ਜਿਮਖਾਨਾ ਕਲੱਬ ਚੋਣਾਂ ’ਚ ਹੋਣਗੇ 4 ਹਜ਼ਾਰ ਤੋਂ ਵੱਧ ਵੋਟਰ, ਅੱਜ ਫਾਈਨਲ ਹੋਵੇਗੀ ਲਿਸਟ

02/18/2024 11:11:25 AM

ਜਲੰਧਰ (ਖੁਰਾਣਾ)–10 ਮਾਰਚ ਨੂੰ ਹੋਣ ਜਾ ਰਹੀਆਂ ਜਲੰਧਰ ਜਿਮਖਾਨਾ ਕਲੱਬ ਦੀਆਂ ਚੋਣਾਂ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਇਸ ਵਾਰ ਕਲੱਬ ਵਿਚ ਪਹਿਲੀ ਵਾਰ ਰਿਕਾਰਡ ਗਿਣਤੀ ਵਿਚ ਯਾਨੀ 4000 ਤੋਂ ਵੱਧ ਵੋਟਰ ਆਪਣੀ ਵੋਟ ਦੀ ਵਰਤੋਂ ਕਰਨਗੇ ਅਤੇ 14 ਪ੍ਰਤੀਨਿਧੀ ਚੁਣਨਗੇ, ਜਿਨ੍ਹਾਂ ਵਿਚ 10 ਐਗਜ਼ੀਕਿਊਟਿਵ ਮੈਂਬਰ ਅਤੇ 4 ਅਹੁਦੇਦਾਰ ਹੋਣਗੇ। ਸ਼ਨੀਵਾਰ ਬਕਾਇਆ ਜਮ੍ਹਾ ਕਰਵਾਉਣ ਦੀ ਆਖਰੀ ਤਾਰੀਖ਼ ਸੀ, ਜਿਸ ਦੌਰਾਨ ਭਾਰੀ ਗਿਣਤੀ ਵਿਚ ਕਲੱਬ ਮੈਂਬਰਾਂ ਨੇ ਆਪਣੇ ਬਕਾਏ ਕਲੀਅਰ ਕੀਤੇ। ਹੁਣ ਕਲੱਬ ਮੈਨੇਜਮੈਂਟ ਵੱਲੋਂ ਵੋਟਰ ਲਿਸਟ ਫਾਈਨਲ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਸ ਵਿਚ ਇਸ ਲਈ ਦੇਰੀ ਹੋ ਰਹੀ ਹੈ ਕਿਉਂਕਿ ਜ਼ਿਆਦਾਤਰ ਕਲੱਬ ਮੈਂਬਰਾਂ ਨੇ ਆਨਲਾਈਨ ਪੈਸੇ ਜਮ੍ਹਾ ਕਰਵਾਏ ਹਨ।

ਚੋਣਾਂ ਦੀ ਗੱਲ ਕਰੀਏ ਤਾਂ ਸਭ ਤੋਂ ਪ੍ਰਮੁੱਖ ਅਹੁਦਾ ਆਨਰੇਰੀ ਸੈਕਟਰੀ ਦਾ ਮੰਨਿਆ ਜਾਂਦਾ ਹੈ। ਇਸ ਦੇ ਇਲਾਵਾ ਜੂਨੀਅਰ ਵਾਈਸ ਪ੍ਰੈਜ਼ੀਡੈਂਟ, ਜੁਆਇੰਟ ਸੈਕਟਰੀ ਅਤੇ ਖਜ਼ਾਨਚੀ ਅਹੁਦੇ ਦੀ ਚੋਣ ਹੋਣੀ ਹੈ। ਕਲੱਬ ਦੇ ਹਰ ਮੈਂਬਰ ਨੂੰ 14 ਵੋਟਾਂ ਪਾਉਣ ਦਾ ਅਧਿਕਾਰ ਹੈ। ਇਸ ਹਿਸਾਬ ਨਾਲ ਕੁੱਲ ਵੋਟਾਂ ਦੀ ਗਿਣਤੀ 56000 ਬਣਦੀ ਹੈ ਪਰ ਕਈ ਮੈਂਬਰ ਐਗਜ਼ੀਕਿਊਟਿਵ ਚੋਣ ਲਈ ਪੂਰੀਆਂ ਵੋਟਾਂ ਦੀ ਵਰਤੋਂ ਨਹੀਂ ਕਰਦੇ, ਇਸ ਲਈ ਕਲੱਬ ਚੋਣਾਂ ਵਿਚ ਲਗਭਗ 50 ਹਜ਼ਾਰ ਵੋਟਾਂ ਪਾਈਆਂ ਜਾਣਗੀਆਂ।

