ਮੋਹਾਲੀ ਦੇ ਰੌਬਿਨ ਸਿੰਘ ਨੇ ਕੀਤਾ ਕਮਾਲ, ਕੁਸ਼ਤੀ ਨੈਸ਼ਨਲ ਚੈਂਪੀਅਨਸ਼ਿਪ-2023 'ਚ ਜਿੱਤਿਆ ਸੋਨ ਤਮਗਾ

10/04/2023 1:40:47 PM

ਮੋਹਾਲੀ (ਨਿਆਮੀਆਂ) : ਰੋਹਤਕ ‘ਚ ਹੋਣ ਵਾਲੀ ਗਰੈਪਲਿੰਗ ਰੈਸਲਿੰਗ ਨੈਸ਼ਨਲ ਚੈਂਪੀਅਨਸ਼ਿਪ 2023 ‘ਚ ਮੋਹਾਲੀ ਦੇ ਸੈਕਟਰ-66 'ਚ ਰਹਿਣ ਵਾਲੇ ਰੌਬਿਨ ਸਿੰਘ ਨੇ ਸੋਨੇ ਦਾ ਤਮਗਾ ਜਿੱਤ ਕੇ ਜਿੱਥੇ ਆਪਣਾ ਅਤੇ ਆਪਣੇ ਮਾਪਿਆਂ ਦਾ ਮਾਣ ਵਧਾਇਆ ਹੈ, ਉੱਥੇ ਨਾਲ ਹੀ ਮੋਹਾਲੀ ਸ਼ਹਿਰ ਨੂੰ ਵੀ ਸਨਮਾਨ ਦਿਵਾਇਆ ਹੈ। ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਰੋਬਿਨ ਦੀ ਇਸ ਪ੍ਰਾਪਤੀ ਨੂੰ ਮੋਹਾਲੀ ਵਾਸੀਆਂ ਲਈ ਵੱਡਾ ਮਾਣ ਦੱਸਿਆ ਹੈ। ਉਨ੍ਹਾਂ ਰੌਬਿਨ ਨੂੰ ਵਧਾਈ ਦਿੱਤੀ ਹੈ। ਰੌਬਿਨ ਦੀ ਇਸ ਪ੍ਰਾਪਤੀ ਨਾਲ ਉਸ ਨੂੰ ਨਵੰਬਰ ‘ਚ ਮਾਸਕੋ ‘ਚ ਹੋਣ ਵਾਲੀ ਆਗਾਮੀ ਵਿਸ਼ਵ ਚੈਂਪੀਅਨਸ਼ਿਪ ਲਈ ਵੀ ਚੁਣ ਲਿਆ ਗਿਆ ਹੈ।

ਇਹ ਵੀ ਪੜ੍ਹੋ : ਮਨਪ੍ਰੀਤ ਬਾਦਲ ਦੀ ਅਗਾਊਂ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਅੱਜ, ਵਿਜੀਲੈਂਸ ਨੇ ਕੱਸੀ ਕਮਰ

ਇੱਥੇ ਗੱਲ ਖ਼ਾਸ ਤੌਰ 'ਤੇ ਜ਼ਿਕਰਯੋਗ ਹੈ ਕਿ ਰੌਬਿਨ ਇਸ ਤੋਂ ਪਹਿਲਾਂ ਤਿੰਨ ਵਾਰ ਨੈਸ਼ਨਲ ਚੈਂਪੀਅਨ ਬਣ ਚੁੱਕਾ ਹੈ। ਉਸਨੇ ਆਪਣੀ ਕਾਮਯਾਬੀ ਦਾ ਪੂਰਾ ਸਿਹਰਾ ਆਪਣੇ ਕੋਚ ਰੋਹਿਤ ਕੰਵਰ ਨੂੰ ਦਿੱਤਾ ਹੈ। ਰੌਬਿਨ ਨੇ ਦੱਸਿਆ ਕਿ ਉਹ ਪਿਛਲੇ 7 ਸਾਲਾਂ ਤੋਂ ਕੋਚ ਰੋਹਿਤ ਤੋਂ ਸਿਖਲਾਈ ਲੈ ਰਿਹਾ ਹੈ। ਉਸ ਨੇ ਦੱਸਿਆ ਕਿ ਇਸ ਪ੍ਰਾਪਤੀ ਦੇ ਲਈ ਉਸ ਨੇ ਬਹੁਤ ਸਖ਼ਤ ਮਿਹਨਤ ਕੀਤੀ ਹੈ। ਰੌਬਿਨ ਦੇ ਕੋਚ ਨੇ ਦੱਸਿਆ ਕਿ ਰੌਬਿਨ ਬਹੁਤ ਮਿਹਨਤੀ ਅਤੇ ਹੋਣਹਾਰ ਖਿਡਾਰੀ ਹੈ।

