਗਈਆਂ। ਗੌਰਤਲਬ ਹੈ ਕਿ ਡਿਪਟੀ ਕਮਿਸ਼ਨਰ ਤੇ ਪੰਜਾਬ ਪੁਲਸ ਦੇ ਸੀਨੀਅਰ ਅਧਿਕਾਰੀਆਂ ਵਲੋਂ ਸੂਬੇ 'ਚ ਏ. ਟੀ. ਐੱਮ. ਤੋੜਨ ਦੀਆਂ ਵੱਧ ਰਹੀਆਂ ਵਾਰਦਾਤਾਂ ਨੂੰ ਵੇਖਦੇ ਹੋਏ ਸਮੂਹ ਬੈਂਕ ਪ੍ਰਬੰਧਕਾਂ ਨੂੰ ਏ. ਟੀ. ਐੱਮ. ਕੇਂਦਰਾਂ ਦੇ ਬਾਹਰ ਸੁਰੱਖਿਆ ਗਾਰਡ ਤਾਇਨਾਤ ਕਰਨ ਦੇ ਦਿਸ਼ਾ-ਨਿਰਦੇਸ਼ ਦਿੱਤੇ ਹੋਏ ਹਨ ਪਰ ਇਸਦੇ ਬਾਵਜੂਦ ਵੀ ਅੱਜ ਐਤਵਾਰ ਦੇ ਦਿਨ ਜ਼ਿਆਦਾਤਰ ਏ. ਟੀ. ਐੱਮ. ਕੇਂਦਰ ਸੁਰੱਖਿਆ ਗਾਰਡਾਂ ਤੋਂ ਸੱਖਣੇ ਪਾਏ ਗਏ। 
ਕਈ ਏ. ਟੀ. ਐੱਮ. ਕੇਂਦਰਾਂ ਦੇ ਸ਼ਟਰ ਬੰਦ ਰਹਿਣ 'ਤੇ ਲੋਕ ਹੋਏ ਪ੍ਰਸ਼ਾਨ
ਸੋਮਵਾਰ ਨੂੰ ਰੱਖੜੀ ਦਾ ਦਿਹਾੜਾ ਹੋਣ ਕਾਰਨ ਅੱਜ ਐਤਵਾਰ ਨੂੰ ਸ਼ਹਿਰ ਦੇ ਬਾਜ਼ਾਰਾਂ 'ਚ ਚਹਿਲ-ਪਹਿਲ ਵੇਖਣ ਨੂੰ ਮਿਲੀ ਤੇ ਲੋਕਾਂ ਨੂੰ ਕਈ ਏ. ਟੀ. ਐੱਮ. ਕੇਂਦਰਾਂ ਦੇ ਦਰਵਾਜ਼ੇ ਬੰਦ ਹੋਣ ਕਾਰਨ ਐਮਰਜੈਂਸੀ ਦੀ ਹਾਲਤ 'ਚ ਨਕਦੀ ਲੈਣ ਲਈ ਦੂਰ-ਦੂਰ ਭਟਕਣਾ ਪਿਆ। ਸ਼ਹਿਰ ਸੁਲਤਾਨਪੁਰ ਲੋਧੀ 'ਚ ਅੱਜ ਪੰਜਾਬ ਨੈਸ਼ਨਲ ਬੈਂਕ ਚੌਕ ਚੇਲਿਆਂ ਵਾਲਾ ਏ. ਟੀ. ਐੱਮ. ਕੇਂਦਰ, ਸਿਵਲ ਹਸਪਤਾਲ ਮੂਹਰੇ ਸਿੰਡੀਕੇਟ ਬੈਂਕ ਦਾ ਏ. ਟੀ. ਐੱਮ., ਸਟੇਟ ਬੈਂਕ ਦਾ ਗੁ. ਬੇਰ ਸਾਹਿਬ ਰੋਡ ਤੇ ਏ. ਟੀ. ਐੱਮ. ਕੇਂਦਰ, ਕੈਪੀਟਲ ਬੈਂਕ ਦਾ ਏ. ਟੀ. ਐੱਮ. ਕੇਂਦਰ ਤੇ ਕਪੂਰਥਲਾ ਰੋਡ 'ਤੇ ਮਾਲਵਾ ਫਿਲਿੰਗ ਸਟੇਸ਼ਨ ਪੈਟਰੋਲ ਪੰਪ ਨੇੜਲਾ ਓ. ਬੀ. ਸੀ. ਬੈਂਕ ਦਾ ਏ. ਟੀ. ਐੱਮ. ਕੇਂਦਰ ਦੇ ਸ਼ਟਰ ਬੰਦ ਦੇਖੇ ਗਏ। ਜਿਸ ਕਾਰਨ ਆਮ ਜਨਤਾ ਨੂੰ ਕਾਫੀ ਪਰੇਸ਼ਾਨੀ ਹੋਈ।
ਕੀ ਕਹਿੰਦੇ ਹਨ ਡੀ. ਐੱਸ. ਪੀ.- ਇਸ ਸੰਬੰਧੀ ਡੀ. ਐੱਸ. ਪੀ. ਸੁਲਤਾਨਪੁਰ ਲੋਧੀ ਵਰਿਆਮ ਸਿੰਘ ਖਹਿਰਾ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਕਪੂਰਥਲਾ ਮੁਹੰਮਦ ਤਈਅਬ ਨੇ ਸਾਰੇ ਏ. ਟੀ. ਐੱਮ. ਕੇਂਦਰਾਂ 'ਤੇ ਸੁਰੱਖਿਆ ਗਾਰਡ ਲਾਜ਼ਮੀ ਰੱਖਣ ਦੇ ਸਖ਼ਤ ਹੁਕਮ ਜਾਰੀ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਪੁਲਸ ਵਲੋਂ ਡੀ. ਸੀ. ਸਾਹਿਬ ਦੇ ਹੁਕਮਾਂ ਨੂੰ ਨਜ਼ਰਅੰਦਾਜ਼ ਕਰਕੇ ਏ. ਟੀ. ਐੱਮ. 'ਤੇ ਗਾਰਡ ਨਾ ਰੱਖਣ ਵਾਲੇ ਪ੍ਰਬੰਧਕਾਂ ਖਿਲਾਫ ਨੋਟਿਸ ਦੇ ਕੇ ਕਾਰਵਾਈ ਕੀਤੀ ਜਾਵੇਗੀ।