ਇਹ ਵੀ ਪੜ੍ਹੋ: ਸ਼ਰਾਬ ਠੇਕੇਦਾਰਾਂ ਲਈ ਅਹਿਮ ਖ਼ਬਰ, ਨਵੀਂ ਆਬਕਾਰੀ ਨੀਤੀ ਤਹਿਤ ਸਰਕਾਰ ਬਣਾ ਰਹੀ ਇਹ ਯੋਜਨਾ

ਇਸ ਵਾਰ ਐਗਜ਼ੀਕਿਊਟਿਵ ਅਹੁਦੇ ’ਤੇ ਹੋਣਗੇ ਸਖ਼ਤ ਮੁਕਾਬਲੇ
ਹਰ ਵਾਰ ਕਲੱਬ ਵਿਚ ਐਗਜ਼ੀਕਿਊਟਿਵ ਅਹੁਦੇ ਲਈ 15-16 ਉਮੀਦਵਾਰ ਖੜ੍ਹੇ ਹੁੰਦੇ ਹਨ, ਜਿਨ੍ਹਾਂ ਵਿਚੋਂ 10 ਚੁਣ ਕੇ ਆ ਜਾਂਦੇ ਹਨ। ਇਸ ਵਾਰ ਵੀ ਵਧੇਰੇ ਧੁਰੰਦਰ ਖਿਡਾਰੀ ਹੀ ਦੁਬਾਰਾ ਮੈਦਾਨ ਵਿਚ ਡਟ ਗਏ ਹਨ, ਜਿਨ੍ਹਾਂ ਵਿਚ ਪ੍ਰੋ. ਵਿਪਨ ਝਾਂਜੀ, ਸ਼ਾਲੀਨ ਜੋਸ਼ੀ, ਐੱਮ. ਬੀ. ਬਾਲੀ, ਨਿਤਿਨ ਬਹਿਲ, ਨਿਤਿਨ ਗੁਪਤਾ, ਅਤੁਲ ਤਲਵਾੜ, ਹਰਪ੍ਰੀਤ ਗੋਲਡੀ, ਜਗਜੀਤ ਕੰਬੋਜ, ਮੋਨੂੰ ਪੁਰੀ, ਮਹਿੰਦਰ ਸਿੰਘ, ਸੀ. ਏ. ਰਾਜੀਵ ਬਾਂਸਲ ਅਤੇ ਐਡਵੋਕੇਟ ਗੁਨਦੀਪ ਸੋਢੀ ਸ਼ਾਮਲ ਹਨ। ਇਹ ਸਾਰੇ ਅਜਿਹੇ ਉਮੀਦਵਾਰ ਹਨ, ਜਿਹੜੇ ਪਹਿਲਾਂ ਵੀ ਚੋਣ ਮੈਦਾਨ ਵਿਚ ਉਤਰ ਚੁੱਕੇ ਹਨ। ਇਸ ਵਾਰ ਫ੍ਰੈੱਸ਼ ਫੇਸ ਵਜੋਂ ਸੁਮਿਤ ਰੱਲ੍ਹਣ, ਕਰਣ ਅਗਰਵਾਲ ਅਤੇ ਮਹਿਲਾ ਉਮੀਦਵਾਰ ਸੁਖਪ੍ਰੀਤ ਕੌਰ ਭਾਟੀਆ ਸ਼ਾਮਲ ਹਨ। ਇਸ ਕਾਰਨ ਮੰਨਿਆ ਜਾ ਰਿਹਾ ਹੈ ਕਿ 15 ਉਮੀਦਵਾਰਾਂ ਵਿਚੋਂ 10 ਦਾ ਜੇਤੂ ਹੋਣਾ ਕਾਫੀ ਚੁਣੌਤੀਪੂਰਨ ਹੋਵੇਗਾ ਅਤੇ ਸਖ਼ਤ ਮੁਕਾਬਲਾ ਵੇਖਣ ਨੂੰ ਮਿਲੇਗਾ।

ਇਸ ਵਾਰ ਪ੍ਰੋਗਰੈਸਿਵ ਦੇ ਉਮੀਦਵਾਰ ਹੋਣਗੇ ਐਜੂਕੇਸ਼ਨਿਸਟ ਮਹਿੰਦਰ ਸਿੰਘ
2 ਸਾਲ ਪਹਿਲਾਂ ਹੋਈਆਂ ਜਿਮਖਾਨਾ ਕਲੱਬ ਦੀਆਂ ਚੋਣਾਂ ਵਿਚ ਪਹਿਲੀ ਵਾਰ ਮੈਦਾਨ ਵਿਚ ਉਤਰ ਕੇ ਸੋਮਰਸੈਟ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਅਤੇ ਪ੍ਰਸਿੱਧ ਐਜੂਕੇਸ਼ਨਿਸਟ ਮਹਿੰਦਰ ਸਿੰਘ ਨੇ 1181 ਵੋਟਾਂ ਹਾਸਲ ਕਰ ਕੇ ਐਗਜ਼ੀਕਿਊਟਿਵ ਵਿਚ ਪੰਜਵਾਂ ਸਥਾਨ ਪ੍ਰਾਪਤ ਕੀਤਾ ਸੀ। ਪਿਛਲੀ ਵਾਰ ਉਹ ਅਚੀਵਰਸ ਗਰੁੱਪ ਵੱਲੋਂ ਚੋਣ ਲੜੇ ਸਨ ਪਰ ਇਸ ਵਾਰ ਉਨ੍ਹਾਂ ਪ੍ਰੋਗਰੈਸਿਵ ਗਰੁੱਪ ਦਾ ਸਾਥ ਦਿੰਦੇ ਹੋਏ ਉਨ੍ਹਾਂ ਵੱਲੋਂ ਐਗਜ਼ੀਕਿਊਟਿਵ ਲੜਨ ਦਾ ਫੈਸਲਾ ਲਿਆ ਹੈ।

ਇਹ ਵੀ ਪੜ੍ਹੋ:  CBI ਦਾ ਵੱਡਾ ਐਕਸ਼ਨ, ਜਲੰਧਰ 'ਚ ਪਾਸਪੋਰਟ ਦਫ਼ਤਰ ਦੇ 3 ਅਧਿਕਾਰੀ ਗ੍ਰਿਫ਼ਤਾਰ, 25 ਲੱਖ ਰੁਪਏ ਬਰਾਮਦ

