ਸਿੱਧੂ ਮੂਸੇ ਵਾਲੇ ਦੇ ਬਚਾਅ ''ਚ ਉਤਰੇ ''ਮੁਹੰਮਦ ਸਦੀਕ'', ਜਾਣੋ ਕੀ ਬੋਲੇ

09/21/2019 9:28:24 AM

ਲੁਧਿਆਣਾ (ਨਰਿੰਦਰ) : ਫਰੀਦਕੋਟ ਤੋਂ ਸੰਸਦ ਮੈਂਬਰ ਅਤੇ ਗਾਇਕ ਰਹਿ ਚੁੱਕੇ ਮੁਹੰਮਦ ਸਦੀਕ ਗਾਇਕ ਸਿੱਧੂ ਮੂਸੇ ਵਾਲੇ ਦੇ ਬਚਾਅ 'ਚ ਉਤਰ ਆਏ ਹਨ। ਇਸ ਮਾਮਲੇ 'ਚ ਮੁਹੰਮਦ ਸਦੀਕ ਨੇ ਕਿਹਾ ਕਿ ਉਨ੍ਹਾਂ ਨੇ ਮੂਸੇ ਵਾਲੇ ਦਾ ਗਾਣਾ ਤਾਂ ਨਹੀਂ ਸੁਣਿਆ ਪਰ ਜੇਕਰ ਉਸ ਨੇ ਇਤਿਹਾਸ ਨਾਲ ਕਿਸੇ ਤਰ੍ਹਾਂ ਦੀ ਛੇੜਛਾੜ ਕੀਤੀ ਹੈ ਤਾਂ ਇਹ ਗਲਤ ਹੈ, ਹਾਲਾਂਕਿ ਉਨ੍ਹਾਂ ਨੇ ਨਾਲ ਹੀ ਇਹ ਵੀ ਕਹਿ ਦਿੱਤਾ ਕਿ ਲੋਕ ਜਿਸ ਤਰ੍ਹਾਂ ਦੇ ਗਾਣੇ ਪਸੰਦ ਕਰਦੇ ਹਨ, ਗਾਇਕ ਉਹੀ ਗਾਣੇ ਗਾਉਂਦੇ ਹਨ।
ਮੁਹੰਮਦ ਸਦੀਕ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਨੇ ਜੇਕਰ ਮਾਈ ਭਾਗੋ ਦੇ ਨਾਲ ਜੁੜੇ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਹੈ ਤਾਂ ਇਹ ਮੰਦਭਾਗੀ ਗੱਲ ਹੈ ਪਰ ਨਾਲ ਹੀ ਕਿਹਾ ਕਿ ਪੰਜਾਬੀ ਗਾਇਕ ਅੱਜ-ਕੱਲ੍ਹ ਜੋ ਗਾ ਰਹੇ ਹਨ, ਸਿਰਫ ਗਾਇਕਾਂ ਦਾ ਹੀ ਕਸੂਰ ਨਹੀਂ ਕੱਢਣਾ ਚਾਹੀਦਾ, ਸਗੋਂ ਸੁਣਨ ਵਾਲੇ ਸਰੋਤੇ ਵੀ ਇਸ ਲੱਚਰ ਗਾਇਕੀ ਲਈ ਉਂਨੇ ਹੀ ਜ਼ਿੰਮੇਵਾਰ ਹਨ। ਇਸ ਮੌਕੇ ਕਰਤਾਰਪੁਰ ਲਾਂਘੇ ਬਾਰੇ ਬੋਲਦਿਆਂ ਮੁਹੰਮਦ ਸਦੀਕ ਨੇ ਕਿਹਾ ਕਿ ਪਾਕਿਸਤਾਨ ਵਲੋਂ ਸ੍ਰੀ ਕਰਤਾਰਪੁਰ ਸਾਹਿਬ ਮੱਥਾ ਟੇਕਣ ਵਾਲੀ ਸੰਗਤ 'ਤੇ ਟੈਕਸ ਲਾਉਣ ਜਾ ਰਿਹਾ ਹੈ, ਇਹ ਗਲਤ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ ਇਸ ਮਾਮਲੇ ਦਾ ਹੱਲ ਕੱਢਣਾ ਚਾਹੀਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਕੇਂਦਰ ਸਰਕਾਰ ਵਲੋਂ ਕੋਈ ਵੀ ਬਜਟ ਨਾ ਦਿੱਤੇ ਜਾਣ 'ਤੇ ਉਨ੍ਹਾਂ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ।

Babita

This news is Content Editor Babita