ਮੁਹੱਲਾ ਬੰਨੇ ਸ਼ਾਹ ਮੁੱਢਲੀਆਂ ਸਹੂਲਤਾਂ ਤੋਂ ਸੱਖਣਾ

11/23/2017 1:49:53 AM

ਹੁਸ਼ਿਆਰਪੁਰ, (ਘੁੰਮਣ)-  ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਭਾਵੇਂ ਪਿੰਡਾਂ ਤੇ ਸ਼ਹਿਰਾਂ 'ਚ ਵਿਕਾਸ ਕਰਵਾਉਣ ਦੇ ਦਮਗਜੇ ਮਾਰੇ ਜਾਂਦੇ ਹਨ ਪਰ ਹੁਸ਼ਿਆਰਪੁਰ ਸ਼ਹਿਰ ਦੇ ਵਾਰਡ ਨੰ. 16 ਦੇ ਮੁਹੱਲਾ ਬੰਨੇ ਸ਼ਾਹ ਵਾਸੀਆਂ ਨੂੰ ਇਸ ਨਾਲ ਕੋਈ ਸਰੋਕਾਰ ਨਹੀਂ। ਨਗਰ ਨਿਗਮ ਦਾ ਹਿੱਸਾ ਹੋਣ ਦੇ ਬਾਵਜੂਦ ਇਥੋਂ ਦੀ 150-200 ਲੋਕਾਂ ਦੀ ਆਬਾਦੀ ਨੂੰ ਅਜੇ ਤੱਕ ਸੀਵਰੇਜ, ਗਲੀਆਂ-ਨਾਲੀਆਂ ਤੇ ਸਟਰੀਟ ਲਾਈਟਾਂ ਦੀ ਸਹੂਲਤ ਮੁਹੱਈਆ ਨਹੀਂ ਹੋ ਸਕੀ। ਇਲਾਕਾ ਵਾਸੀਆਂ ਅਮਰਜੀਤ ਸਿੰਘ, ਖੁਸ਼ੀ ਲਾਲ, ਦੀਪਕ ਸੈਣੀ, ਅਜਮੇਰ ਸਿੰਘ, ਜੋਤੀ, ਅਮਰਜੀਤ ਕੌਰ, ਗੀਤਾ ਰਾਣੀ, ਕੁਲਵਿੰਦਰ ਕੌਰ, ਰੇਣੂ ਬਾਲਾ, ਸੋਨੂੰ, ਦਲਜੀਤ ਸਿੰਘ ਆਦਿ ਨੇ ਦੱਸਿਆ ਕਿ ਸੀਵਰੇਜ ਅਤੇ ਨਾਲੀਆਂ ਦੀ ਵਿਵਸਥਾ ਨਾ ਹੋਣ ਕਾਰਨ ਘਰਾਂ ਦਾ ਗੰਦਾ ਪਾਣੀ ਸੜਕਾਂ 'ਚ ਵਹਿ ਰਿਹਾ ਹੈ, ਜਿਸ ਕਾਰਨ ਦਿਨ ਭਰ ਬਦਬੂ ਫੈਲੀ ਰਹਿੰਦੀ ਹੈ। ਸੜਕਾਂ 'ਤੇ ਵਹਿਣ ਵਾਲੇ ਗੰਦੇ ਪਾਣੀ 'ਤੇ ਦਿਨ ਭਰ ਭਿਨਭਿਨਾਉਂਦੇ ਮੱਛਰ ਅਤੇ ਮੱਖੀਆਂ ਬੀਮਾਰੀਆਂ ਨੂੰ ਸੱਦਾ ਦੇ ਰਹੀਆਂ ਹਨ।
ਪ੍ਰਭਾਵਿਤ ਲੋਕਾਂ ਨੇ ਕਿਹਾ ਕਿ ਮੁਹੱਲੇ ਦੀਆਂ ਕੱਚੀਆਂ ਸੜਕਾਂ ਪਿੰਡਾਂ ਵਰਗੇ ਹਾਲਾਤ ਬਿਆਨਦੀਆਂ ਹਨ। ਉਹ ਸ਼ਹਿਰ 'ਚ ਰਹਿ ਕੇ ਪਿੰਡਾਂ ਤੋਂ ਵੀ ਬਦਤਰ ²ਿਜ਼ੰਦਗੀ ਜਿਊਣ ਲਈ ਮਜਬੂਰ ਹਨ। ਦਿਨ ਢਲਦੇ ਹੀ ਇਸ ਆਬਾਦੀ 'ਚ ਹਨੇਰਾ ਛਾ ਜਾਂਦਾ ਹੈ, ਕਿਉਂਕਿ ਅਜੇ ਤੱਕ ਇਥੇ ਸਟਰੀਟ ਲਾਈਟਾਂ ਦੀ ਵਿਵਸਥਾ ਨਹੀਂ ਹੈ। ਲੋਕਾਂ ਨੇ ਕਿਹਾ ਕਿ ਪ੍ਰਸ਼ਾਸਨਿਕ ਅਤੇ ਨਗਰ ਨਿਗਮ ਅਧਿਕਾਰੀਆਂ ਨੂੰ ਵਾਰ-ਵਾਰ ਫਰਿਆਦ ਕਰਨ ਦੇ ਬਾਵਜੂਦ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਨਗਰ ਨਿਗਮ ਤੋਂ ਮੰਗ ਕੀਤੀ ਕਿ ਮੁਹੱਲੇ ਦੀ ਪਹਿਲ ਦੇ ਆਧਾਰ 'ਤੇ ਸਾਰ ਲੈ ਕੇ ਉਕਤ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ।
ਕੌਂਸਲਰ ਨੇ ਮੰਨਿਆ, ਨਹੀਂ ਹੋਇਆ ਵਿਕਾਸ : ਸੰਪਰਕ ਕਰਨ 'ਤੇ ਵਾਰਡ ਨੰ. 16 ਦੀ ਨਿਗਮ ਕੌਂਸਲਰ ਨਰਿੰਦਰ ਕੌਰ ਨੇ ਮੰਨਿਆ ਕਿ ਇਸ ਮੁਹੱਲੇ ਦਾ ਵਿਕਾਸ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵੱਲੋਂ ਪਾਏ ਜਾ ਰਹੇ 100 ਫੀਸਦੀ ਸੀਵਰੇਜ ਅਧੀਨ ਹੀ ਇਹ ਇਲਾਕਾ ਕਵਰ ਹੋਵੇਗਾ। ਉਨ੍ਹਾਂ ਕਿਹਾ ਕਿ ਮੇਰੇ ਇਸ ਮੁਹੱਲੇ 'ਚ ਸੀਵਰੇਜ, ਗਲੀਆਂ, ਨਾਲੀਆਂ ਤੇ ਸਟਰੀਟ ਲਾਈਟਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨ ਹੋ ਰਹੇ ਹਨ। ਫੰਡਾਂ ਦੀ ਘਾਟ ਵਿਕਾਸ ਕਾਰਜਾਂ ਵਿਚ ਅੜਿੱਕਾ ਬਣ ਰਹੀ ਹੈ।