ਮਨੀ ਐਕਸਚੇਂਜਰ ਦੀ ਆੜ ''ਚ ਦੋਆਬਾ ਖੇਤਰ ''ਚ ਚੱਲ ਰਿਹੈ ਹਵਾਲਾ ਕਾਰੋਬਾਰ

02/05/2018 1:00:24 PM

ਕਪੂਰਥਲਾ (ਭੂਸ਼ਣ)— ਐੱਨ. ਆਰ. ਆਈ. ਦੇ ਵੱਡੇ ਗੜ੍ਹ ਦੋਆਬਾ ਵਿਚ ਮਨੀ ਐਕਸਚੇਂਜਰ ਦੀ ਆੜ ਵਿਚ ਚੱਲ ਰਿਹਾ ਹੈ ਕਰੋੜਾਂ ਰੁਪਏ ਦਾ ਹਵਾਲਾ ਕਾਰੋਬਾਰ। ਦੋਆਬਾ ਨਾਲ ਸਬੰਧਤ ਕਈ ਸ਼ਹਿਰਾਂ ਅਤੇ ਪਿੰਡਾਂ ਦੇ ਹਜ਼ਾਰਾਂ ਲੋਕਾਂ ਨੂੰ ਵਿਦੇਸ਼ਾਂ ਦੀ ਫਿਲਹਾਲ ਸਥਾਈ ਇਮੀਗਰੇਸ਼ਨ ਨਾ ਮਿਲਣ ਦੇ ਕਾਰਨ ਇਹ ਲੋਕ ਆਪਣੇ ਵੱਲੋਂ ਕਮਾਈ ਗਈ ਰਕਮ ਨੂੰ ਹਵਾਲਾ ਕਾਰੋਬਾਰੀਆਂ ਦੀ ਮਦਦ ਨਾਲ ਆਪਣੇ ਪਿੰਡਾਂ ਅਤੇ ਸ਼ਹਿਰਾਂ ਵਿਚ ਭੇਜ ਰਹੇ ਹਨ, ਅਜੇ ਈ. ਡੀ. ਅਤੇ ਪੰਜਾਬ ਪੁਲਸ ਵੱਲੋਂ ਕਈ ਵਾਰ ਹਵਾਲਾ ਕਾਰੋਬਾਰੀਆਂ ਨੂੰ ਗ੍ਰਿਫਤਾਰ ਕਰਨ ਦੇ ਬਾਵਜੂਦ ਵੀ ਇਹ ਧੰਦਾ ਇਸ ਕਦਰ ਆਪਣੀਆਂ ਜੜ੍ਹਾਂ ਜਮਾ ਚੁੱਕਿਆ ਹੈ ਕਿ ਇਸ ਦਾ ਨੈੱਟਵਰਕ ਪੂਰੇ ਦੋਆਬਾ ਖੇਤਰ ਦੇ ਪਿੰਡ-ਪਿੰਡ ਤਕ ਫੈਲ ਚੁੱਕਿਆ ਹੈ।  
ਦੋਆਬਾ ਖੇਤਰ ਜਿਸ 'ਚ ਜ਼ਿਲਾ ਜਲੰਧਰ, ਹੁਸ਼ਿਆਰਪੁਰ ਅਤੇ ਕਪੂਰਥਲਾ ਨਾਲ ਸਬੰਧਤ ਹਰ ਚੌਥੇ ਪਰਿਵਾਰ ਦਾ ਕੋਈ ਨਾ ਕੋਈ ਵਿਅਕਤੀ ਵਿਦੇਸ਼ਾਂ ਵਿਚ ਸੈਟਲ ਹੈ, ਜਿਨ੍ਹਾਂ 'ਚੋਂ ਕਈਆਂ ਦੇ ਕੋਲ ਤਾਂ ਇਨ੍ਹਾਂ ਦੇਸ਼ਾਂ ਦੀ ਸਥਾਈ ਨਾਗਰਿਕਤਾ ਹੈ। ਉਥੇ ਹੀ ਇਨ੍ਹਾਂ ਵਿਚੋਂ ਹਜ਼ਾਰਾਂ ਲੋਕ ਅਜੇ ਵੀ ਉੱਤਰੀ ਅਮਰੀਕੀ ਦੇਸ਼ਾਂ ਅਤੇ ਯੂਰਪ 'ਚ ਨਾਗਰਿਕਤਾ ਨਾ ਮਿਲਣ ਕਾਰਨ ਅਸਥਾਈ ਤੌਰ 