ਕਿਸਾਨ ਨੇ ਝੋਨੇ ਦੀ ਬਿਜਾਈ ਲਈ ਲਗਾਇਆ ਜੁਗਾੜ, ਬਚਾਇਆ ਲੱਖਾਂ ਲਿਟਰ ਪਾਣੀ (ਵੀਡੀਓ)

09/08/2019 4:43:03 PM

ਮੋਗਾ (ਵਿਪਨ) : ਮੋਗਾ ਦੇ ਪਿੰਡ ਭਾਗੇਰਿਆਂ ਦਾ ਕਿਸਾਨ ਬਲਦੇਵ ਸਿੰਘ ਉਨ੍ਹਾਂ ਕਿਸਾਨਾਂ ਲਈ ਮਿਸਾਲ ਬਣਿਆ ਹੈ, ਜੋ ਖੇਤੀ ਦੇ ਧੰਦੇ 'ਚ ਮੁਨਾਫਾ ਨਾ ਹੋਣ ਕਾਰਨ ਨਿਰਾਸ਼ ਹੋ ਚੁੱਕੇ ਹਨ। ਬਲਦੇਵ ਸਿੰਘ ਨੇ ਘੱਟ ਪਾਣੀ ਦੀ ਵਰਤੋਂ ਕਰਕੇ ਵਧੀਆ ਝੋਨੇ ਦੀ ਫਸਲ ਪੈਦਾ ਕਰਨ ਦਾ ਨਾਮਨਾ ਖੱਟਿਆ ਹੈ।

ਦਰਅਸਲ ਬਲਦੇਵ ਸਿੰਘ ਨੇ ਝੋਨੇ ਦੀ ਸਿੱਧੀ ਬਿਜਾਈ ਰਾਹੀਂ 54 ਦਿਨਾਂ 'ਚ 62 ਲੱਖ ਲੀਟਰ ਪਾਣੀ ਦੀ ਬਚਤ ਕੀਤੀ ਹੈ ਤੇ ਅਜਿਹਾ ਕਰਨ ਨਾਲ ਉਸ ਦੀ ਫਸਲ ਨੂੰ ਕੋਈ ਨੁਕਸਾਨ ਨਹੀਂ ਪੁੱਜਾ। ਬਲਦੇਵ ਸਿੰਘ ਨੇ ਦੱਸਿਆ ਕਿ ਉਹ 2009 ਤੋਂ ਇਸ ਤਰੀਕੇ ਨਾਲ ਹੀ ਫਸਲ ਪੈਦਾ ਕਰ ਰਿਹਾ ਹੈ ਤੇ ਖੇਤੀਬਾੜੀ ਵਿਭਾਗ ਵਲੋਂ ਉਸ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ।

ਬਲਦੇਵ ਸਿੰਘ ਦੇ ਪੁੱਤਰ ਨੇ ਦੱਸਿਆ ਕਿ ਝੋਨੇ ਨੂੰ ਕੱਦੂ ਕਰਨ ਦੀ ਥਾਂ ਜੇਕਰ ਸਿੱਧੀ ਬਿਜਾਈ ਕੀਤੀ ਜਾਵੇ ਤਾਂ ਪੰਜਾਬ 'ਚ ਪਾਣੀ ਦੇ ਘੱਟਦੇ ਪੱਧਰ ਦੀ ਸਮੱਸਿਆ ਨੂੰ ਬਹੁਤ ਹੀ ਆਸਾਨੀ ਨਾਲ ਦੂਰ ਕੀਤਾ ਜਾ ਸਕਦਾ ਹੈ। ਇਸ ਨਾਲ ਲੇਬਰ ਤੇ ਬਿਜਲੀ ਦੀ ਵੀ ਕਾਫੀ ਬਚਤ ਹੋ ਜਾਂਦੀ ਹੈ।

ਖੇਤੀਬਾੜੀ ਯੂਨੀਵਰਸਿਟੀ ਦੇ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਵਲੋਂ ਜਲ ਸ਼ਕਤੀ ਅਭਿਆਨ ਤਹਿਤ ਕਿਸਾਨਾਂ ਨੂੰ ਘੱਟ ਪਾਣੀ ਦੀ ਵਰਤੋਂ ਕਰਕੇ ਫਸਲਾਂ ਪੈਦਾ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਤੇ ਬਲਦੇਵ ਸਿੰਘ ਨੂੰ ਖੇਤੀਬਾੜੀ ਵਿਭਾਗ 2009 ਤੋਂ ਸਹਿਯੋਗ ਦੇ ਰਿਹਾ ਹੈ। ਇਸ ਵਾਰ ਕੇਂਦਰ ਸਰਕਾਰ ਵਲੋਂ ਭੇਜੇ ਨੁਮਾਇੰਦਿਆ ਵਲੋਂ ਵੀ ਬਲਦੇਵ ਸਿੰਘ ਦੀ ਫਸਲ ਦਾ ਨਿਰੀਖਣ ਕੀਤਾ ਗਿਆ। ਬਿਨਾਂ ਸ਼ੱਕ ਖੇਤੀਬਾੜੀ ਯੂਨੀਵਰਸਿਟੀ ਤੇ ਬਲਦੇਵ ਸਿੰਘ ਵਲੋਂ ਕਿਸਾਨਾਂ ਨੂੰ ਦਿਖਾਇਆ ਇਹ ਰਾਹ ਕਾਬਿਲ-ਏ-ਤਾਰੀਫ ਹੈ।

cherry

This news is Content Editor cherry