ਇਹ ਵੀ ਪੜ੍ਹੋ : ਲੁਧਿਆਣਾ 'ਚ ਮਾਲਗੱਡੀ ਦੇ ਡੱਬੇ ਪਟੜੀ ਤੋਂ ਉਤਰੇ, ਮਚ ਗਈ ਹਫੜਾ-ਦਫੜੀ

ਉਸ ਨੇ ਹਮੇਸ਼ਾ ਪੂਰੀ ਲਗਨ ਨਾਲ ਟ੍ਰੇਨਿਗ ਕੀਤੀ ਹੈ। ਸਿਖਲਾਈ ‘ਚ ਕਦੇ ਵੀ ਆਲਸ ਨਹੀਂ ਦਿਖਾਇਆ। ਰੌਬਿਨ ਸਿੰਘ ਨੇ ਸੀਨੀਅਰ ਨੈਸ਼ਨਲ ਗਰੈਪਲਿੰਗ ਕੁਸ਼ਤੀ ਚੈਂਪੀਅਨਸ਼ਿਪ ਦੌਰਾਨ ਨੇ 92 ਕਿੱਲੋ ਭਾਰ ਵਰਗ ‘ਚ 5 ਮੈਚ ਜਿੱਤੇ।  ਪਹਿਲਾ ਮੈਚ ਯੂ. ਪੀ. ਨਾਲ, ਦੂਜਾ ਮੈਚ ਦਿੱਲੀ ਨਾਲ, ਤੀਜਾ ਮੈਚ ਹਿਮਾਚਲ ਨਾਲ, ਚੌਥਾ ਮੈਚ ਰਾਜਸਥਾਨ ਨਾਲ ਅਤੇ ਪੰਜਵਾਂ ਮੈਚ ਹਰਿਆਣਾ ਨਾਲ ਸੀ। ਇਨ੍ਹਾਂ ਨੂੰ ਜਿੱਤ ਕੇ ਰੌਬਿਨ ਨੇ ਸੋਨ ਤਗਮਾ ਜਿੱਤਿਆ। ਰੌਬਿਨ ਨੇ ਕਿਹਾ ਕਿ ਨੈਸ਼ਨਲ ਚੈਂਪੀਅਨਸ਼ਿਪ ਤੋਂ ਬਾਅਦ ਹੁਣ ਉਹ ਵਿਸ਼ਵ ਚੈਂਪੀਅਨਸ਼ਿਪ ਲਈ ਤਿਆਰ ਹੈ। ਉਸ ਨੇ ਕਿਹਾ ਕਿ ਉਸ ਦਾ ਸੁਫ਼ਨਾ ਦੇਸ਼ ਲਈ ਸੋਨ ਤਗਮਾ ਜਿੱਤ ਕੇ ਆਪਣੇ ਕੋਚ ਦੇ ਨਾਲ-ਨਾਲ ਆਪਣੇ ਮਾਤਾ-ਪਿਤਾ ਦਾ ਵੀ ਮਾਣ ਵਧਾਉਣਾ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 

Babita

This news is Content Editor Babita