ਮੋਹਾਲੀ ਪੁਲਸ ਵੱਲੋਂ ਬਿਸ਼ਨੋਈ ਗੈਂਗ ਦੇ 2 ਗੁਰਗੇ ਪਿਸਤੌਲਾਂ ਤੇ ਸਫਾਰੀ ਗੱਡੀ ਸਣੇ ਗ੍ਰਿਫ਼ਤਾਰ

04/07/2022 9:37:19 PM

ਮੋਹਾਲੀ (ਹਰਪ੍ਰੀਤ ਸਿੰਘ ਜੱਸੋਵਾਲ) : ਐੱਸ. ਏ. ਐੱਸ. ਨਗਰ ਮੋਹਾਲੀ ਦੇ ਸੀਨੀਅਰ ਪੁਲਸ ਕਪਤਾਨ ਵਿਵੇਕ ਸ਼ੀਲ ਸੋਨੀ ਆਈ. ਪੀ. ਐੱਸ. ਨੇ ਇਕ ਪ੍ਰੈੱਸ ਨੋਟ ਜਾਰੀ ਕਰਦਿਆਂ ਦਾਅਵਾ ਕੀਤਾ ਕਿ ਮੋਹਾਲੀ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ ਜਦੋਂ ਕੈਨੇਡਾ ਬੈਠੇ ਵਿਦੇਸ਼ੀ ਹੈਂਡਲਰ ਸਤਵਿੰਦਰ ਸਿੰਘ ਉਰਫ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਗਰੁੱਪ ਦੇ 2 ਐਕਟਿਵ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ। ਬਿਸ਼ਨੋਈ ਗਰੁੱਪ ਨੂੰ ਪੂਰੇ ਪੰਜਾਬ 'ਚ ਚਲਾ ਰਹੇ ਮਨਪ੍ਰੀਤ ਸਿੰਘ ਉਰਫ ਮੰਨਾ ਪੁੱਤਰ ਸੁਖਮੰਦਰ ਸਿੰਘ ਤੇ ਉਸ ਦੇ ਨੇੜਲੇ ਸਾਥੀ ਗੁਰਪ੍ਰੀਤ ਸਿੰਘ ਪੁੱਤਰ ਗੁਰਤੇਜ ਸਿੰਘ ਵਾਸੀ ਨੇੜੇ ਦਾਣਾ ਮੰਡੀ ਭੀਖੀ ਜ਼ਿਲ੍ਹਾ ਮਾਨਸਾ ਨੂੰ ਬੀਤੀ ਰਾਤ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ 'ਚੋਂ 2 ਪਿਸਤੌਲਾਂ ਸਮੇਤ ਐਮੂਨੀਸ਼ਨ ਅਤੇ ਇਕ ਚਿੱਟੇ ਰੰਗ ਦੀ ਸਫਾਰੀ ਗੱਡੀ ਬਰਾਮਦ ਕੀਤੀ।

ਇਹ ਵੀ ਪੜ੍ਹੋ : ਗਰੀਬ ਕਿਸਾਨਾਂ ਦੇ ਭਲੇ ਲਈ ਅਮੀਰ ਕਿਸਾਨਾਂ ’ਤੇ ਲੱਗੇ ਇਨਕਮ ਟੈਕਸ

ਸੀਨੀਅਰ ਪੁਲਸ ਕਪਤਾਨ ਦੱਸਿਆ ਕਿ ਬੀਤੀ 4 ਅਪ੍ਰੈਲ ਨੂੰ ਮੋਹਾਲੀ ਪੁਲਸ ਨੂੰ ਟੈਕਨੀਕਲ ਅਤੇ ਮੈਨੂਅਲ ਇਨਪੁਟ ਮਿਲੀ ਕਿ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦਾ ਜੇਲ ਵਿਚ ਬੈਠਾ ਸਾਥੀ ਮਨਪ੍ਰੀਤ ਸਿੰਘ ਮੰਨਾ ਤਲਵੰਡੀ ਸਾਬੋ ਬਠਿੰਡਾ ਤੋਂ ਪੂਰੇ ਪੰਜਾਬ 'ਚ ਆਪਣਾ ਗੈਂਗ ਆਪ੍ਰੇਟ ਕਰ ਰਿਹਾ ਹੈ, ਜਿਸ ਦੇ ਸਾਥੀ ਟਰਾਈਸਿਟੀ ਏਰੀਏ 'ਚ ਟਿਕਾਣੇ ਬਣਾਉਣ ਲੱਗੇ ਹੋਏ ਹਨ, ਜਿਸ 'ਤੇ ਸਥਾਨਕ ਪੁਲਸ ਨੇ ਮੁਕੱਦਮਾ ਨੰਬਰ 90/2021 ਅ/ਧ 25 ਅਸਲਾ ਐਕਟ ਥਾਣਾ ਸਦਰ ਕੁਰਾਲੀ 'ਚ ਲੋੜੀਂਦੇ ਗੈਂਗਸਟਰ ਮੰਨਾ ਨੂੰ ਜਦੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਪੁਲਸ ਰਿਮਾਂਡ ਦੌਰਾਨ ਡੂੰਘਾਈ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਪੁਲਸ ਨੂੰ ਉਸ ਦੇ ਗਰੁੱਪ ਦੀਆਂ ਅਪਰਾਧਿਕ ਯੋਜਨਾਵਾਂ ਬਾਰੇ ਦੱਸਿਆ ਤੇ ਇਹ ਵੀ ਦੱਸਿਆ ਕਿ ਕੈਨੇਡਾ 'ਚ ਬੈਠੇ ਗੋਲਡੀ ਬਰਾੜ ਨੇ ਉਸ ਨੂੰ ਅਤੇ ਉਸ ਦੇ ਸਾਥੀਆਂ ਨੂੰ ਗੁਰੂਗ੍ਰਾਮ ਦੇ ਨੇੜਿਓਂ 3 ਪਿਸਤੌਲ ਦਿਵਾਏ ਸਨ, ਜਿਨ੍ਹਾਂ 'ਚ ਇਕ 30 ਬੋਰ, ਇਕ 32 ਬੋਰ ਅਤੇ ਇਕ 315 ਬੋਰ ਦਾ ਸੀ। ਮੰਨਾ ਨੇ ਪੁੱਛਗਿੱਛ ਦੌਰਾਨ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਗਰੁੱਪ ਦੇ ਟਾਰਗੈੱਟ ਬਾਰੇ ਅਹਿਮ ਜਾਣਕਾਰੀ ਦਿੱਤੀ। 

