ਦਾਤਰ ਨਾਲ ਹਮਲਾ ਕਰ ਕੇ ਮਨੀ ਐਕਸਚੇਂਜਰ ਤੋਂ ਲੁੱਟੀ ਲੱਖਾਂ ਦੀ ਨਕਦੀ

07/09/2017 12:26:53 PM

ਲੁਧਿਆਣਾ (ਤਰੁਣ) : ਬੀਤੀ ਰਾਤ ਮਾਡਲ ਟਾਊਨ ਇਲਾਕੇ ਦੇ ਆਤਮ ਨਗਰ ਦੇ ਨੇੜੇ ਬੇਖੌਫ ਲੁਟੇਰਿਆਂ ਨੇ ਲੁੱਟ ਦੀਆਂ ਦੋ ਵਾਰਦਾਤਾਂ ਨੂੰ ਅੰਜਾਮ ਦਿੱਤਾ। ਪਹਿਲੀ ਵਾਰਦਾਤ 'ਚ ਤਿੰਨ ਲੁਟੇਰਿਆਂ ਨੇ ਦਾਤਰ ਨਾਲ ਮਨੀ ਐਕਸਚੇਂਜਰ ਅਮਿਤ 'ਤੇ ਹਮਲਾ ਕਰ ਕੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਲੁਟੇਰਿਆਂ ਨੇ 20 ਹਜ਼ਾਰ ਦੀ ਇੰਡੀਅਨ ਕਰੰਸੀ ਸਮੇਤ ਲੱਖਾਂ ਦੀ ਵਿਦੇਸ਼ੀ ਮੁਦਰਾ ਲੁੱਟ ਲਈ। ਘਟਨਾ 'ਚ ਅਮਿਤ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਜਿਸਦਾ ਡੀ. ਐੱਮ. ਸੀ. ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਅਮਿਤ ਗਿੱਲ ਚੌਕ 'ਚ ਮਨੀ ਐਕਸਚੇਂਜਰ ਦਾ ਕੰਮ ਕਰਦਾ ਹੈ। ਬੀਤੀ ਰਾਤ ਉਹ ਐਕਟਿਵਾ 'ਤੇ ਆਤਮ ਨਗਰ ਸਥਿਤ ਘਰ ਵੱਲ ਆ ਰਿਹਾ ਸੀ। ਘਰ ਨੇੜੇ ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ ਨੇ ਅਮਿਤ ਨੂੰ ਟੱਕਰ ਮਾਰੀ ਅਤੇ ਨਕਦੀ ਨਾਲ ਭਰਿਆ ਬੈਗ ਲੁੱਟਣ ਦੀ ਕੋਸ਼ਿਸ਼ ਕੀਤੀ। ਅਮਿਤ ਨੇ ਲੁਟੇਰਿਆਂ ਦਾ ਮੁਕਾਬਲਾ ਕੀਤਾ ਪਰ ਲੁਟੇਰਿਆਂ ਨੇ ਉਸਦੇ ਸਿਰ ਅਤੇ ਹੱਥ 'ਤੇ ਦਾਤਰ ਨਾਲ ਕਈ ਵਾਰ ਕੀਤੇ। ਥਾਣਾ ਮਾਡਲ ਟਾਊਨ ਦੀ ਪੁਲਸ ਨੇ ਅਮਿਤ ਦੇ ਬਿਆਨ 'ਤੇ ਅਣਪਛਾਤੇ ਲੁਟੇਰਿਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਮਦਨ ਲਾਲ ਨੇ ਦੱਸਿਆ ਕਿ ਵਾਰਦਾਤ ਦੇ ਸਮੇਂ ਲੁਟੇਰਿਆਂ ਨੇ ਮੂੰਹ ਢਕੇ ਹੋਏ ਸਨ। ਇਲਾਕੇ ਦੀ ਕੰਪਲੈਕਸ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨਾਲ ਲੁਟੇਰਿਆਂ ਦਾ ਪਤਾ ਲਾਇਆ ਜਾ ਰਿਹਾ ਹੈ।