ਜਿੱਤ ਦੀ ਪ੍ਰਾਪਤੀ ਤੋਂ ਬਾਅਦ ਸਿਰਫ ਰਾਜੂ ਸਿੱਧੂ ਨੇ ਕੀਤਾ ਕਲੱਬ ਚੋਣਾਂ ਤੋਂ ਕਿਨਾਰਾ
ਜਿਮਖਾਨਾ ਕਲੱਬ ਦੇ ਪ੍ਰਸਿੱਧ ਮੈਂਬਰ ਰਾਜੂ ਸਿੱਧੂ ਨੇ ਪਿਛਲੀ ਵਾਰ ਜਿਮਖਾਨਾ ਕਲੱਬ ਚੋਣਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 1246 ਵੋਟਾਂ ਪ੍ਰਾਪਤ ਕਰ ਕੇ ਐਗਜ਼ੀਕਿਊਟਿਵ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਸ਼ਾਲੀਨ ਜੋਸ਼ੀ, ਮਹਿੰਦਰ ਸਿੰਘ, ਨਿਖਿਲ ਗੁਪਤਾ, ਹਰਪ੍ਰੀਤ ਸਿੰਘ ਗੋਲਡੀ, ਰਾਜੀਵ ਬਾਂਸਲ, ਅਤੁਲ ਤਲਵਾੜ ਅਤੇ ਐਡਵੋਕੇਟ ਗੁਨਦੀਪ ਸੋਢੀ ਤੋਂ ਵੱਧ ਵੋਟਾਂ ਪ੍ਰਾਪਤ ਕੀਤੀਆਂ ਸਨ। ਇਸ ਵਾਰ ਵੀ ਉਨ੍ਹਾਂ ਨੂੰ ਐਗਜ਼ੀਕਿਊਟਿਵ ਦਾ ਮਜ਼ਬੂਤ ਉਮੀਦਵਾਰ ਮੰਨਿਆ ਜਾ ਰਿਹਾ ਸੀ ਪਰ ਰਾਜੂ ਸਿੱਧੂ ਇਕਲੌਤੇ ਅਜਿਹੇ ਚੁਣੇ ਹੋਏ ਪ੍ਰਤੀਨਿਧੀ ਨਿਕਲੇ, ਜਿਨ੍ਹਾਂ ਨੇ ਜਿੱਤ ਦੀ ਪ੍ਰਾਪਤੀ ਦੇ ਬਾਵਜੂਦ ਜਿਮਖਾਨਾ ਕਲੱਬ ਚੋਣਾਂ ਤੋਂ ਹੀ ਕਿਨਾਰਾ ਕਰ ਲਿਆ ਅਤੇ ਇਸ ਵਾਰ ਚੋਣ ਲੜਨ ਤੋਂ ਤੌਬਾ ਕੀਤੀ।

ਲੋਕ ਸਭਾ ਦਾ ਇਲੈਕਸ਼ਨ ਕੋਡ ਲੱਗਾ ਤਾਂ ਸ਼ਾਇਦ ਹੀ ਹੋਣ ਜਿਮਖਾਨਾ ਚੋਣਾਂ
10 ਮਾਰਚ ਨੂੰ ਹੋਣ ਜਾ ਰਹੀਆਂ ਜਿਮਖਾਨਾ ਕਲੱਬ ਚੋਣਾਂ ਦੇ ਸਿਲਸਿਲੇ ਵਿਚ ਰਿਟਰਨਿੰਗ ਅਫਸਰ ਨੇ ਕੰਡੀਸ਼ਨਲ ਚੋਣ ਸ਼ਡਿਊਲ ਜਾਰੀ ਕਰ ਿਦੱਤਾ ਹੈ। ਚੋਣਾਵੀ ਸ਼ਡਿਊਲ ਵਿਚ ਸਪੱਸ਼ਟ ਰੂਪ ਨਾਲ ਲਿਖਿਆ ਗਿਆ ਹੈ ਕਿ ਲੋਕ ਸਭਾ ਚੋਣਾਂ ਸਬੰਧੀ ਲੱਗਣ ਵਾਲੇ ਕੋਡ ਆਫ ਕੰਡਕਟ ਨੂੰ ਦੇਖਦੇ ਹੋਏ ਹਾਲਾਤ ਅਨੁਸਾਰ ਚੋਣਾਂ ਕਰਵਾਈਆਂ ਜਾਣਗੀਆਂ। ਜਾਰੀ ਹੋਣ ਸ਼ਡਿਊਲ ਦੇ ਅਨੁਸਾਰ 18 ਫਰਵਰੀ ਨੂੰ ਵੋਟਰ ਲਿਸਟ ਫਾਈਨਲ ਕਰ ਦਿੱਤੀ ਜਾਵੇਗੀ ਅਤੇ ਇਸ ਨੂੰ ਕਲੱਬ ਐਪ ਅਤੇ ਨੋਟਿਸ ਬੋਰਡ ’ਤੇ ਪਾ ਦਿੱਤਾ ਜਾਵੇਗਾ। ਇਸ ਵੋਟਰ ਲਿਸਟ ’ਤੇ ਇਤਰਾਜ਼ ਆਦਿ ਸੁਣਨ ਤੋਂ ਬਾਅਦ 29 ਫਰਵਰੀ ਤਕ ਡੀ. ਸੀ. ਆਫਿਸ ਵੱਲੋਂ ਇਨ੍ਹਾਂ ਦਾ ਨਿਪਟਾਰਾ ਹੋਵੇਗਾ।

ਇਹ ਵੀ ਪੜ੍ਹੋ:  ਭਰਾ ਨਾਲ ਜਾ ਰਹੇ 14 ਸਾਲਾ ਬੱਚੇ ਦੇ ਗਲੇ 'ਚ ਫਸੀ ਚਾਈਨਾ ਡੋਰ, ਕੱਟੀਆਂ ਗਈਆਂ ਨਾੜਾਂ, ਹੋਈ ਦਰਦਨਾਕ ਮੌਤ

ਜਾਰੀ ਸ਼ਡਿਊਲ ਅਨੁਸਾਰ 25 ਫਰਵਰੀ ਨੂੰ ਨੋਟਿਸ ਆਫ਼ ਇਲੈਕਸ਼ਨ ਜਾਰੀ ਕੀਤਾ ਜਾਵੇਗਾ ਅਤੇ 25 ਫਰਵਰੀ ਤੋਂ ਪਹਿਲੀ ਮਾਰਚ ਤਕ ਨਾਮਜ਼ਦਗੀ ਕਾਗਜ਼ ਭਰੇ ਜਾ ਸਕਣਗੇ। 2 ਮਾਰਚ ਨੂੰ ਨਾਮਜ਼ਦਗੀ ਕਾਗਜ਼ਾਂ ਦੀ ਸਕਰੂਟਨੀ ਹੋਵੇਗੀ ਅਤੇ ਉਸੇ ਦਿਨ ਯੋਗ ਉਮੀਦਵਾਰਾਂ ਦੇ ਨਾਂ ਨੋਟਿਸ ਬੋਰਡ ’ਤੇ ਡਿਸਪਲੇਅ ਕਰ ਦਿੱਤੇ ਜਾਣਗੇ। 4 ਮਾਰਚ ਤਕ ਨਾਂ ਵਾਪਸ ਲਏ ਜਾ ਸਕਦੇ ਹਨ। 5 ਮਾਰਚ ਨੂੰ ਕਲੱਬ ਦੇ ਮੇਨ ਲਾਅਨ ਏਰੀਆ ਵਿਚ ਸਾਰੇ ਉਮੀਦਵਾਰਾਂ ਦੀ ਪ੍ਰੈਜ਼ੈਂਟੇਸ਼ਨ ਹੋਵੇਗੀ ਅਤੇ 9 ਮਾਰਚ ਨੂੰ ਸਵੇਰੇ 8 ਵਜੇ ਚੋਣ ਪ੍ਰਚਾਰ ਬੰਦ ਹੋ ਜਾਵੇਗਾ। 10 ਮਾਰਚ ਨੂੰ ਸਵੇਰੇ 8 ਤੋਂ ਸ਼ਾਮ 5 ਵਜੇ ਤਕ ਵੋਟਿੰਗ ਹੋਵੇਗੀ ਅਤੇ ਉਸ ਤੋਂ ਤੁਰੰਤ ਬਾਅਦ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। ਉਸੇ ਰਾਤ ਨਤੀਜੇ ਵੀ ਐਲਾਨ ਦਿੱਤੇ ਜਾਣਗੇ।
ਇਹ ਵੀ ਪੜ੍ਹੋ: ਜਲੰਧਰ 'ਚ ਵੱਡੀ ਵਾਰਦਾਤ: ਤੇਜ਼ਧਾਰ ਹਥਿਆਰ ਵਿਖਾ ਲੁਟੇਰਿਆਂ ਨੇ ਕਾਰੋਬਾਰੀ ਤੋਂ ਲੁੱਟੀ ਲੱਖਾਂ ਦੀ ਨਕਦੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 

shivani attri

This news is Content Editor shivani attri