'ਤੇ ਰਹਿ ਰਹੇ ਹਨ। ਜਿਸ ਕਾਰਨ ਉਨ੍ਹਾਂ ਲਈ ਕਾਨੂੰਨੀ ਰਸਤਿਆਂ ਦੇ ਮਾਰਫਤ ਆਪਣੀ ਰਕਮ ਭੇਜਣਾ ਕਾਫੀ ਔਖਾ ਹੁੰਦਾ ਹੈ, ਜਿਸ ਦੇ ਮਕਸਦ ਨਾਲ ਇਹ ਲੋਕ ਹਵਾਲਾ ਕਾਰੋਬਾਰੀਆਂ ਦਾ ਸਹਾਰਾ ਲੈਂਦੇ ਹਨ। ਜਿਨ੍ਹਾਂ ਦੇ ਤਾਰ ਪੂਰੇ ਭਾਰਤ ਵਿਸ਼ੇਸ਼ ਕਰਕੇ ਸੂਬੇ 'ਚ ਕੰਮ ਕਰ ਰਹੇ ਕਈ ਅਜਿਹੇ ਮਨੀ ਐਕਸਚੇਂਜਰਾਂ ਨਾਲ ਜੁੜੇ ਹੋਏ ਹਨ, ਜੋ ਮਨੀ ਐਕਸਚੇਂਜਰ ਦੀ ਆੜ 'ਚ ਹਵਾਲਾ ਕਾਰੋਬਾਰ ਨੂੰ ਅੰਜਾਮ ਦੇ ਕੇ ਕਰੋੜਾਂ ਰੁਪਏ ਦੀ ਰਕਮ ਕਮਾ ਰਹੇ ਹਨ ਅਤੇ ਜਿਸ ਨਾਲ ਦੇਸ਼ ਦੀ ਅਰਥ ਵਿਵਸਥਾ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ।
ਵਿਦੇਸ਼ੀ ਕਰੰਸੀ ਤੋਂ ਮਹਰੂਮ ਹੋ ਰਿਹਾ ਹੈ ਦੇਸ਼
ਹਵਾਲਾ ਕਾਰੋਬਾਰ ਦੀਆਂ ਜੜ੍ਹਾਂ ਇੰਨੀਆਂ ਡੂੰਘੀਆਂ ਹਨ ਕਿ ਇਸ ਨਾਲ ਜੁੜੇ ਲੋਕ ਹਜ਼ਾਰਾਂ ਮੀਲ ਦੂਰ ਵਿਦੇਸ਼ਾਂ ਤੋਂ ਕੋਡ ਦੇ ਆਧਾਰ 'ਤੇ ਹੀ ਪਿੰਡ-ਪਿੰਡ ਤਕ ਅਰਬਾਂ ਰੁਪਏ ਦੀ ਰਕਮ ਪਹੁੰਚਾ ਦਿੰਦੇ ਹਨ, ਜਿਸ ਦੀ ਜਾਣਕਾਰੀ ਸਿਰਫ ਵਿਦੇਸ਼ਾਂ ਨਾਲ ਰਕਮ ਭੇਜਣ ਵਾਲੇ ਵਿਅਕਤੀ ਜਾਂ ਉਸ ਦੇ ਪਰਿਵਾਰ ਨੂੰ ਹੀ ਹੁੰਦੀ ਹੈ ਪਰ ਇਸ ਗੈਰ ਕਾਨੂੰਨੀ ਕਾਰੋਬਾਰ ਨਾਲ ਦੇਸ਼ ਵਿਦੇਸ਼ੀ ਕਰੰਸੀ ਤੋਂ ਮਹਰੂਮ ਹੋ ਜਾਂਦਾ ਹੈ।
ਈ. ਡੀ. ਅਤੇ ਪੰਜਾਬ ਪੁਲਸ ਦੀਆਂ ਟੀਮਾਂ ਕਰ ਚੁੱਕੀਆਂ ਹਨ ਵੱਡੀਆਂ ਬਰਾਮਦਗੀਆਂ 
ਮਨੀ ਐਕਸਚੇਂਜਰ ਦੀ ਆੜ 'ਚ ਹਵਾਲਾ ਕਾਰੋਬਾਰ ਨੂੰ ਅੰਜਾਮ ਦੇਣ ਵਾਲੇ ਕਈ ਮਨੀ ਐਕਸਚੇਂਜਰਾਂ ਦੇ ਟਿਕਾਣਿਆਂ 'ਤੇ ਈ. ਡੀ. ਅਤੇ ਪੰਜਾਬ ਪੁਲਸ ਬੀਤੇ ਇਕ ਦਹਾਕੇ ਦੌਰਾਨ ਕਈ ਵਾਰ ਛਾਪਾਮਾਰੀ ਦੇ ਦੌਰਾਨ ਵੱਡੀਆਂ ਬਰਾਮਦਗੀਆਂ ਕਰ ਚੁੱਕੀ ਹੈ ਪਰ ਇਸ ਦੇ ਬਾਵਜੂਦ ਵੀ ਅਜਿਹੇ ਮਾਮਲੇ ਬੰਦ ਨਹੀਂ ਹੋ ਰਹੇ ਹਨ। 
ਜੇਕਰ ਕਪੂਰਥਲਾ ਪੁਲਸ ਵੱਲੋਂ ਕੀਤੀਆਂ ਗਈਆਂ ਬਰਾਮਦਗੀਆਂ 'ਤੇ ਨਜ਼ਰ ਮਾਰੀ ਜਾਵੇ ਤਾਂ ਇਸ ਦੌਰਾਨ ਕਪੂਰਥਲਾ ਪੁਲਸ ਸਾਲ 2000 ਤੋਂ ਲੈ ਕੇ ਹੁਣ ਤਕ ਹਵਾਲਾ ਕਾਰੋਬਾਰੀਆਂ ਤੋਂ ਨਾਕਾਬੰਦੀ ਦੌਰਾਨ ਕਰੋੜਾਂ ਰੁਪਏ ਦੀ ਰਕਮ ਬਰਾਮਦ ਕਰ ਚੁੱਕੀ ਹੈ। ਇਨ੍ਹਾਂ ਹਵਾਲਾ ਕਾਰੋਬਾਰੀਆਂ ਤੋਂ ਇੰਨੀ ਵੱਡੀ ਰਕਮ ਦੀ ਬਰਾਮਦਗੀ ਰਾਸ਼ਟਰੀ ਰਾਜ ਮਾਰਗ 'ਤੇ ਚੈਕਿੰਗ ਦੌਰਾਨ ਹੋਈ ਹੈ। ਹਵਾਲਾ ਕਾਰੋਬਾਰੀਆਂ ਤੋਂ ਜ਼ਿਆਦਾਤਰ ਬਰਾਮਦਗੀ ਫਗਵਾੜਾ, ਭੁਲੱਥ ਅਤੇ ਕਪੂਰਥਲਾ ਸਬ ਡਿਵੀਜ਼ਨ 'ਚ ਹੋਈ ਹੈ।  
ਕੀ ਕਹਿੰਦੇ ਹਨ ਐੱਸ. ਐੱਸ. ਪੀ.
ਇਸ ਸਬੰਧ 'ਚ ਜਦੋਂ ਐੱਸ. ਐੱਸ. ਪੀ. ਸੰਦੀਪ ਸ਼ਰਮਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਜ਼ਿਲਾ ਪੁਲਸ ਪਿਛਲੇ ਕਈ ਸਾਲਾਂ ਦੇ ਦੌਰਾਨ ਕਈ ਹਵਾਲਾ ਕਾਰੋਬਾਰੀਆਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ ਅਤੇ ਕਿਸੇ ਵੀ ਸੂਚਨਾ ਮਿਲਣ 'ਤੇ ਤੁਰੰਤ ਛਾਪਾਮਾਰੀ ਕੀਤੀ ਜਾਂਦੀ ਹੈ । ਇਸ ਸਬੰਧ 'ਚ ਆਈ ਕਿਸੇ ਵੀ ਸੂਚਨਾ 'ਤੇ ਤੱਤਕਾਲ ਕਾਰਵਾਈ ਕੀਤੀ ਜਾਵੇਗੀ।