ਮਾਨਸੂਨ ਸਿਰ ''ਤੇ ਆਈ, ਨਾਲਿਆਂ ਦੀ ਨਹੀਂ ਹੋਈ ਸਫਾਈ

06/10/2017 11:46:36 AM

ਸੰਗਰੂਰ(ਵਿਵੇਕ ਸਿੰਧਵਾਨੀ, ਯਾਦਵਿੰਦਰ)— ਬਰਸਾਤੀ ਮੌਸਮ ਨੂੰ ਮੁੱਖ ਰੱਖਦਿਆਂ ਜ਼ਿਲਾ ਪ੍ਰਸ਼ਾਸਨ ਸੰਗਰੂਰ ਵੱਲੋਂ ਜ਼ਿਲੇ 'ਚ ਵਗਦੇ ਨਿਕਾਸੀ ਨਾਲਿਆਂ ਦੀ ਸਫਾਈ ਕਰਾਉਣ ਦੇ ਹੁਕਮਾਂ 'ਤੇ ਅਮਲ ਨਹੀਂ ਹੋ ਰਿਹਾ ਕਿਉਂਕਿ ਵੱਡੀ ਗਿਣਤੀ 'ਚ ਜ਼ਿਲੇ ਦੇ ਨਾਲੇ ਸਫਾਈ ਦੀ ਘਾਟ ਕਾਰਨ ਗੰਦਗੀ ਨਾਲ ਭਰੇ ਨਜ਼ਰ ਆ ਰਹੇ ਹਨ। 'ਜਗ ਬਾਣੀ' ਵੱਲੋਂ ਇਸ ਸੰਬੰਧੀ ਜ਼ਿਲੇ ਦੇ ਵੱਖ-ਵੱਖ ਹਿੱਸਿਆਂ 'ਚ ਵਗਦੇ ਨਾਲਿਆਂ 'ਤੇ ਨਜ਼ਰਸਾਨੀ ਕੀਤੀ ਗਈ ਤਾਂ ਦੇਖਿਆ ਕਿ ਸਫਾਈ ਪ੍ਰਬੰਧਾਂ ਦੀ ਅਣਹੋਂਦ ਕਾਰਨ ਇਹ ਨਾਲੇ ਕਾਈ, ਸਰਕੰਡਿਆਂ ਅਤੇ ਹਰੀ ਬੂਟੀ ਤੋਂ ਇਲਾਵਾ ਪਲਾਸਟਿਕ ਦੇ ਲਿਫਾਫਿਆਂ ਨਾਲ ਲਬਾਲਬ ਭਰੇ ਪਏ ਸਨ। ਸਫਾਈ ਦੀ ਘਾਟ ਕਾਰਨ ਇਨ੍ਹਾਂ ਨਾਲਿਆਂ 'ਚ ਪਾਣੀ ਦੇ ਵਹਾਅ ਦੀ ਸਮਰੱਥਾ ਵੀ ਘਟ ਗਈ ਹੈ, ਜਿਸ ਕਾਰਨ ਪਹਿਲਾਂ ਤੋਂ ਹੀ ਖੜ੍ਹਾ ਇਨ੍ਹਾਂ ਨਾਲਿਆਂ 'ਚ ਪਾਣੀ ਸੜ੍ਹਾਂਦ ਮਾਰ ਰਿਹਾ ਹੈ। ਹੁਣ ਜਦੋਂਕਿ ਬਰਸਾਤ ਦਾ ਮੌਸਮ ਸਿਰ 'ਤੇ ਹੈ ਤਾਂ ਅਧਿਕਾਰੀ ਬਰਸਾਤੀ ਨਾਲਿਆਂ ਦੀ ਸਫਾਈ ਜਲਦ ਕਰਵਾਉਣ ਦੇ ਦਾਅਵੇ ਕਰ ਰਹੇ ਹਨ ਪਰ ਇਨ੍ਹਾਂ ਦਾਅਵਿਆਂ ਦੇ ਵਫਾ ਹੋਣ ਦੀ ਉਮੀਦ ਘੱਟ ਹੈ। ਇਨ੍ਹਾਂ ਬਰਸਾਤੀ ਨਾਲਿਆਂ ਤੋਂ ਬਿਨਾਂ ਸ਼ਹਿਰਾਂ 'ਚ ਵਗਦੇ ਨਿਕਾਸੀ ਨਾਲੇ ਵੀ ਆਪਣੀ ਹੋਣੀ 'ਤੇ ਹੰਝੂ ਵਹਾ ਰਹੇ ਹਨ ਕਿਉਂਕਿ ਜ਼ਿਲੇ ਦੀਆਂ ਨਗਰ ਕੌਂਸਲਾਂ ਆਪੋ-ਆਪਣੇ ਏਰੀਏ 'ਚ ਵਗਣ ਵਾਲੇ ਨਿਕਾਸੀ ਨਾਲਿਆਂ ਦੀ ਚੰਗੀ ਤਰ੍ਹਾਂ ਸਫਾਈ ਨਹੀਂ ਕਰਵਾ ਰਹੀਆਂ, ਜਿਸ ਦਾ ਖਮਿਆਜ਼ਾ ਆਉਣ ਵਾਲੇ ਬਰਸਾਤੀ ਦਿਨਾਂ 'ਚ ਸ਼ਹਿਰ ਵਾਸੀਆਂ ਨੂੰ ਭੁਗਤਣਾ ਪਵੇਗਾ। ਇਹ ਨਿਕਾਸੀ ਨਾਲੇ ਬਰਸਾਤੀ ਪਾਣੀ ਦੀ ਨਿਕਾਸੀ ਨਹੀਂ ਕਰ ਸਕਣਗੇ ਤੇ ਪਾਣੀ ਓਵਰਫਲੋਅ ਹੋ ਕੇ ਸ਼ਹਿਰਾਂ ਦੀਆਂ ਗਲੀਆਂ ਅਤੇ ਸੜਕਾਂ 'ਤੇ ਇਕੱਠਾ ਹੋਵੇਗਾ। 
ਬਰਸਾਤੀ ਨਾਲੇ ਦਾ ਮਾੜਾ ਹਾਲ
ਜ਼ਿਲੇ ਦਾ ਵੱਡਾ ਬਰਸਾਤੀ ਨਾਲਾ, ਜੋ ਕਿ ਸੰਗਰੂਰ 'ਚੋਂ ਗੁਜ਼ਰਦਾ ਹੋਇਆ ਵਾਇਆ ਸੁਨਾਮ ਲੰਘਦਾ ਹੈ, ਦੀ ਹਾਲਤ ਬੇਹੱਦ ਤਰਸਯੋਗ ਹੈ। ਇਸ ਨਾਲੇ 'ਚ ਸ਼ਹਿਰ ਅਤੇ ਨੇੜਲੇ ਪਿੰਡਾਂ ਤੋਂ ਇਲਾਵਾ ਹੋਰਨਾਂ ਕਸਬਿਆਂ ਦਾ ਨਿਕਾਸੀ ਤੇ ਬਰਸਾਤੀ ਪਾਣੀ ਵੀ ਡਿਗਦਾ ਹੈ ਪਰ ਇਸ ਨਾਲੇ 'ਚ ਸਫਾਈ ਦੀ ਵੱਡੀ ਘਾਟ ਰੜਕ ਰਹੀ ਹੈ। ਉਕਤ ਨਾਲੇ 'ਚ ਹਰੀ ਬੂਟੀ, ਵੱਡੀ-ਵੱਡੀ ਕਾਈ ਅਤੇ ਸਰਕੰਡੇ ਤੋਂ ਇਲਾਵਾ ਹੋਰ ਗੰਦਗੀ ਵੀ ਭਰੀ ਪਈ ਹੈ ਅਤੇ ਬਾਕੀ ਰਹਿੰਦੀ ਕਸਰ ਫੈਕਟਰੀ ਦਾ ਕਚਰਾ ਪੂਰੀ ਕਰ ਦਿੰਦਾ ਹੈ। ਸੰਬੰਧਤ ਡਰੇਨੇਜ ਵਿਭਾਗ ਤੇ ਜ਼ਿਲਾ ਪ੍ਰਸ਼ਾਸਨਿਕ ਅਧਿਕਾਰੀ ਕਦੋਂ ਇਸ ਬਰਸਾਤੀ ਨਾਲ 'ਤੇ ਮਿਹਰਬਾਨ ਹੋ ਕੇ ਇਸ ਦੀ ਸਫਾਈ ਕਰਵਾਉਣਗੇ ਇਹ ਤਾਂ ਪਤਾ ਨਹੀਂ ਪਰ ਨਾਲੇ ਦੀ ਮੌਜੂਦਾ ਤ੍ਰਾਸਦੀ ਵਿਭਾਗ ਦੀ ਲਾਪ੍ਰਵਾਹੀ ਬਿਆਨ ਕਰ ਰਹੀ ਹੈ। 


ਸ਼ਹਿਰ ਦੇ ਨਾਲੇ ਦੀ ਹਾਲਤ ਵੀ ਤਰਸਯੋਗ
