ਕੇਸ਼ੋਪੁਰ ਛੰਭ ’ਚ ਪਹੁੰਚੇ 20 ਹਜ਼ਾਰ ਤੋਂ ਜ਼ਿਆਦਾ ਪ੍ਰਵਾਸੀ ਪੰਛੀ, ਕੁਦਰਤ ਨੂੰ ਚਾਰ ਚੰਨ ਲਾ ਰਹੇ ਵਿਦੇਸ਼ੋਂ ਆਏ ਮਹਿਮਾਨ

01/05/2024 6:23:27 PM

ਗੁਰਦਾਸਪੁਰ (ਹਰਮਨ)- ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਅੰਦਰ ਕੇਸ਼ੋਪੁਰ ਛੰਭ ਵਿਚ ਪ੍ਰਵਾਸੀ ਪੰਛੀਆਂ ਆਮਦ ਨਿਰੰਤਰ ਜਾਰੀ ਹੈ, ਜਿਥੇ ਇਸ ਸਾਲ ਹੁਣ ਤੱਕ 20 ਹਜ਼ਾਰ ਤੋਂ ਜ਼ਿਆਦਾ ਪ੍ਰਵਾਸੀ ਪੰਛੀ ਪਹੁੰਚ ਕੇ ਇਥੇ ਦੀ ਸੁੰਦਰਤਾ ਨੂੰ ਚਾਰ ਚੰਨ ਲਾ ਰਹੇ ਹਨ । ਅਜੇ ਵੀ ਠੰਡ ਦਾ ਮੌਸਮ ਹੋਣ ਕਾਰਨ ਪੰਛੀਆਂ ਦੀ ਆਮਦ ਜਾਰੀ ਹੈ, ਜਿਸ ਕਾਰਨ ਸਬੰਧਤ ਵਿਭਾਗ ਇਹ ਅਨੁਮਾਨ ਲਗਾ ਰਿਹਾ ਹੈ ਕਿ ਇਸ ਵਾਰ ਪੰਛੀਆਂ ਦੀ ਗਿਣਤੀ ਪਿਛਲੇ ਸਾਲਾਂ ਦੇ ਮੁਕਾਬਲੇ ਜ਼ਿਆਦਾ ਹੋ ਸਕਦੀ ਹੈ। ਦੱਸਣਯੋਗ ਹੈ ਕਿ ਇਹ ਛੰਭ ਕਰੀਬ 850 ਏਕੜ ਰਕਬੇ ਵਿਚ ਫ਼ੈਲਿਆ ਹੈ ਅਤੇ ਹਰੇਕ ਸਾਲ ਅਕਤੂਬਰ ਮਹੀਨੇ ਤੋਂ ਇਥੇ ਵੱਖ-ਵੱਖ ਦੇਸ਼ਾਂ ਤੋਂ ਪ੍ਰਵਾਸੀ ਪੰਛੀਆਂ ਦੀ ਆਮਦ ਸ਼ੁਰੂ ਹੁੰਦੀ ਹੈ।

ਜੰਗਲੀ ਜੀਵ ਤੇ ਵਣ ਸੁਰੱਖਿਆ ਵਿਭਾਗ ਦੇ ਡੀ. ਐੱਫ. ਓ. ਪਰਮਜੀਤ ਸਿੰਘ ਨੇ ‘ਜਗ ਬਾਣੀ’ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਭਾਰਤ ਸਰਕਾਰ ਨੇ 2007 ਵਿਚ ਇਸ ਛੰਭ ਨੂੰ ਦੇਸ਼ ਦਾ ਪਹਿਲਾ ਕਮਿਊਨਿਟੀ ਰਿਜ਼ਰਵ ਐਲਾਨਿਆ ਸੀ ਅਤੇ 2019 ਵਿਚ ਇਸ ਨੂੰ ਇੰਟਰਨੈਸ਼ਨਲ ਰਾਮਸਰ ਸਾਈਟ ਵੀ ਐਲਾਨਿਆ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਤਿੱਬਤ, ਸਾਈਬੇਰੀਆ, ਚੀਨ ਵਰਗੇ ਅਨੇਕਾਂ ਦੇਸ਼ਾਂ ਵਿਚ ਜਦੋਂ ਠੰਡ ਜ਼ਿਆਦਾ ਹੋ ਜਾਂਦੀ ਹੈ ਤਾਂ ਉਨ੍ਹਾਂ ਦੇਸ਼ਾਂ ’ਚੋਂ ਪੰਛੀ ਆਪਣੀ ਜਾਨ ਬਚਾਉਣ ਲਈ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰ ਕੇ ਭਾਰਤ ਅੰਦਰ ਕੇਸ਼ੋਪੁਰ ਛੰਭ ਸਮੇਤ ਹੋਰ ਥਾਵਾਂ ’ਤੇ ਪਹੁੰਚ ਜਾਂਦੇ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਧੁੰਦ ਤੇ ਠੰਡ ਦਾ ਲਗਾਤਾਰ ਪ੍ਰਕੋਪ, ਮੌਸਮ ਵਿਭਾਗ ਨੇ ਐਤਵਾਰ ਤੱਕ ਜਾਰੀ ਕੀਤਾ ਅਲਰਟ

ਗੁਰਦਾਸਪੁਰ ਜ਼ਿਲ੍ਹੇ ਅੰਦਰ ਕੇਸ਼ੋਪੁਰ ਛੰਭ ਵਿਚ ਪੰਛੀਆਂ ਦੀ ਆਮਦ ਜ਼ਿਆਦਾ ਹੁੰਦੀ ਹੈ ਜਦੋਂ ਕਿ ਜ਼ਿਲ੍ਹੇ ਅੰਦਰ ਪੁਰਾਣਾ ਸ਼ਾਲਾ ਨੇੜਲੇ ਬੇਟ ਇਲਾਕੇ ਵਿਚ ਵੀ ਦਰਿਆ ਨੇੜਲੇ ਇਲਾਕੇ ਅੰਦਰ ਪ੍ਰਵਾਸੀ ਪੰਛੀ ਪਹੁੰਚਦੇ ਹਨ, ਮਾਰਚ ਮਹੀਨੇ ਤੋਂ ਜਦੋਂ ਤਾਪਮਾਨ ਵਧਣਾ ਸ਼ੁਰੂ ਹੁੰਦਾ ਹੈ ਤਾਂ ਇਹ ਪੰਛੀ ਵਾਪਸ ਪਰਤਣੇ ਸ਼ੁਰੂ ਹੋ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਆਮ ਤੌਰ ’ਤੇ ਉਤਰੀ ਪਿਨਟੇਲ, ਉਤਰੀ ਸ਼ਾਵਲਰ, ਕਾਮਨਟੀਲ, ਗ੍ਰਲੈਕ ਕੋਸ, ਕਾਮਨ ਕੂਟਸ, ਕਾਮਨ ਕ੍ਰੇਨ, ਰੋਡੀ ਸ਼ੈਲਡਕ, ਸਪਾਟ ਬਿਲਟ ਟਕ ਅਤੇ ਸਾਰਸ ਕ੍ਰੇਨ ਆਦਿ ਜਾਤੀਆਂ ਦੇ ਪੰਛੀ ਗੁਰਦਾਸਪੁਰ ਜ਼ਿਲ੍ਹੇ ਦੇ ਉਕਤ ਛੰਭ ਵਿਚ ਪਹੁੰਚਦੇ ਹਨ। ਵੈਸੇ ਤਾਂ ਪੰਛੀਆਂ ਦੀ ਗਿਣਤੀ ਜਨਵਰੀ ਦੇ ਅਖੀਰ ਵਿਚ ਕੀਤੀ ਜਾਂਦੀ ਹੈ ਪਰ ਅਨੁਮਾਨ ਲਗਾਉਣ ਲਈ ਉਹ ਨਿਰੰਤਰ ਛੰਭ ਵਿਚ ਆਏ ਪੰਛੀਆਂ ਦੀ ਸਮੀਖਿਆ ਕਰਦੇ ਹਨ।

