ਮੋਗਾ ਜ਼ਿਲ੍ਹੇ ''ਚ ਕੋਰੋਨਾ ਦੇ 44 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ

08/06/2020 8:10:48 PM

ਮੋਗਾ,(ਸੰਦੀਪ ਸ਼ਰਮਾ)- ਜ਼ਿਲ੍ਹੇ 'ਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਵੀਰਵਾਰ ਨੂੰ ਮੋਗਾ 'ਚ 44 ਨਵੇਂ ਕੋਰੋਨਾ ਪਾਜ਼ੇਟਿਵ  ਮਰੀਜ਼ਾ ਦੀ ਪੁਸ਼ਟੀ ਹੋਈ ਹੈ, ਜਿਸ ਦੇ ਬਾਅਦ ਮੋਗਾ 'ਚ ਕੋਰੋਨਾ ਦੇ ਕੁੱਲ 523 ਮਾਮਲੇ ਹੋ ਗਏ ਹਨ। ਉਥੇ ਹੀ ਹੁਣ ਤੱਕ ਜ਼ਿਲੇ ਵਿਚ ਸਰਗਰਮ ਮਰੀਜ਼ਾਂ ਦੀ ਗਿਣਤੀ 235 ਹੋ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦੇ ਦਿੰਦੇ ਹੋਏ ਸਿਵਲ ਸਰਜਨ ਡਾ. ਅਮਰਪ੍ਰੀਤ ਕੌਰ ਬਾਜਵਾ ਨੇ ਦੱਸਿਆ ਕਿ ਅਜੇ ਤੱਕ ਜ਼ਿਲ੍ਹੇ 'ਚ 26 ਹਜ਼ਾਰ 830 ਲੋਕਾਂ ਦੇ ਕੋਰੋਨਾ ਟੈਸਟ ਦੇ ਨਮੂਨੇ ਲਏ ਗਏ ਹਨ, ਜਿਨ੍ਹਾਂ 'ਚੋਂ 25405 ਲੋਕਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆ ਚੁੱਕੀ ਹੈ ਅਤੇ ਫਿਲਹਾਲ 642 ਲੋਕਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਇਸ ਤੋਂ ਇਲਾਵਾ ਵੀਰਵਾਰ ਨੂੰ ਜ਼ਿਲ੍ਹੇ 'ਚ 44 ਨਵੇਂ ਕੋਰੋਨਾ ਪੀੜਤ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਜੋ ਕਿ ਮੋਗਾ ਸ਼ਹਿਰ ਦੀ ਗੀਤਾ ਕਲੋਨੀ, ਵਿਸ਼ਵਕਰਮਾ ਨਗਰ, ਸਰਦਾਰ ਨਗਰ ਅਤੇ ਕਸਬਾ ਕੋਟ ਈਸੇ ਖਾਂ ਨਾਲ ਸਬੰਧਤ ਹੈ। ਇਸ ਦੇ ਨਾਲ ਹੀ ਵੀਰਵਾਰ ਦੇ ਦਿਨ ਸਿਹਤ ਵਿਭਾਗ ਦੀ ਟੀਮ ਵਲੋਂ 344 ਨਵੇਂ ਲੋਕਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ। ਪੀੜਤ ਮਰੀਜ਼ਾਂ ਨੂੰ ਘਰਾਂ ਵਿਚ ਇਕਾਂਤਵਾਸ ਕਰਨ ਸਮੇਤ ਵੱਖ-ਵੱਖ ਸਰਕਾਰੀ ਹਸਪਤਾਲਾਂ 'ਚ ਆਈਸੋਲੇਟ ਕੀਤਾ ਗਿਆ ਹੈ। ਸਿਵਲ ਸਰਜਨ ਮੁਤਾਬਕ ਵੀਰਵਾਰ ਦੇ ਦਿਨ ਕੋਰੋਨਾ ਪੀੜਤ 12 ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਉਣ 'ਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਕੇ ਘਰ ਵੀ ਭੇਜਿਆ ਗਿਆ ਹੈ, ਉਥੇ ਹੀ ਜ਼ਿਲ੍ਹੇ 'ਚ ਸਾਹਮਣੇ ਆਏ ਕੋਰੋਨਾ ਪੀੜਤ ਕਿਸੇ ਵੀ ਮਰੀਜ਼ ਦੀ ਹਾਲਤ ਫਿਲਹਾਲ ਗੰਭੀਰ ਨਹੀਂ ਹੈ।

