ਮੋਗਾ: ਖੂਨ ਬਣਿਆ ਪਾਣੀ, ਨਸ਼ੇ ਲਈ ਪੁੱਤ ਨੇ ਕੀਤਾ ਪਿਤਾ ਦਾ ਕਤਲ

08/30/2018 12:56:08 PM

ਮੋਗਾ(ਗੋਪੀ/ਬਾਵਾ/ਜਗਸੀਰ)—ਪਿੰਡ ਘੋਲੀਆ ਖੁਰਦ ਵਿਖੇ ਇਕ ਕਲਯੁਗੀ ਨਸ਼ੇੜੀ ਪੁੱਤਰ ਵੱਲੋਂ ਆਪਣੇ 90 ਸਾਲਾ ਪਿਓ ਦੇ ਸਿਰ 'ਚ ਰਾਡ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਬੀਤੀ ਰਾਤ ਪਿੰਡ ਘੋਲੀਆ ਖੁਰਦ ਵਿਖੇ ਸੇਵਕ ਸਿੰਘ ਵੱਲੋਂ ਆਪਣੇ ਪਿਓ ਕਿਰਪਾਲ ਸਿੰਘ ਦੇ ਸਿਰ 'ਚ ਰਾਡ ਮਾਰ ਕੇ ਕਤਲ ਕਰ ਦਿੱਤਾ ਗਿਆ। ਸੂਚਨਾ ਮਿਲਣ 'ਤੇ ਡੀ. ਐੱਸ. ਪੀ. ਨਿਹਾਲ ਸਿੰਘ ਵਾਲਾ ਸੁਬੇਗ ਸਿੰਘ, ਥਾਣਾ ਨਿਹਾਲ ਸਿੰਘ ਵਾਲਾ ਦੇ ਮੁਖੀ ਦਿਲਬਾਗ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਪਹੁੰਚਾਇਆ।

ਪੁਲਸ ਨੇ ਮ੍ਰਿਤਕ ਦੀ ਪੋਤਰੀ ਬਲਜੀਤ ਕੌਰ ਪਤਨੀ ਅਮਨਦੀਪ ਸਿੰਘ ਦੇ ਬਿਆਨਾਂ 'ਤੇ ਸੇਵਕ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਬਲਜੀਤ ਕੌਰ ਨੇ ਆਪਣੇ ਬਿਆਨਾਂ ਵਿਚ ਦੱਸਿਆ ਕਿ ਉਸ ਦਾ ਪਿਤਾ ਸੇਵਕ ਸਿੰਘ, ਜੋ ਕਿ ਨਸ਼ੇ ਦਾ ਆਦੀ ਹੈ, ਆਪਣੇ ਪਿਤਾ ਨਾਲ ਘਰ ਨੂੰ ਵੇਚਣ ਲਈ ਲੜਾਈ-ਝਗੜਾ ਕਰਦਾ ਸੀ, ਜਦਕਿ ਕਿਰਪਾਲ ਸਿੰਘ ਘਰ ਵੇਚਣ ਲਈ ਰਾਜ਼ੀ ਨਹੀਂ ਸੀ। ਬੀਤੀ ਰਾਤ ਉਨ੍ਹਾਂ ਦਾ ਇਸੇ ਗੱਲ ਨੂੰ ਲੈ ਕੇ ਲੜਾਈ-ਝਗੜਾ ਹੋਇਆ ਤੇ ਉਸ ਨੇ ਆਪਣੇ ਪਿਤਾ ਦੇ ਸਿਰ ਵਿਚ ਰਾਡ ਮਾਰ ਕੇ ਕਤਲ ਕਰ ਦਿੱਤਾ।