ਸਵਾਈਨ ਫਲੂ ਨੇ ਜ਼ਿਲੇ ''ਚ ਦਿੱਤੀ ਦਸਤਕ, ਦਰਜਨ ਤੋਂ ਵੱਧ ਮਰੀਜ਼ ਦਾਖਲ

08/19/2017 7:04:38 AM

ਅੰਮ੍ਰਿਤਸਰ,(ਦਲਜੀਤ)- ਸਵਾਈਨ ਫਲੂ ਨੇ ਜ਼ਿਲਾ ਅੰਮ੍ਰਿਤਸਰ 'ਚ ਦਸਤਕ ਦੇ ਦਿੱਤੀ ਹੈ। ਸਵਾਈਨ ਫਲੂ ਦੇ ਲੱਛਣਾਂ ਵਾਲੇ ਦਰਜਨ ਤੋਂ ਵੱਧ ਮਰੀਜ਼ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਹਨ। ਰੋਗ ਨੂੰ ਲੈ ਕੇ ਜਿਥੇ ਲੋਕਾਂ ਵਿਚ ਭਾਰੀ ਦਹਿਸ਼ਤ ਪਾਈ ਜਾ ਰਹੀ ਹੈ, ਉਥੇ ਹੀ ਸਿਹਤ ਵਿਭਾਗ ਵੱਲੋਂ ਮਰੀਜ਼ਾਂ ਲਈ ਸਿਵਲ ਹਸਪਤਾਲ ਅਤੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਆਈਸੂਲੇਸ਼ਨ ਵਾਰਡ ਬਣਾ ਦਿੱਤੇ ਗਏ ਹਨ। ਸਾਲ 2015 ਵਿਚ ਸਵਾਈਨ ਫਲੂ ਨਾਲ ਪੀੜਤ 6 ਮਰੀਜ਼ਾਂ ਦੀ ਜ਼ਿਲੇ ਵਿਚ ਮੌਤ ਹੋਈ ਸੀ।
ਜਾਣਕਾਰੀ ਅਨੁਸਾਰ ਸਵਾਈਨ ਫਲੂ ਦਾ ਐੱਚ-1, ਐੱਨ-1 ਵਾਇਰਸ ਤੇਜ਼ੀ ਨਾਲ ਪੰਜਾਬ ਵਿਚ ਫੈਲ ਰਿਹਾ ਹੈ। ਪੰਜਾਬ 'ਚ ਹੁਣ ਤੱਕ 80 ਸਵਾਈਨ ਫਲੂ ਨਾਲ ਪੀੜਤ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚੋਂ 10 ਦੇ ਕਰੀਬ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਅੰਮ੍ਰਿਤਸਰ ਜ਼ਿਲੇ ਦੀ ਗੱਲ ਕਰੀਏ ਤਾਂ ਉਕਤ ਰੋਗ ਆਪਣੇ ਪੈਰ ਪਸਾਰ ਰਿਹਾ ਹੈ।
ਜ਼ਿਲੇ ਦੇ ਅੱਧੀ ਦਰਜਨ ਪ੍ਰਾਈਵੇਟ ਹਸਪਤਾਲਾਂ ਵਿਚ ਸਵਾਈਨ ਫਲੂ ਦੇ ਲੱਛਣਾਂ ਵਾਲੇ ਮਰੀਜ਼ ਦਾਖਲ ਹਨ। ਮਰੀਜ਼ਾਂ ਦੀ ਵੱਧ ਰਹੀ ਸੰਖਿਆ ਨੂੰ ਲੈ ਕੇ ਸਿਹਤ ਵਿਭਾਗ ਵੱਲੋਂ ਵੀ ਪ੍ਰਬੰਧ ਪੂਰੇ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ। ਪ੍ਰਾਈਵੇਟ ਹਸਪਤਾਲਾਂ ਨਾਲ ਸਿਹਤ ਵਿਭਾਗ ਵੱਲੋਂ ਸੰਪਰਕ ਬਣਾ ਕੇ ਸਵਾਈਨ ਫਲੂ ਦਾ ਫ੍ਰੀ ਟੈਸਟ ਮੈਡੀਕਲ ਕਾਲਜ ਤੋਂ ਕਰਵਾਇਆ ਜਾ ਰਿਹਾ ਹੈ।