5 ਹਜ਼ਾਰ ਤੋਂ ਵੱਧ ਟੀਚਰਾਂ ਨੂੰ ਵੱਡਾ ਤੋਹਫਾ, ਪੂਰੀ ਤਨਖਾਹ ਨਾਲ ਹੋਣਗੇ ਪੱਕੇ

01/14/2019 8:29:10 AM

ਅੰਮ੍ਰਿਤਸਰ— ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਫਰਵਰੀ ਤੋਂ 5,178 ਅਧਿਆਪਕਾਂ ਨੂੰ ਪੂਰੀ ਤਨਖਾਹ 'ਤੇ ਪੱਕੇ ਕਰਨ ਦਾ ਐਲਾਨ ਕੀਤਾ ਹੈ।ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਦਾ ਪੱਧਰ ਉਚਾ ਚੁੱਕਣ ਲਈ ਲਗਾਤਾਰ ਯਤਨਸ਼ੀਲ ਹੈ ਅਤੇ ਇਸੇ ਲੜੀ ਅਧੀਨ ਇਨ੍ਹਾਂ ਅਧਿਆਪਕਾਂ ਨੂੰ ਪੱਕੇ ਕੀਤਾ ਜਾ ਰਿਹਾ ਹੈ।ਸੋਨੀ ਨੇ ਦੱਸਿਆ ਕਿ ਸਕੂਲਾਂ 'ਚ ਬੱਚਿਆਂ ਨੂੰ ਪੜ੍ਹਾ ਰਹੇ ਸਿੱਖਿਆ ਪ੍ਰੋਵਾਈਡਰ ਅਤੇ ਵਾਲੰਟੀਅਰ ਅਧਿਆਪਕਾਂ ਦੀ ਤਨਖਾਹ ਵਿਚ ਵੀ ਅਗਲੇ ਮਹੀਨੇ ਤੋਂ 1500 ਰੁਪਏ ਪ੍ਰਤੀ ਮਹੀਨੇ ਦਾ ਵਾਧਾ ਕੀਤਾ ਜਾ ਰਿਹਾ ਹੈ।


ਮੰਤਰੀ ਨੇ ਕਿਹਾ ਕਿ ਬੀਤੇ ਸਮੇਂ ਅਧਿਆਪਕ ਸੰਗਠਨਾਂ ਦੇ ਧਰਨੇ ਅਤੇ ਵਿਰੋਧ ਪ੍ਰਦਰਸ਼ਨ 'ਚ ਹਿੱਸਾ ਲੈਣ ਵਾਲੇ ਜਿਨ੍ਹਾਂ ਅਧਿਆਪਕਾਂ ਨੂੰ ਮੁਅਤਲ ਕੀਤਾ ਗਿਆ ਸੀ, ਉਨ੍ਹਾਂ ਨੂੰ ਵੀ ਬਹਾਲ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇੰਨਾ ਹੀ ਨਹੀਂ ਜਿਨ੍ਹਾਂ ਅਧਿਆਪਕਾਂ ਦੀ ਡਿਊਟੀ ਦੂਰ-ਦੁਰਾਡੇ ਦੇ ਇਲਾਕਿਆਂ ਵਿਚ ਲਗਾਈ ਸੀ, ਉਹ ਹੁਕਮ ਵੀ ਰੱਦ ਕਰ ਦਿੱਤੇ ਗਏ ਹਨ। ਇਹ ਸਭ ਅਧਿਆਪਕ ਆਪਣੀ ਡਿਊਟੀ ਉਨ੍ਹਾਂ ਪੁਰਾਣੇ ਸਕੂਲਾਂ 'ਚ ਕਰਨਗੇ ਜਿੱਥੇ ਉਹ ਧਰਨੇ ਤੋਂ ਪਹਿਲਾਂ ਕੰਮ ਕਰ ਰਹੇ ਸਨ।

ਸਿੱਖਿਅ ਮੰਤਰੀ ਨੇ ਕਿਹਾ ਕਿ ਅਧਿਆਪਕ ਸੰਗਠਨ ਆਪਣੀਆਂ ਮੰਗਾਂ ਦੇ ਸਮਰਥਨ 'ਚ ਮੁੱਖ ਮੰਤਰੀ ਨੂੰ ਮਿਲਣ ਨੂੰ ਤਿਆਰ ਹਨ ਪਰ ਇਸ ਗੱਲ ਦਾ ਭਰੋਸਾ ਨਹੀਂ ਦੇ ਰਹੇ ਹਨ ਕਿ ਉਨ੍ਹਾਂ ਨਾਲ ਹੋਣ ਵਾਲੀ ਬੈਠਕ ਤੋਂ ਬਾਅਦ ਉਹ ਧਰਨੇ ਛੱਡ ਕੇ ਬੱਚਿਆਂ ਦੀ ਪੜ੍ਹਾਈ ਵੱਲ ਧਿਆਨ ਦੇਣਗੇ। ਮੰਤਰੀ ਨੇ ਸਪੱਸ਼ਟ ਕੀਤਾ ਕਿ ਬਤੌਰ ਸਿੱਖਿਆ ਮੰਤਰੀ ਉਨ੍ਹਾਂ ਨੇ ਕਦੇ ਵੀ ਅਧਿਆਪਕਾਂ ਦੀ ਤਨਖਾਹ ਵਧਾਉਣ ਦਾ ਵਾਅਦਾ ਨਹੀਂ ਕੀਤਾ, ਚਾਹੇ ਕੋਈ ਵੀ ਵੀਡੀਓ ਜਾਂ ਆਡੀਓ ਰਿਕਾਰਡਿੰਗ ਦੇਖ ਲਈ ਜਾਵੇ ਕਿਉਂਕਿ ਇਹ ਫੈਸਲਾ ਕੈਬਨਿਟ ਦਾ ਸੀ। ਉਨ੍ਹਾਂ ਕਿਹਾ ਕਿ ਜੋ ਅਧਿਆਪਕ, ਮੁੱਖ ਅਧਿਆਪਕ, ਪ੍ਰਿੰਸੀਪਲ ਅਤੇ ਹੋਰ ਸਿੱਖਿਆ ਅਧਿਕਾਰੀ ਚੰਗਾ ਕੰਮ ਕਰਨਗੇ, ਉਨ੍ਹਾਂ ਦੀ ਮੁਲਾਕਾਤ ਮੁੱਖ ਮੰਤਰੀ ਨਾਲ ਕਰਾਈ ਜਾਵੇਗੀ ਅਤੇ ਗਣਤੰਤਰ ਦਿਵਸ ਤੇ ਆਜ਼ਾਦੀ ਦਿਹਾੜੇ 'ਤੇ ਹੋਣ ਵਾਲੇ ਸਮਾਗਮ 'ਚ ਸਨਮਾਨਿਤ ਵੀ ਕੀਤਾ ਜਾਵੇਗਾ।