ਕੋਰੋਨਾ ਮਰੀਜ਼ ਦੇ ਪਰਿਵਾਰ ਵਾਲੇ ਵੀ ਕਰਵਾਉਣ ਆਪਣਾ ਕੋਰੋਨਾ ਟੈਸਟ : ਸਿਵਲ ਸਰਜਨ
ਅੱਜ ਜ਼ਿਲ੍ਹੇ 'ਚ 44 ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਉਣ 'ਤੇ ਇਕ ਵਾਰ ਫਿਰ ਤੋਂ ਲੋਕਾਂ ਦੇ ਮਨ੍ਹਾਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਸਿਵਲ ਸਰਜਨ ਡਾ. ਅਮਰਪ੍ਰੀਤ ਕੌਰ ਬਾਜਵਾ ਨੇ ਸਾਹਮਣੇ ਆਏ ਹਰ ਪਾਜ਼ੇਟਿਵ ਮਰੀਜ਼ ਦੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਕੋਰੋਨਾ ਟੈਸਟ ਜ਼ਰੂਰ ਕਰਵਾਉਂਣ ਅਤੇ ਆਪਣੀ ਰਿਪੋਰਟ ਆਉਣ ਦੇ ਬਾਅਦ ਹੀ ਆਪਣੇ ਕਿਸੇ ਰਿਸ਼ਤੇਦਾਰ ਨਾਲ ਮਿਲਣ। ਉਨ੍ਹਾਂ ਅੱਜ ਸਾਹਮਣੇ ਆਏ ਮਰੀਜ਼ਾਂ ਵਿਚ ਨਿਊ ਗੀਤਾ ਕਾਲੋਨੀ ਦੇ ਨਾਲ ਵਿਸ਼ਵਕਰਮਾ ਨਗਰ ਦੇ 10, ਕਸਬਾ ਕੋਟ ਈਸੇ ਖਾਂ ਦੇ 8, ਸਿਵਲ ਲਾਈਨ ਮੋਗਾ ਤੋਂ 3, ਸਾਧਾਂਵਾਲੀ ਬਸਤੀ ਤੋਂ 2, ਬੇਰੀਆਂ ਵਾਲਾ ਮੁਹੱਲਾ ਤੋਂ 3, ਸਰਦਾਰ ਨਗਰ ਤੋਂ 1 ਅਤੇ ਆਨੰਦ ਨਗਰ ਅਤੇ ਸ਼ਹਿਰ ਦੇ ਬੇਅੰਤ ਨਗਰ ਆਦਿ ਨਾਲ ਸਬੰਧਤ ਹਨ। ਉਨ੍ਹਾਂ ਜ਼ਿਲਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਕੋਰੋਨਾ ਤੋਂ ਡਰਨ ਦੀ ਬਜਾਏ ਇਸ ਦੇ ਲਈ ਸਾਵਧਾਨੀ ਅਪਣਾਉਂਦੇ ਹੋਏ ਇਸ ਮਹਾਮਾਰੀ ਦਾ ਸਾਹਮਣਾ ਕਰਨ।


ਹਰ ਨਾਗਰਿਕ ਦੀ ਕੋਰੋਨਾ ਤੋਂ ਸੁਰੱਖਿਆ ਲਈ ਜ਼ਿਲ੍ਹਾ ਪ੍ਰਸ਼ਾਸਨ ਹੈ ਪੂਰੀ ਤਰ੍ਹਾਂ ਗੰਭੀਰ : ਡੀ. ਸੀ.
ਡਿਪਟੀ ਕਮਿਸ਼ਨਰ ਮੋਗਾ ਸੰਦੀਪ ਹੰਸ ਨੇ ਅੱਜ 'ਜਗ ਬਾਣੀ' ਨਾਲ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਸ਼ੁਰੂ ਤੋਂ ਹੀ ਕੋਰੋਨਾ ਮਹਾਮਾਰੀ ਦੇ ਪ੍ਰਤੀ ਪ੍ਰਬੰਧਾਂ ਨੂੰ ਲੈ ਕੇ ਹਰ ਤਰ੍ਹਾਂ ਨਾਲ ਗੰਭੀਰ ਹੈ ਅਤੇ ਜ਼ਿਲ੍ਹੇ ਦੇ ਹਰ ਨਾਗਰਿਕ ਨੂੰ ਕੋਰੋਨਾ ਤੋਂ ਸੁਰੱਖਿਅਤ ਰੱਖਣ ਲਈ ਕਿਸੇ ਤਰ੍ਹਾਂ ਦੀ ਕਸਰ ਨਹੀਂ ਛੱਡ ਰਿਹਾ। ਉਨ੍ਹਾਂ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਹਰ ਨਾਗਰਿਕ ਜ਼ਿਲਾ ਪ੍ਰਸ਼ਾਸਨ ਅਤੇ ਜ਼ਿਲ੍ਹਾ ਸਿਹਤ ਵਿਭਾਗ ਵਲੋਂ ਕੋਰੋਨਾ ਸੁਰੱਖਿਆ ਲਈ ਨਿਰਧਾਰਿਤ ਕੀਤੇ ਗਏ ਨਿਯਮਾਂ ਦੀ ਪੂਰੀ ਜਿੰਮੇਵਾਰੀ ਨਾਲ ਪਾਲਣਾ ਕਰੇਂ ਤਾਂ ਕਿ ਉਹ ਆਪਣੇ ਅਤੇ ਆਪਣੇ ਪਰਿਵਾਰ ਨੂੰ ਇਸ ਬਿਮਾਰੀ ਤੋਂ ਸੁਰੱਖਿਅਤ ਰੱਖ ਸਕੇ ਅਤੇ ਜ਼ਿਲਾ ਪ੍ਰਸ਼ਾਸਨ ਦੀ ਮਿਹਨਤ 'ਤੇ ਵੀ ਸਵਾਲ ਖੜੇ ਨਾ ਹੋਣ।
 

Deepak Kumar

This news is Content Editor Deepak Kumar