ਇਹ ਵੀ ਪੜ੍ਹੋ : ਪੜ੍ਹੋ ਅੱਜ ਦੀਆਂ ਵੱਡੀਆਂ ਖ਼ਬਰਾਂ

ਪੁਲਸ ਕਪਤਾਨ ਸੋਨੀ ਨੇ ਅੱਗੇ ਦੱਸਿਆ ਕਿ ਪੁਲਸ ਨੇ ਇਨਪੁਟਸ ਅਤੇ ਮਨਪ੍ਰੀਤ ਸਿੰਘ ਵੱਲੋਂ ਦਿੱਤੀ ਜਾਣਕਾਰੀ ਦੇ ਅਧਾਰ 'ਤੇ ਬਾਰੀਕੀ ਨਾਲ ਜਾਂਚ ਨੂੰ ਅੱਗੇ ਵਧਾਇਆ ਤਾਂ 6 ਅਪ੍ਰੈਲ ਨੂੰ ਇਸ ਗਿਰੋਹ ਵਿਰੁੱਧ ਮੁਕੱਦਮਾ ਨੰਬਰ 74/2022 ਅਧੀਨ ਧਾਰਾਵਾਂ 25 ਸਬ-ਸੈਕਸ਼ਨ 7 ਤੇ 8 ਅਸਲਾ ਐਕਟ ਥਾਣਾ ਸਦਰ ਖਰੜ ਦਰਜ ਕਰਕੇ ਜਲਵਾਯੂ ਟਾਵਰ ਨੇੜੇ ਨਾਕਾਬੰਦੀ ਦੌਰਾਨ ਬਿਸ਼ਨੋਈ ਗਰੁੱਪ ਦੇ ਮਨਪ੍ਰੀਤ ਸਿੰਘ ਮੰਨਾ ਦੇ ਨੇੜਲੇ ਸਾਥੀ ਗੁਰਪ੍ਰੀਤ ਸਿੰਘ ਨੂੰ ਚਿੱਟੇ ਰੰਗ ਦੀ ਇਕ ਟਾਟਾ ਸਫਾਰੀ 'ਚੋਂ ਗ੍ਰਿਫਤਾਰ ਕਰਕੇ ਉਸ ਪਾਸੋਂ 32 ਬੋਰ ਸਮੇਤ 6 ਕਾਰਤੂਸ ਅਤੇ 315 ਬੋਰ ਦੇ ਪਿਸਤੌਲ ਸਮੇਤ 2 ਕਾਰਤੂਸ ਬਰਾਮਦ ਕਰਕੇ ਉਸ ਨੂੰ ਮੁਕੱਦਮਾ ਨੰਬਰ 74/2022 ਥਾਣਾ ਖਰੜ 'ਚ ਗ੍ਰਿਫਤਾਰ ਕਰ ਲਿਆ ਗਿਆ। ਤਫਤੀਸ਼ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਗੁਰਪ੍ਰੀਤ ਸਿੰਘ ਪਹਿਲਾਂ ਵੀ ਇਕ ਕਤਲ ਕੇਸ ਨੰਬਰ 116, ਮਿਤੀ 28.11.2014 ਅਧੀਨ ਧਾਰਾ 302, 427, 148, 149 ਆਈ. ਪੀ. ਸੀ. ਥਾਣਾ ਭੀਖੀ ਜ਼ਿਲ੍ਹਾ ਮਾਨਸਾ 'ਚ 2014 ਤੋਂ 2020 ਤੱਕ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਬੰਦ ਰਿਹਾ ਹੈ। ਇਸ ਸਮੇਂ ਦੌਰਾਨ ਇਸ ਨੇ ਲਾਰੈਂਸ ਬਿਸ਼ਨੋਈ ਗਰੁੱਪ ਦੇ ਗੈਂਗਸਟਰਾਂ ਨਾਲ ਰਾਬਤਾ ਕਾਇਮ ਕਰ ਲਿਆ। ਉਸ ਕੋਲੋਂ ਅੱਗੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਰਾਜ ਸਭਾ ਮੈਂਬਰਾਂ ਅਤੇ ਚਿਪ ਵਾਲੇ ਮੀਟਰਾਂ ਦੇ ਮਾਮਲੇ 'ਤੇ ਸੁਣੋ ਵਿਧਾਇਕ ਕਾਕਾ ਬਰਾੜ ਦਾ ਜਵਾਬ (ਵੀਡੀਓ)

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

Harnek Seechewal

This news is Content Editor Harnek Seechewal