ਮੋਗਾ ਦੇ ਸਿਵਲ ਹਸਪਤਾਲ ''ਚ ਫਿਰ ਸ਼ਰਮਨਾਕ ਕਾਰਾ, ਜਨਾਨੀ ਨੇ ਫਰਸ਼ ''ਤੇ ਦਿੱਤਾ ਬੱਚੀ ਨੂੰ ਜਨਮ (ਤਸਵੀਰਾਂ)

10/10/2020 1:29:22 PM

ਮੋਗਾ (ਸੰਦੀਪ ਸ਼ਰਮਾ, ਵਿਪਨ) : ਮੋਗਾ ਦਾ ਸਿਵਲ ਹਸਪਤਾਲ ਸ਼ਨੀਵਾਰ ਨੂੰ ਉਸ ਸਮੇਂ ਦੁਬਾਰਾ ਸੁਰਖੀਆਂ 'ਚ ਆ ਗਿਆ, ਜਦੋਂ ਇਕ ਗਰਭਵਤੀ ਜਨਾਨੀ ਨੇ ਹਸਪਤਾਲ 'ਚ ਪਾਰਕਿੰਗ ਦੇ ਫਰਸ਼ 'ਤੇ ਹੀ ਇਕ ਬੱਚੀ ਨੂੰ ਜਨਮ ਦੇ ਦਿੱਤਾ।

ਜਾਣਕਾਰੀ ਮੁਤਾਬਕ ਗਰਭਵਤੀ ਅੰਕਿਤਾ ਪਤਨੀ ਸਰਵਣ ਵਾਸੀ ਜਲਾਲਾਬਾਦ ਨੂੰ ਡਲਿਵਰੀ ਲਈ ਜਦੋਂ ਮੋਗਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਖੂਨ ਦੀ ਕਮੀ ਅਤੇ ਸੀਜ਼ੇਰੀਅਨ ਦੀ ਗੱਲ ਕਹਿੰਦੇ ਹੋਏ ਉਸ ਨੂੰ ਫਰੀਦਕੋਟ ਰੈਫ਼ਰ ਕਰ ਦਿੱਤਾ।

ਇਸ ਤੋਂ ਥੋੜ੍ਹੀ ਦੇਰ ਬਾਅਦ ਹੀ ਹਸਪਤਾਲ ਦੀ ਪਾਰਕਿੰਗ ਦੇ ਫਰਸ਼ 'ਤੇ ਜਨਾਨੀ ਨੇ ਇਕ ਬੱਚੀ ਨੂੰ ਜਨਮ ਦਿੱਤਾ। ਪਰਿਵਾਰ ਵਾਲਿਆਂ ਵੱਲੋਂ ਹੀ ਉਸ ਦੀ ਡਲਿਵਰੀ ਕਰਵਾਈ ਗਈ।

ਹਸਪਤਾਲ ਦੇ ਡਾਕਟਰਾਂ ਖ਼ਿਲਾਫ਼ ਪਰਿਵਾਰ ਵਾਲਿਆਂ ਨੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਜਨਾਨੀ ਅਤੇ ਉਸ ਦੇ ਨਵਜੰਮੇ ਬੱਚੇ ਨੂੰ ਜੱਚਾ-ਬੱਚਾ ਵਾਰਡ 'ਚ ਦਾਖ਼ਲ ਕੀਤਾ ਗਿਆ।

ਦੱਸ ਦੇਈਏ ਕਿ ਇਹ ਕੋਈ ਪਹਿਲੀ ਘਟਨਾ ਨਹੀਂ ਹੈ, ਸਗੋਂ ਇਸ ਤੋਂ ਪਹਿਲਾਂ ਵੀ ਮੋਗਾ ਦੇ ਸਿਵਲ ਹਸਪਤਾਲ 'ਚ ਜਨਵਰੀ, 2020 'ਚ ਇਕ ਜਨਾਨੀ ਵੱਲੋਂ ਫਰਸ਼ 'ਤੇ ਹੀ ਬੱਚੇ ਨੂੰ ਜਨਮ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਹਸਪਤਾਲ ਕਾਫੀ ਦੇਰ ਸੁਰਖੀਆਂ 'ਚ ਰਿਹਾ ਸੀ।


 

Babita

This news is Content Editor Babita