ਮੋਰਨੀ ਗੈਂਗਰੇਪ : 7 ਹੋਰ ਮੁਲਜ਼ਮ ਗ੍ਰਿਫਤਾਰ

07/23/2018 4:51:52 AM

 ਪੰਚਕੂਲਾ/ਰਾਇਪੁਰਰਾਨੀ,    (ਚੰਦਨ, ਸੰਜੇ)-  ਲਵਲੀ ਗੈਸਟ ਹਾਊਸ ਗੈਂਗਰੇਪ ਮਾਮਲੇ ’ਚ ਪੁਲਸ ਨੇ ਕੰਡਾਈਵਾਲਾ ਪਿੰਡ ਤੋਂ ਸਾਹਿਬ ਸਿੰਘ ਨੂੰ ਗ੍ਰਿਫਤਾਰ ਕੀਤਾ। ਪੁਲਸ ਨੇ ਮੁਲਜ਼ਮ ਨੂੰ ਐਤਵਾਰ ਨੂੰ ਕੋਰਟ ’ਚ ਪੇਸ਼ ਕੀਤਾ, ਜਿਥੋਂ ਉਸਨੂੰ ਦੋ ਦਿਨ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਗਿਆ। ਉਥੇ ਹੀ ਦੇਰ ਸ਼ਾਮ ਪੁਲਸ ਨੇ ਇਸ ਮਾਮਲੇ ’ਚ 6 ਹੋਰ ਮੁਲਜ਼ਮਾਂ  ਨੂੰ ਗ੍ਰਿਫਤਾਰ ਕੀਤਾ ਹੈ।  ਇਨ੍ਹਾਂ ਦੀ ਪਛਾਣ ਸ਼ਹਿਜਾਦਪੁਰ ਜ਼ਿਲਾ ਅੰਬਾਲਾ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ, ਮਨਜੀਤ ਸਿੰਘ, ਪਿੰਡ ਕਾਠਗਡ਼੍ਹ ਦੇ ਸ਼ਾਦੀ ਰਾਮ, ਸਾਢੌਰਾ ਅੰਬਾਲੇ ਦੇ ਰਹਿਣ ਵਾਲੇ ਅਜੇ ਕੁਮਾਰ, ਅੰਬਾਲੇ ਦੇ ਹੀ ਕਰਨ ਸ਼ਰਮਾ ਤੇ ਨਾਰਾਇਣਗਡ਼੍ਹ ਦੇ ਰਹਿਣ ਵਾਲੇ ਵਿਕਾਸ ਉਰਫ ਵਿੱਕੀ  ਵਜੋਂ ਹੋਈ ਹੈ। ਪੁਲਸ ਨੇ ਮੁਲਜ਼ਮਾਂ ਖਿਲਾਫ  ਮਾਮਲਾ ਦਰਜ ਕੀਤਾ ਹੈ। ਸਾਰੇ  ਮੁਲਜ਼ਮਾਂ  ਨੂੰ ਸੋਮਵਾਰ ਨੂੰ  ਅਦਾਲਤ ’ਚ ਪੇਸ਼ ਕੀਤਾ ਜਾਵੇਗਾ। 
 ਉਥੇ ਹੀ ਇਸ ਮਾਮਲੇ ’ਚ ਨਜ਼ਦੀਕੀ ਪਿੰਡਾਂ ਦੇ ਨੌਜਵਾਨਾਂ  ਦੇ ਸ਼ਾਮਲ ਹੋਣ ਦੇ ਸੰਕੇਤ ਮਿਲੇ ਹਨ। ਮੁੱਖ  ਮੁਲਜ਼ਮ ਸੰਨੀ ਨੇ ਚਾਰ ਦਿਨਾਂ ’ਚ ਜ਼ਿਆਦਾਤਰ ਮੋਬਾਇਲ ਕਾਲਾਂ ਨਜ਼ਦੀਕੀ ਪਿੰਡਾਂ ਦੇ ਨੌਜਵਾਨਾਂ ਨੂੰ ਹੀ ਕੀਤੀਆਂ ਹਨ ।  