ਇਹ ਵੀ ਪੜ੍ਹੋ : ਪੀ. ਐੱਚ. ਡੀ. ਪਾਸ ਸਬਜ਼ੀ ਵੇਚ ਕਰ ਰਿਹੈ ਘਰ ਦਾ ਗੁਜ਼ਾਰਾ, ਜਾਣੋ ਪ੍ਰੋਫੈਸਰ ਦੀ ਪੂਰੀ ਕਹਾਣੀ

ਇਸ ਤਹਿਤ ਹੁਣ ਤੱਕ ਛੰਭ ਅੰਦਰ 20 ਹਜ਼ਾਰ ਤੋਂ ਜ਼ਿਆਦਾ ਪੰਛੀ ਪਹੁੰਚ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਨਾਰਦਨ ਲੈਪ ਇਕ ਅਜਿਹਾ ਪੰਛੀ ਹੈ ਜੋ ਜਿਸਦੀ ਗਿਣਤੀ ਪਿਛਲੇ ਸਾਲਾਂ ਦੌਰਾਨ ਸਿਰਫ਼ 40 ਤੋਂ 50 ਦੇ ਕਰੀਬ ਹੀ ਰਹਿੰਦੀ ਸੀ ਪਰ 2 ਸਾਲਾਂ ਤੋਂ ਇਸ ਦੀ ਗਿਣਤੀ ਵਧ ਰਹੀ ਹੈ।

ਕੀ ਸੀ ਪਿਛਲੇ ਸਾਲਾਂ ਦੀ ਸਥਿਤੀ?

ਡੀ. ਐੱਫ. ਓ. ਪਰਮਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ 2022-23 ਦੌਰਾਨ ਕੇਸ਼ੋਪੁਰ ਛੰਬ ਵਿਚ ਕਰੀਬ 15,500 ਪੰਛੀਆਂ ਦੀ ਆਮਦ ਹੋਈ ਸੀ, ਜਦੋਂ ਕਿ ਉਸ ਤੋਂ ਪਿਛਲੇ ਸਾਲ ਵਿਚ 15 ਫਰਵਰੀ 2022 ਨੂੰ ਕੀਤੀ ਗਈ ਗਿਣਤੀ ਅਨੁਸਾਰ ਕੇਸ਼ੋਪੁਰ ਛੰਭ ਵਿਚ 29,280 ਪੰਛੀ ਪਹੁੰਚ ਚੁੱਕੇ ਸਨ। ਉਸ ਤੋਂ ਪਹਿਲਾਂ 2021-22 ਦੌਰਾਨ ਇਹ ਗਿਣਤੀ ਸਿਰਫ਼ 11,458 ਹੀ ਸੀ ਜਦੋਂ ਕਿ 2020 ਵਿਚ 20883 ਪੰਛੀਆਂ ਦੀ ਆਮਦ ਹੋਈ ਸੀ, 2019 ਵਿਚ 23,23 ਪੰਛੀ ਇਸ ਛੰਭ ਵਿਚ ਪਹੁੰਚੇ, ਜਦੋਂ ਕਿ ਉਸ ਤੋਂ ਪਹਿਲਾਂ ਸਾਲ 2018 ਵਿਚ 21040 ਅਤੇ ਸਾਲ 2017 ਵਿਚ 21181 ਪੰਛੀ ਇਸ ਛੰਭ ਵਿਚ ਆਏ ਸਨ। ਛੰਭ ਵਿਚ ਲੋਕਾਂ ਦੀ ਸਹੂਲਤ ਲਈ ਟਾਵਰ ਬਣਾਏ ਗਏ ਹਨ ਅਤੇ ਨਾਲ ਹੀ ਅੰਦਰ ਤੱਕ ਜਾਣ ਲਈ ਕੱਚੇ ਰਸਤੇ ਵੀ ਬਣਾਏ ਗਏ ਹਨ।

ਇਹ ਵੀ ਪੜ੍ਹੋ : ਲੁਧਿਆਣਾ 'ਚ ਫਿਰ ਇਕ ਹੋਰ ਬਲਾਸਟ, ਦੂਰ ਤੱਕ ਫੈਲੀਆਂ ਅੱਗ ਦੀਆਂ ਲਪਟਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Shivani Bassan

This news is Content Editor Shivani Bassan