ਮੋਹਾਲੀ : ਦਰਦ ਨਾਲ ਤੜਫਦੀ ਗਰਭਵਤੀ ''ਤੇ ਡਾਕਟਰਾਂ ਨੂੰ ਜ਼ਰਾ ਤਰਸ ਨਾ ਆਇਆ

04/23/2019 4:32:47 PM

ਮੋਹਾਲੀ (ਜੱਸੋਵਾਲ) : ਮੋਹਾਲੀ ਦੇ ਸਿਵਲ ਹਸਪਤਾਲ 'ਚ ਇਕ ਗਰਭਵਤੀ ਔਰਤ ਦਰਦ ਨਾਲ ਤੜਫਦੀ ਰਹੀ ਪਰ ਡਾਕਟਰਾਂ ਨੂੰ ਉਸ 'ਤੇ ਜ਼ਰਾ ਜਿੰਨਾ ਵੀ ਤਰਸ ਨਹੀਂ ਆਇਆ ਪਰ ਬਾਅਦ 'ਚ ਜਦੋਂ 'ਜਗਬਾਣੀ' ਦੀ ਟੀਮ ਹਸਪਤਾਲ ਪੁੱਜੀ ਤਾਂ ਜਲਦਬਾਜ਼ੀ 'ਚ ਗਰਭਵਤੀ ਦਾ ਇਲਾਜ ਸ਼ੁਰੂ ਕੀਤਾ ਗਿਆ। ਜਾਣਕਾਰੀ ਮੁਤਾਬਕ ਗਰਭਵਤੀ ਔਰਤ ਦੇ ਪਤੀ ਸੰਜੀਵ ਨੇ ਦੱਸਿਆ ਕਿ ਉਸ ਦਾ ਕੁਝ ਨੌਜਵਾਨਾਂ ਨਾਲ ਪੈਸਿਆਂ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ, ਜਿਸ ਕਾਰਨ ਨੌਜਵਾਨਾਂ ਨੇ ਉਸ ਦੇ ਘਰ ਆ ਕੇ ਉਸ ਦੀ ਗਰਭਵਤੀ ਪਤਨੀ ਨਾਲ ਕੁੱਟਮਾਰ ਕੀਤੀ ਅਤੇ ਉਸ ਨੂੰ ਗੰਭੀਰ ਜ਼ਖਮੀਂ ਕਰ ਦਿੱਤਾ। ਜਦੋਂ ਉਹ ਹਫੜਾ-ਦਫੜੀ 'ਚ ਦਰਦ ਨਾਲ ਤੜਫ ਰਹੀ ਪਤਨੀ ਨੂੰ ਮੋਹਾਲੀ ਦੇ ਸਿਵਲ ਹਸਪਤਾਲ ਲੈ ਕੇ ਪੁੱਜਾ ਤਾਂ ਡਾਕਟਰਾਂ ਨੇ ਉਸ ਦਾ ਇਲਾਜ ਨਹੀਂ ਕੀਤਾ। ਉਸ ਦੀ ਪਤਨੀ ਅਮਰਜੈਂਸੀ 'ਚ 2 ਦਿਨ ਤੜਫਦੀ ਰਹੀ ਅਤੇ ਉਸ ਦਾ ਅਲਟਰਾ ਸਾਊਂਡ ਤੱਕ ਨਹੀਂ ਕਰਾਇਆ ਗਿਆ।

ਇਸ ਤੋਂ ਬਾਅਦ 'ਜਗਬਾਣੀ' ਦੀ ਟੀਮ ਹਸਪਤਾਲ ਪੁੱਜੀ ਤਾਂ ਇਹ ਸਾਰਾ ਮਾਮਲਾ 'ਪੰਜਾਬ ਵੁਮੈਨ ਕਮਿਸ਼ਨ' ਦੇ ਧਿਆਨ 'ਚ ਲਿਆਂਦਾ ਗਿਆ, ਜਿਸ ਤੋਂ ਬਾਅਦ ਗਰਭਵਤੀ ਔਰਤ ਦਾ ਇਲਾਜ ਸ਼ੁਰੂ ਹੋ ਸਕਿਆ। ਜਦੋਂ ਇਸ ਬਾਰੇ ਡਿਊਟੀ 'ਤੇ ਮੌਜੂਦ ਡਾਕਟਰ ਅਵਤਾਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਨ੍ਹਾਂ ਨੇ ਗਰਭਵਤੀ ਔਰਤ ਦੀ ਹਾਲਤ ਬਾਰੇ ਤੁਰੰਤ ਲੇਡੀ ਡਾਕਟਰ ਨੂੰ ਸੂਚਿਤ ਕਰ ਦਿੱਤਾ ਸੀ ਅਤੇ ਗਰਭਵਤੀ ਔਰਤ ਨੂੰ ਅਮਰਜੈਂਸੀ ਵਿਭਾਗ ਤੋਂ ਗਾਇਨੀ ਵਿਭਾਗ 'ਚ ਰੈਫਰ ਕਰ ਦਿੱਤਾ ਗਿਆ ਹੈ। ਉੱਥੇ ਹੀ ਥਾਣਾ ਸੋਹਾਣਾ ਦੇ ਏ. ਐੱਸ. ਆਈ. ਨੇ ਗੱਲ ਕਰਨ 'ਤੇ ਦੱਸਿਆ ਕਿ ਉਹ ਡਾਕਟਰਾਂ ਦੀ ਰਿਪੋਰਟ ਅਤੇ ਪੀੜਤ ਔਰਤ ਦੇ ਬਿਆਨ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰਨਗੇ ਅਤੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। 
 

Babita

This news is Content Editor Babita