ਲੁੱਟ ਦੇ ਮਾਮਲੇ ''ਚ ਮੋਹਾਲੀ ਪੁਲਸ ਨੇ ਚੁੱਕੇ ਨੌਜਵਾਨ, ਮਿਲੀਆਂ 8 ਏਅਰਗੰਨਾਂ

01/06/2020 2:55:40 PM

ਮੋਹਾਲੀ (ਰਾਣਾ) : ਫੇਜ਼-10 ਵਿਚ ਜਿਊਲਰੀ ਸ਼ਾਪ ਵਿਚ ਹੋਈ ਲੱਖਾਂ ਦੀ ਲੁੱਟ ਦੇ ਮਾਮਲੇ ਵਿਚ ਫੇਜ਼-11 ਥਾਣਾ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਫੇਜ਼-11 ਸਥਿਤ ਇਕ ਘਰ ਵਿਚ ਰਾਤ ਢਾਈ ਵਜੇ ਰੇਡ ਕੀਤੀ, ਜਿਥੋਂ ਪੁਲਸ ਨੇ ਕੁਝ ਨੌਜਵਾਨਾਂ ਨੂੰ ਹਿਰਾਸਤ ਵਿਚ ਲੈ ਲਿਆ। ਪੁਲਸ ਨੇ ਜਦੋਂ ਉਨ੍ਹਾਂ ਦੇ ਘਰ ਦੀ ਤਲਾਸ਼ੀ ਲਈ ਤਾਂ ਉੱਥੋਂ 8 ਏਅਰ ਗੰਨਾਂ ਬਰਾਮਦ ਕੀਤੀਆਂ, ਜਿਸ ਤੋਂ ਬਾਅਦ ਪੁਲਸ ਨੇ ਕਾਫ਼ੀ ਦੇਰ ਪੁੱਛਗਿੱਛ ਕਰਨ ਤੋਂ ਬਾਅਦ ਉਨ੍ਹਾਂ ਨੂੰ ਛੱਡ ਦਿੱਤਾ। ਇਸ ਲੁੱਟ ਨੂੰ 7 ਦਿਨ ਬੀਤ ਚੁੱਕੇ ਹਨ ਪਰ ਪੁਲਸ ਦੇ ਹੱਥ ਹੁਣ ਤਕ ਇਕ ਵੀ ਸਬੂਤ ਨਹੀਂ ਲੱਗ ਸਕਿਆ।
ਪੂਰੀ ਤਿਆਰੀ ਨਾਲ ਕੀਤੀ ਸੀ ਪੁਲਸ ਨੇ ਰੇਡ
ਜਾਣਕਾਰੀ ਅਨੁਸਾਰ ਮੋਹਾਲੀ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਫੇਜ਼-10 ਜਿਊਲਰੀ ਸ਼ਾਪ ਦੀ ਲੁੱਟ ਨੂੰ ਜਿਨ੍ਹਾਂ ਮੁਲਜ਼ਮਾਂ ਨੇ ਅੰਜਾਮ ਦਿੱਤਾ ਸੀ, ਉਹ ਸਾਰੇ ਫੇਜ਼-11 ਸਥਿਤ ਇਕ ਘਰ ਵਿਚ ਲੁਕੇ ਹੋਏ ਹਨ। ਪੁਲਸ ਦੀ ਇਕ ਟੀਮ ਪੂਰੀ ਤਿਆਰੀ ਦੇ ਨਾਲ ਫੇਜ਼-11 ਵਿਚ ਪਹੁੰਚੀ ਅਤੇ ਜਿਸ ਘਰ ਵਿਚ ਉਹ ਨੌਜਵਾਨ ਰਹਿ ਰਹੇ ਸਨ, ਉਸ ਦੇ ਚਾਰੇ ਪਾਸੇ ਸਿਵਲ ਵਰਦੀ ਵਿਚ ਜਵਾਨ ਤਾਇਨਾਤ ਕਰ ਦਿੱਤੇ ਤਾਂ ਕਿ ਕੋਈ ਮੁਲਜ਼ਮ ਭੱਜ ਨਾ ਸਕੇ। ਇਸ ਦੇ ਨਾਲ ਹੀ ਪਤਾ ਲੱਗਾ ਹੈ ਕਿ ਪੁਲਸ ਟੀਮ ਵਿਚ ਸ਼ੂਟਰ ਵੀ ਸ਼ਾਮਲ ਸਨ ਕਿਉਂਕਿ ਪੁਲਸ ਨੂੰ ਪਹਿਲਾਂ ਹੀ ਸ਼ੱਕ ਸੀ ਕਿ ਉਨ੍ਹਾਂ ਕੋਲ ਪਿਸਤੌਲ ਵੀ ਹਨ।
ਸਾਰੇ ਨੌਜਵਾਨ ਨਿਕਲੇ ਖਿਡਾਰੀ
ਪੁਲਸ ਮੁਤਾਬਕ ਸ਼ੱਕ ਦੇ ਆਧਾਰ 'ਤੇ ਨੌਜਵਾਨਾਂ ਨੂੰ ਚੁੱਕ ਤਾਂ ਲਿਆ ਪਰ ਬਾਅਦ ਵਿਚ ਜਦੋਂ ਉਨ੍ਹਾਂ ਦੀ ਨਿਸ਼ਾਨਦੇਹੀ 'ਤੇ ਘਰ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 8 ਏਅਰ ਗੰਨਾਂ ਬਰਾਮਦ ਹੋਈਆਂ। ਏਅਰ ਗੰਨਾਂ ਦਾ ਵੀ ਪਤਾ ਪੁਲਸ ਨੂੰ ਜਾਂਚ ਕਰਨ ਤੋਂ ਬਾਅਦ ਲੱਗਿਆ। ਜਦੋਂ ਪੁਲਸ ਵੱਲੋਂ ਨੌਜਵਾਨਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਹ ਤਾਂ ਨੈਸ਼ਨਲ ਪੱਧਰ ਦੇ ਖਿਡਾਰੀ ਹਨ, ਜਿਸ ਤੋਂ ਬਾਅਦ ਪੁਲਸ ਨੇ ਉਨ੍ਹਾਂ ਨੂੰ ਛੱਡ ਦਿੱਤਾ।
ਪੂਰੇ ਮੁਹੱਲੇ ਵਿਚ ਬਣਿਆ ਦਹਿਸ਼ਤ ਦਾ ਮਾਹੌਲ
ਸਥਾਨਕ ਨਿਵਾਸੀਆਂ ਮੁਤਾਬਕ ਜਦੋਂ ਦੇਰ ਰਾਤ ਪੁਲਸ ਦੀਆਂ ਗੱਡੀਆਂ ਉਨ੍ਹਾਂ ਦੇ ਮੁਹੱਲੇ ਵਿਚ ਆ ਕੇ ਰੁਕੀਆਂ ਅਤੇ ਉਸ ਦੇ ਅੰਦਰੋਂ ਗੰਨਾਂ ਲੈ ਕੇ ਸਿਵਲ ਵਰਦੀ ਵਿਚ ਪੁਲਸ ਵਾਲੇ ਉਤਰੇ ਤਾਂ ਉਨ੍ਹਾਂ ਨੂੰ ਲੱਗਿਆ ਕਿ ਸ਼ਾਇਦ ਕੋਈ ਗੈਂਗਸਟਰ ਉਨ੍ਹਾਂ ਦੇ ਮੁਹੱਲੇ ਵਿਚ ਲੁਕ ਕੇ ਬੈਠਾ ਹੈ। ਉਸ ਦੌਰਾਨ ਜਿੰਨੇ ਵੀ ਲੋਕ ਘਰੋਂ ਬਾਹਰ ਨਿਕਲੇ ਸਨ, ਪੁਲਸ ਨੇ ਸਾਰਿਆਂ ਨੂੰ ਕਹਿ ਦਿੱਤਾ ਸੀ ਕਿ ਉਹ ਆਪਣੇ-ਆਪਣੇ ਘਰਾਂ ਦੇ ਅੰਦਰ ਚਲੇ ਜਾਣ। ਉਨ੍ਹਾਂ ਨੂੰ ਕੁਝ ਗਲਤ ਲੋਕਾਂ ਦੇ ਲੁਕੇ ਹੋਣ ਦੀ ਸੂਚਨਾ ਹੈ।
 


Babita

Content Editor

Related News