ਪੁਲਸ ਵਲੋਂ ਸੰਨੀ ਦੇ ਮੋਬਾਇਲ ਫੋਨ ਦੀ ਕਾਲ ਡਿਟੇਲ ਖੰਘਾਲਣ  ’ਤੇ ਉਸ  ਵਿਚਲੀਅਾਂ  ਕਾਲਾਂ ਆਸ-ਪਾਸ ਦੇ ਪਿੰਡਾਂ ਦੇ ਨੌਜਵਾਨਾਂ ਦੀਆਂ ਹੀ ਨਿਕਲ  ਰਹੀਅਾਂ ਹਨ। ਇਸ ਤੋਂ ਇਲਾਵਾ ਗਣੇਸ਼ਪੁਰ,  ਟੱਪਰੀਆਂ, ਰਾਇਪੁਰਰਾਨੀ, ਬਿੱਲਾਹ ਆਦਿ ਪਿੰਡਾਂ ’ਤੇ ਵੀ ਪੁਲਸ ਦੀ ਨਜ਼ਰ ਹੈ।  

ਸੰਨੀ ਦੀ ਕਾਲ ਬਣੀ ‘ਕਾਲ’
 ਲਵਲੀ ਗੈਸਟ ਹਾਊਸ ਚਲਾਉਣ ਵਾਲੇ ਸੰਨੀ ਦੀ ਕਾਲ ਉਨ੍ਹਾਂ ਲੋਕਾਂ ਲਈ ‘ਕਾਲ’ ਬਣ ਚੁੱਕੀ ਹੈ ਜਿਨ੍ਹਾਂ  ਨੂੰ ਉਸਨੇ ਫੋਨ ਕਰਕੇ ਆਪਣੇ ਗੈਸਟ ਹਾਊਸ ’ਚ ਬੁਲਾਇਆ ਸੀ। ਰਾਇਪੁਰਰਾਨੀ-ਬਰਵਾਲਾ ਖੇਤਰ ’ਚ ਪੁਲਸ ਦੀ ਲਗਾਤਾਰ  ਤਫਤੀਸ਼ ਚੱਲ ਰਹੀ ਹੈ। ਸੰਨੀ ਨੇ ਚਾਰ ਦਿਨਾਂ ’ਚ ਜ਼ਿਆਦਾਤਰ ਫੋਨ ਰਾਇਪੁਰਰਾਨੀ ਤੇ ਬਰਵਾਲਾ ਖੇਤਰ ’ਚ ਕੀਤੇ।  
ਪੀਡ਼ਤਾ ਨੇ ਕੀਤੀ ਚੰਡੀਗਡ਼੍ਹ ਪੁਲਸ ਤੋਂ ਜਾਂਚ ਦੀ ਮੰਗ 
 ਉਥੇ ਹੀ ਗੈਂਗਰੇਪ ਪੀਡ਼ਤਾ ਨੇ ਮੰਗ ਕੀਤੀ ਕਿ ਉਸਦਾ ਕੇਸ ਪੰਚਕੂਲਾ ਪੁਲਸ ਤੋਂ ਲੈ ਕੇ ਚੰਡੀਗਡ਼੍ਹ ਪੁਲਸ ਨੂੰ ਸੌਂਪਿਆ ਜਾਵੇ। ਉਹ ਪੰਚਕੂਲਾ ਪੁਲਸ ਦੀ ਕਾਰਵਾਈ ਤੋਂ  ਸੰਤੁਸ਼ਟ ਨਹੀਂ ਹੈ ਤੇ ਨਾ ਹੀ ਉਸਨੂੰ ਪੰਚਕੂਲਾ ਪੁਲਸ ਦੀ ਕਾਰਵਾਈ ’ਤੇ ਵਿਸ਼ਵਾਸ ਹੈ। ਪੀਡ਼ਤਾ ਨੇ ਦੱਸਿਆ ਕਿ ਉਹ ਛੇਤੀ ਹੀ ਇਸ ਸਬੰਧੀ ਚੰਡੀਗਡ਼੍ਹ ਪੁਲਸ  ਦੇ ਵੱਡੇ ਅਫਸਰਾਂ ਨੂੰ ਮਿਲੇਗੀ।  
ਪੁਲਸ ਕਰਮਚਾਰੀ ਨੇ ਨੋਟ ’ਤੇ ਲਿਖਿਆ ਸੀ ਮੋਬਾਇਲ ਨੰਬਰ
