ਬਿੱਟੂ ਕਤਲਕਾਂਡ: ਸਿੱਟ ਵਲੋਂ ਕਈ ਘੰਟੇ ਕੈਦੀਆਂ ਅਤੇ ਹਵਾਲਾਤੀਆਂ ਤੋਂ ਪੁੱਛਗਿਛ (ਵੀਡੀਓ)

06/28/2019 9:42:37 AM

ਪਟਿਆਲਾ (ਬਲਜਿੰਦਰ)—ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੇ ਕਤਲ ਮਾਮਲੇ ਵਿਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐੱਸ. ਆਈ. ਟੀ.) ਨੇ ਆਪਣੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਅੱਜ ਕਈ ਘੰਟੇ ਟੀਮ ਦੇ ਮੈਂਬਰ ਨਿਊ ਨਾਭਾ ਜੇਲ ਰਹੇ। ਟੀਮ ਦੀ ਅਗਵਾਈ ਸੀਨੀਅਰ ਆਈ. ਪੀ. ਐੈੱਸ. ਆਈ. ਜੀ. ਪਟਿਆਲਾ ਏ. ਐੈੱਸ. ਰਾਏ ਕਰ ਰਹੇ ਸਨ। ਉਨ੍ਹਾਂ ਨਾਲ ਐੈੱਸ. ਐੈੱਸ. ਪੀ. ਮਨਦੀਪ ਸਿੰਘ ਸਿੱਧੂ ਅਤੇ ਟੀਮ ਦੇ ਹੋਰ ਮੈਂਬਰ ਵੀ ਸਨ। ਸਪੈਸ਼ਲ ਇਨਵੈਸਟੀਗੇਸ਼ਨ ਟੀਮ ਵੱਲੋਂ ਅੱਜ ਪਹਿਲੀ ਵਾਰ ਨਾਭਾ ਜੇਲ 'ਚ ਪਹਿਲਾਂ ਜੇਲ ਅਧਿਕਾਰੀਆਂ ਅਤੇ ਮਹਿੰਦਰਪਾਲ ਬਿੱਟੂ ਨਾਲ ਦੇ ਕੈਦੀਆਂ ਤੇ ਹਵਾਲਾਤੀਆਂ ਤੋਂ ਪੁੱਛਗਿੱਛ ਕੀਤੀ। ਟੀਮ ਨੇ ਫਿਰ ਤੋਂ ਪੂਰਾ ਕ੍ਰਾਈਮ ਸੀਨ ਦੇਖਿਆ ਅਤੇ ਸੀ. ਸੀ. ਟੀ. ਵੀ. ਫੁਟੇਜ ਦੀਆਂ ਗਤੀਵਿਧੀਆਂ ਨੂੰ ਮੁੜ ਤੋਂ ਖੰਗਾਲਿਆ। ਮਨਿੰਦਰ ਸਿੰਘ ਅਤੇ ਗੁਰਸੇਵਕ ਸਿੰਘ ਜਿਨ੍ਹਾਂ ਨੇ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦਾ ਕਤਲ ਕੀਤਾ ਸੀ, ਉਨ੍ਹਾਂ ਨੂੰ ਕੱਲ ਸੀ. ਆਈ. ਏ. ਸਟਾਫ ਪਟਿਆਲਾ ਦੀ ਟੀਮ ਕ੍ਰਾਈਮ ਸੀਨ 'ਤੇ ਲੈ ਕੇ ਗਈ ਸੀ ਪਰ ਅੱਜ ਫਿਰ ਤੋਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਇਸ ਦੀ ਕਈ ਘੰਟੇ ਤੱਕ ਜਾਂਚ ਕੀਤੀ। ਜਾਂਚ ਤੋਂ ਬਾਅਦ ਟੀਮ ਵੱਲੋਂ ਕਿਸੇ ਵੀ ਤਰ੍ਹਾਂ ਦੀ ਪ੍ਰਤੀਕਿਰਿਆ ਨਹੀਂ ਦਿੱਤੀ ਗਈ। ਇਸ ਨੂੰ ਜਾਂਚ ਸ਼ੁਰੂ ਦਾ ਨਾਂ ਦਿੱਤਾ ਗਿਆ।

ਦੱਸਣਯੋਗ ਹੈ ਕਿ ਕੁੱਝ ਦਿਲ ਪਹਿਲਾਂ ਕੇਂਦਰੀ ਜੇਲ ਨਾਭਾ 'ਚ ਮਨਿੰਦਰ ਸਿੰਘ ਅਤੇ ਗੁਰਸੇਵਕ ਸਿੰਘ ਨਾਂ ਦੇ ਵਿਅਕਤੀਆਂ ਨੇ ਬੇਅਦਬੀ ਕਾਂਡ ਦੇ ਕਥਿਤ ਮੁੱਖ ਦੋਸ਼ੀ ਡੇਰਾ ਪ੍ਰੇਮੀ ਮਹਿੰਦਰਪਾਲ ਸਿੰਘ ਬਿੱਟੂ ਦਾ ਲੋਹੇ ਦੀ ਰਾਡ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਤੋਂ ਬਾਅਦ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਇਸ ਮਾਮਲੇ ਵਿਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਸੀ। ਇਸ ਵਿਚ ਆਈ. ਜੀ. ਪÎਟਿਆਲਾ ਏ. ਐੈੱਸ. ਰਾਏ, ਡੀ. ਆਈ. ਜੀ. ਇੰਟੈਲਜੈਂਸ ਹਰਦਿਆਲ ਸਿੰਘ ਮਾਨ, ਐੈੱਸ. ਐੈੱਸ. ਪੀ. ਪÎਟਿਆਲਾ ਮਨਦੀਪ ਸਿੰਘ ਸਿੱਧੂ ਅਤੇ ਏ. ਆਈ. ਜੀ. ਕਾਊਂਟਰ ਇੰਟੈਲੀਜੈਂਸ ਕਸ਼ਮੀਰ ਸਿੰਘ ਨੂੰ ਸ਼ਾਮਲ ਕੀਤਾ ਗਿਆ ਸੀ। ਅੱਜ ਪਹਿਲੀ ਵਾਰ ਐੈੱਸ. ਆਈ. ਟੀ. ਦੇ ਮੈਂਬਰ ਇਸ ਮਾਮਲੇ ਵਿਚ ਨਾਭਾ ਜੇਲ ਪਹੁੰਚੇ। ਪਟਿਆਲਾ ਪੁਲਸ ਇਸ ਮਾਮਲੇ ਵਿਚ ਹੁਣ ਤੱਕ ਕੁੱਲ 5 ਵਿਅਕਤੀਆਂ ਨੂੰ ਨਾਮਜ਼ਦ ਕਰ ਚੁੱਕੀ ਹੈ। ਇਨ੍ਹਾਂ ਵਿਚ ਗੁਰਸੇਵਕ ਸਿੰਘ ਅਤੇ ਮਨਿੰਦਰ ਸਿੰਘ ਤੋਂ ਇਲਾਵਾ ਲਖਵੀਰ ਸਿੰਘ, ਹਰਪ੍ਰੀਤ ਸਿੰਘ ਤੇ ਜਸਪ੍ਰੀਤ ਸਿੰਘ ਉਰਫ ਨਿਹਾਲਾ ਸ਼ਾਮਲ ਹਨ।

Shyna

This news is Content Editor Shyna