ਰਿਆਸਤੀ ਸ਼ਹਿਰ 'ਚ ਜਿਥੇ ਜ਼ਿਲੇ ਦੇ ਵੱਡੇ-ਵੱਡੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਦਫਤਰ ਹਨ ਅਤੇ ਏ ਗ੍ਰੇਡ ਨਗਰ ਕੌਂਸਲ ਹੈ ਪਰ ਇਸ ਸ਼ਹਿਰ ਦਾ ਮੁੱਖ ਨਿਕਾਸੀ ਨਾਲਾ ਵੀ ਗੰਦਗੀ ਨਾਲ ਭਰਿਆ ਰਹਿੰਦਾ ਹੈ। ਸਫਾਈ ਪ੍ਰਬੰਧਾਂ ਦੇ ਦਾਅਵੇ ਕਰਨ ਵਾਲੀ ਨਗਰ ਕੌਂਸਲ ਦਾ ਅਸਲ ਸੱਚ ਇਹ ਨਾਲਾ ਬਿਆਨ ਕਰਦਾ ਹੈ, ਜਿਸ ਵਿਚ ਸਫਾਈ ਨਾ ਹੋਣ ਨਾਲ ਗੰਦਗੀ ਪਾਣੀ ਦੇ ਉਪਰ ਤੈਰਦੀ ਸਾਫ ਨਜ਼ਰ ਆਉਂਦੀ ਹੈ। ਮਾਨਸੂਨ ਦੇ ਦਿਨਾਂ ਵਿਚ ਲੋਕਾਂ ਲਈ ਇਹ ਨਾਲਾ ਨੁਕਸਾਨ ਦਾ ਕਾਰਨ ਨਾ ਬਣ ਜਾਵੇ, ਜਿਸ ਲਈ ਸਥਾਨਕ ਪ੍ਰਸ਼ਾਸਨ ਨੂੰ ਇਸ ਦੀ ਸਫਾਈ ਪਹਿਲ ਦੇ ਆਧਾਰ 'ਤੇ ਕਰਵਾਉਣੀ ਚਾਹੀਦੀ ਹੈ।
ਨਾਲਿਆਂ ਦੀ ਸਫਾਈ ਕਰਵਾਉਣ ਦੀ ਮੰਗ
ਪ੍ਰਸ਼ਾਸਨ ਨੂੰ ਬਰਸਾਤਾਂ ਆਉਣ 'ਤੇ ਹੀ ਉਕਤ ਨਾਲਿਆਂ ਦੀ ਸਫਾਈ ਕਰਵਾਉਣ ਦੀ ਥਾਂ ਪਹਿਲਾਂ ਹੀ ਕਰਵਾਉਣੀ ਬਣਦੀ ਹੈ। ਇਹ ਮੰਗ ਨੋਬਲ ਹੈਲਪਿੰਗ ਹੈਂਡਸ ਫਾਊਂਡੇਸ਼ਨ ਦੇ ਮੈਂਬਰਾਂ ਸੰਦੀਪ ਬਾਂਸਲ, ਰਛਪਾਲ ਟਿਪੂ, ਜਗਮੇਲ ਸਿੰਘ ਜੱਗੀ ਅਤੇ ਅੰਜੂ ਰੰਗਾ ਮੈਡਮ ਨੇ ਜ਼ਿਲਾ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਕੀਤੀ।
ਕੀ ਕਹਿੰਦੇ ਨੇ ਐੱਸ. ਡੀ. ਐੱਮ.
ਜਦੋਂ ਇਸ ਸੰਬੰਧੀ ਡ੍ਰੇਨ ਵਿਭਾਗ ਦੇ ਐੱਸ. ਡੀ. ਓ. ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ ਪਰ ਐੈੱਸ. ਡੀ. ਐੱਮ. ਸੰਗਰੂਰ ਅਭਿਸ਼ੇਕ ਗੁਪਤਾ ਨੇ ਕਿਹਾ ਕਿ ਉਨ੍ਹਾਂ 2 ਦਿਨ ਪਹਿਲਾਂ ਹੀ ਅਹੁਦਾ ਸੰਭਾਲਿਆ ਹੈ। ਜਲਦੀ ਹੀ ਉਹ ਇਸ ਸੰਬੰਧੀ ਵਿਭਾਗ ਦੇ ਅਧਿਕਾਰੀਆਂ ਨੂੰ ਨਾਲਿਆਂ ਦੀ ਸਫਾਈ ਪਹਿਲ ਦੇ ਆਧਾਰ 'ਤੇ ਕਰਵਾਉਣ ਲਈ ਕਹਿਣਗੇ।