 ਪੀਡ਼ਤਾ ਨੇ ਦੱਸਿਆ ਕਿ ਮੁਲਜ਼ਮ  ਸੰਨੀ ਨੇ ਹੀ ਉਸਦੀ ਮੁਲਾਕਾਤ ਪੁਲਸ ਕਰਮਚਾਰੀ ਨਾਲ ਕਰਵਾਈ ਸੀ। ਕਰਮਚਾਰੀ ਨੇ ਲਿਪਸਟਿਕ ਨਾਲ 50 ਦੇ ਨੋਟ ’ਤੇ ਆਪਣਾ ਮੋਬਾਇਲ ਨੰਬਰ ਲਿਖ ਕੇ ਦਿੱਤਾ ਸੀ। ਇਹ ਨੋਟ ਉਸਦੇ ਪਤੀ ਨੂੰ ਕੱਪਡ਼ੇ ਧੋਂਦੇ ਹੋਏ ਮਿਲਿਆ ਸੀ।  ਪੁਲਸ ਕਰਮਚਾਰੀ ਨੇ ਉਸਨੂੰ ਦੱਸਿਆ ਸੀ ਕਿ ਉਹ ਡੇਰਾਬੱਸੀ ’ਚ ਤਾਇਨਾਤ ਹੈ। ਪੀਡ਼ਤਾ ਨੇ ਨੋਟ ਬਾਰੇ ਪੰਚਕੂਲਾ ਪੁਲਸ ਨੂੰ ਵੀ ਜਾਣਕਾਰੀ ਦਿੱਤੀ ਹੈ। ਉਥੇ ਹੀ ਪੀਡ਼ਤਾ ਜਿਥੇ ਇਸ ਸਮੇਂ ਰਹਿ ਰਹੀ ਹੈ, ਉਸਦੇ ਮਕਾਨ ਮਾਲਕ ਨੇ ਵੀ ਉਸਨੂੰ ਕਮਰਾ ਖਾਲੀ ਕਰਨ ਲਈ ਅਾਖ ਦਿੱਤਾ ਹੈ।  ਪੀਡ਼ਤਾ ਦੇ ਪਤੀ ਨੇ ਦੱਸਿਆ ਕਿ ਉਸਦੇ ਘਰ ਵਾਰ-ਵਾਰ ਲੋਕਾਂ ਦੇ ਆਉਣ ਕਾਰਨ ਉਨ੍ਹਾਂ ਨੂੰ ਕਮਰਾ ਖਾਲੀ ਕਰਨ ਨੂੰ ਕਿਹਾ ਗਿਆ ਹੈ।  
ਪਿੰਡ ਵਾਸੀਆਂ ਨੇ 8 ਮਹੀਨੇ ਪਹਿਲਾਂ ਡੀ. ਸੀ. ਨੂੰ ਦਿੱਤੀ ਸੀ ਗ਼ੈਰ-ਕਾਨੂੰਨੀ ਗਤੀਵਿਧੀਆਂ ਦੀ ਸ਼ਿਕਾਇਤ
 ਕੰਡਾਈਵਾਲਾ, ਮੁਰਾਦ ਨਗਰ ਸਮੇਤ 6  ਪਿੰਡਾਂ ਦੇ ਲੋਕਾਂ ਨੇ 8 ਮਹੀਨੇ ਪਹਿਲਾਂ ਡੀ. ਸੀ. ਨੂੰ ਇਕ ਸ਼ਿਕਾਇਤ ਦੇ ਕੇ ਮੰਗ ਚੁੱਕੀ ਸੀ ਕਿ ਮੋਰਨੀ ਦੇ ਗੈਸਟ ਹਾਊਸਾਂ ’ਚ ਗੈਰ-ਕਾਨੂੰਨੀ ਗਤੀਵਿਧੀਆਂ ਕਾਰਨ ਪਿੰਡਾਂ ’ਚ ਮਾਹੌਲ ਵਿਗਡ਼ ਰਿਹਾ ਹੈ। ਬੇਟੀਆਂ ਦਾ ਸਕੂਲ ਤੋਂ ਆਉਣਾ-ਜਾਣਾ ਮੁਸ਼ਕਲ ਹੋ ਗਿਆ ਹੈ ਪਰ ਉਸ ਸਮੇਂ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ।