ਜਲਦੀ ਸ਼ੁਰੂ ਹੋਣਗੇ ਪੰਜਾਬ 'ਚ ਮੁਹੱਲਾ ਕਲੀਨਿਕ, CM ਮਾਨ ਨੇ ਅਧਿਕਾਰੀਆਂ ਤੋਂ ਲਈ ਜਾਣਕਾਰੀ

06/25/2022 11:06:25 AM

ਜਲੰਧਰ (ਧਵਨ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਸੂਬੇ ਵਿਚ 15 ਅਗਸਤ ਤੋਂ ਸ਼ੁਰੂ ਹੋਣ ਵਾਲੇ ਮੁਹੱਲਾ ਕਲੀਨਿਕਾਂ ਸਬੰਧੀ ਅਧਿਕਾਰੀਆਂ ਤੋਂ ਜਾਣਕਾਰੀ ਹਾਸਲ ਕੀਤੀ।
ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ ਦਿੱਲੀ ਵਿੱਚ ਸਥਾਪਿਤ ਮੁਹੱਲਾ ਕਲੀਨਿਕਾਂ ਦੀ ਤਰਜ਼ ’ਤੇ ਪੰਜਾਬ ਵਿੱਚ ਵੀ ਮੁਹੱਲਾ ਕਲੀਨਿਕ ਸਥਾਪਿਤ ਕਰੇਗੀ। ਮੁੱਖ ਮੰਤਰੀ ਭਗਵੰਤ ਮਾਨ ਦੇ ਸਾਹਮਣੇ ਅਧਿਕਾਰੀਆਂ ਨੇ ਦਿੱਲੀ ਵਾਂਗ ਬਣਾਏ ਜਾਣ ਵਾਲੇ ਮੁਹੱਲਾ ਕਲੀਨਿਕਾਂ ਦੀ ਪੇਸ਼ਕਾਰੀ ਦਿੱਤੀ। ਮੁੱਖ ਮੰਤਰੀ ਨੇ ਕਿਹਾ ਕਿ ਇਹ ਮੁਹੱਲਾ ਕਲੀਨਿਕ ਪੰਜਾਬ ਨੂੰ ਤੰਦਰੁਸਤ ਰੱਖਣ ਅਤੇ ਲੋਕਾਂ ਦੀ ਸਿਹਤ ਵਿੱਚ ਸੁਧਾਰ ਲਿਆਉਣ ਵਿੱਚ ਕ੍ਰਾਂਤੀਕਾਰੀ ਸਾਬਿਤ ਹੋਣਗੇ।

ਇਹ ਵੀ ਪੜ੍ਹੋ: ਬਲਾਚੌਰ: ਮਾਪਿਆਂ ਦੇ ਇਕਲੌਤੇ ਪੁੱਤ ਤੇ 5 ਭੈਣਾਂ ਦੇ ਭਰਾ ਦੀ ਸਪੇਨ 'ਚ ਮੌਤ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

ਮਾਨ ਨੇ ਕਿਹਾ ਕਿ ਦਿੱਲੀ ਵਿੱਚ ਬਣੇ ਮੁਹੱਲਾ ਕਲੀਨਿਕਾਂ ਤੋਂ ਦਿੱਲੀ ਦੇ ਗਰੀਬ ਅਤੇ ਮੱਧ ਵਰਗ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਪੰਜਾਬ ਵਿੱਚ ਬਣਨ ਵਾਲੇ ਮੁਹੱਲਾ ਕਲੀਨਿਕ ਆਪਣੇ ਆਪ ਵਿੱਚ ਇੱਕ ਆਦਰਸ਼ ਮੁਹੱਲਾ ਕਲੀਨਿਕ ਹੋਣਗੇ। ਇਨ੍ਹਾਂ ਮੁਹੱਲਾ ਕਲੀਨਿਕਾਂ ਵਿੱਚ ਸੂਬੇ ਦੇ ਲੋਕਾਂ ਨੂੰ ਮੁਫ਼ਤ ਦਵਾਈਆਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਭਗਵੰਤ ਮਾਨ 15 ਅਗਸਤ ਨੂੰ ਇਨ੍ਹਾਂ ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ ਕਰਨਗੇ। ਪਹਿਲੇ ਪੜਾਅ ਵਿੱਚ 15 ਅਗਸਤ ਨੂੰ ਸੂਬੇ ਦੇ ਕੁਝ ਵਿਧਾਨ ਸਭਾ ਹਲਕਿਆਂ ਵਿੱਚ ਮੁਹੱਲਾ ਕਲੀਨਿਕ ਸ਼ੁਰੂ ਕੀਤੇ ਜਾਣਗੇ।

ਇਹ ਵੀ ਪੜ੍ਹੋ: ਜਲੰਧਰ ਪੁਲਸ ਹੱਥ ਲੱਗੀ ਕਾਮਯਾਬੀ, ਹਥਿਆਰਾਂ ਤੇ ਵਿਦੇਸ਼ੀ ਕਰੰਸੀ ਸਣੇ 13 ਸ਼ੂਟਰ ਕੀਤੇ ਗ੍ਰਿਫ਼ਤਾਰ

ਮੁੱਖ ਮੰਤਰੀ ਨੇ ਕਿਹਾ ਕਿ ਉਹ ਖ਼ੁਦ ਮੁਹੱਲਾ ਕਲੀਨਿਕਾਂ ਦੀ ਦੇਖ-ਰੇਖ ਕਰ ਰਹੇ ਹਨ ਤਾਂ ਜੋ ਮੁਹੱਲਾ ਕਲੀਨਿਕਾਂ ਵਿੱਚ ਢੁੱਕਵਾਂ ਬੁਨਿਆਦੀ ਢਾਂਚਾ ਉਪਲੱਬਧ ਕਰਵਾਇਆ ਜਾ ਸਕੇ। ਅਧਿਕਾਰੀਆਂ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਮੁਹੱਲਾ ਕਲੀਨਿਕ ਸਥਾਪਿਤ ਕਰਨ ਲਈ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ ਅਤੇ ਅਗਸਤ ਦੇ ਸ਼ੁਰੂ ਤੱਕ ਇਹ ਤਿਆਰ ਹੋ ਜਾਣਗੇ। ਜ਼ਿਕਰਯੋਗ ਹੈ ਕਿ ਇਸ ਸਮੇਂ ਸਿਹਤ ਮਹਿਕਮਾ ਖ਼ੁਦ ਮੁੱਖ ਮੰਤਰੀ ਭਗਵੰਤ ਮਾਨ ਕੋਲ ਹੈ। ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਮੁੱਖ ਮੰਤਰੀ ਨੇ ਬਰਖ਼ਾਸਤ ਕਰ ਦਿੱਤਾ ਸੀ।

ਇਹ ਵੀ ਪੜ੍ਹੋ: ਪੰਜਾਬ ’ਚ ਵੱਡੀ ਵਾਰਦਾਤ, ਫਗਵਾੜਾ ’ਚ ਨਾਕੇ ’ਤੇ ਪੁਲਸ ਮੁਲਾਜ਼ਮਾਂ ’ਤੇ ਚੱਲੀਆਂ ਗੋਲ਼ੀਆਂ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri