ਰਾਤ ਨੂੰ ਜਗਮਗ ਕਰਦੇ 'ਮੋਹਾਲੀ' ਸ਼ਹਿਰ ਅੱਗੇ ਫਿੱਕੀ ਪਈ ਚੰਡੀਗੜ੍ਹ ਦੀ ਖੂਬਸੂਰਤੀ, ਜਾਣੋ ਕਿਵੇਂ...(ਤਸਵੀਰਾਂ)

09/12/2017 10:46:00 AM

ਮੋਹਾਲੀ (ਨਿਆਮੀਆਂ) : ਰਾਤ ਨੂੰ ਮੋਹਾਲੀ ਸ਼ਹਿਰ ਦੀਆਂ ਸੜਕਾਂ 'ਤੇ ਐੱਲ. ਈ. ਡੀ. ਲਾਈਟਾਂ ਨੇ ਚੰਡੀਗੜ੍ਹ ਦੀ ਖੂਬਸੂਰਤੀ ਨੂੰ ਫਿੱਕਾ ਕਰ ਛੱਡਿਆ ਹੈ। ਇਸ ਮਾਮਲੇ 'ਚ ਚੰਡੀਗੜ੍ਹ ਨੂੰ ਪਛਾੜਦੇ ਹੋਏ ਮੋਹਾਲੀ ਨਗਰ ਨਿਗਮ ਨੇ 'ਪਲੈਟੀਨਮ ਐਵਾਰਡ' ਹਾਸਲ ਕੀਤਾ ਹੈ। ਇਹ ਐਵਾਰਡ ਸਕਾਚ ਫਾਊਂਡੇਸ਼ਨ ਵਲੋਂ ਕਰਾਏ ਇਕ ਸਮਾਰੋਹ ਦੌਰਾਨ ਦਿੱਤਾ ਗਿਆ। ਚੰਡੀਗੜ੍ਹ ਨੂੰ ਐੱਲ. ਈ. ਡੀ. ਲਾਈਟਾਂ ਲਾਉਣ ਲਈ ਸਿਲਵਰ ਐਵਾਰਡ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਗਰ ਨਿਗਮ ਦੇ ਮੇਅਰ ਕੁਲਵੰਤ ਸਿੰਘ ਨੇ ਦੱਸਿਆ ਕਿ ਕੁੱਲ 21,800 ਲਾਈਟ ਪੁਆਇੰਟ ਹਨ, ਜਿਨ੍ਹਾਂ 'ਚੋਂ ਅਗਸਤ ਮਹੀਨੇ ਤੱਕ 18,000 'ਤੇ ਐੱਲ. ਈ. ਡੀ. ਲਾਈਟਾਂ ਲਾ ਦਿੱਤੀਆਂ ਗੀਆਂ ਹਨ। ਇਹ ਲਾਈਟਾਂ ਈ-ਸਮਾਰਟ ਕੰਪਨੀ ਲਾ ਰਹੀ ਹੈ, ਜੋ ਕਿ ਬਗੈਰ ਕੋਈ ਪੈਸਾ ਲਏ 10 ਸਾਲ ਤੱਕ ਇਨ੍ਹਾਂ ਲਾਈਟਾਂ ਦੀ ਦੇਖਭਾਲ ਵੀ ਕਰੇਗੀ। ਉਨ੍ਹਾਂ ਨੇ ਕਿਹਾ ਕਿ ਪੂਰੇ ਮੋਹਾਲੀ ਸ਼ਹਿਰ 'ਚ ਹੀ ਪੁਰਾਣੀਆਂ ਸਟਰੀਟ ਲਾਈਟਾਂ ਨੂੰ ਬਦਲ ਕੇ ਐੱਲ. ਈ. ਡੀ. ਲਾਈਟਾਂ ਲਾਈਆਂ ਜਾ ਰਹੀਆਂ ਹਨ। ਕੰਪਨੀ ਦਾ ਦਾਅਵਾ ਹੈ ਕਿ ਇਨ੍ਹਾਂ ਲਾਈਟਾਂ ਨੂੰ ਲਾਉਣ ਨਾਲ ਪਹਿਲਾਂ ਆਉਂਦੇ ਬਿਜਲੀ ਬਿੱਲਾ ਦਾ ਸਿਰਫ 38 ਫੀਸਦੀ ਹੀ ਭਰਨਾ ਪਵੇਗਾ। ਇਸ ਤਰ੍ਹਾਂ 62 ਫੀਸਦੀ ਬਿਜਲੀ ਦੀ ਬੱਚਤ ਹੋਵੇਗੀ। ਕੰਪਨੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਜੇਕਰ 38 ਫੀਸਦੀ ਤੋਂ ਜ਼ਿਆਦਾ ਬਿਜਲੀ ਬਿੱਲ ਆਵੇਗਾ ਤਾਂ ਉਸ ਨੂੰ ਕੰਪਨੀ ਵਲੋਂ ਭਰਿਆ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਬੱਚਤ ਹੋਣ ਵਾਲਾ 62 ਫੀਸਦੀ ਪੈਸਾ ਨਗਰ ਨਿਗਮ ਕੰਪਨੀ ਨੂੰ ਦੇਵੇਗਾ ਅਤੇ ਕੰਪਨੀ ਇਸ ਦੇ ਬਦਲੇ 10 ਫੀਸਦੀ ਮੋੜ ਦੇਵੇਗੀ।