ਮੋਗਾ : ਸਰਕਾਰੀ ਹਸਪਤਾਲ ’ਚ ਔਰਤ ਨੇ ਫ਼ਰਸ਼ 'ਤੇ ਦਿੱਤਾ ਸੀ ਬੱਚੇ ਨੂੰ ਜਨਮ, ਹੋਈ ਮੌਤ

01/16/2020 10:09:45 AM

ਮੋਗਾ (ਗੋਪੀ) - ਮੋਗਾ ਦੇ ਸਰਕਾਰੀ ਹਸਪਤਾਲ ਵਿਖੇ ਕੁਝ ਦਿਨ ਪਹਿਲਾਂ ਇਕ ਔਰਤ ਵਲੋਂ ਫ਼ਰਸ਼ 'ਤੇ ਹੀ ਬੱਚੇ ਨੂੰ ਜਨਮ ਦੇ ਦਿੱਤਾ ਗਿਆ ਸੀ, ਜਿਸ ਦੀ ਮੌਤ ਹੋ ਗਈ ਹੈ। ਬੱਚੇ ਦੀ ਮੌਤ ਹੋਣ ’ਤੇ ਪਰਿਵਾਰਕ ਮੈਂਬਰਾਂ ’ਚ ਰੋਸ ਪਾਇਆ ਜਾ ਰਿਹਾ ਹੈ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਸਰਕਾਰੀ ਹਸਪਤਾਲ ਵਿਖੇ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਜੱਚਾ-ਬੱਚਾ ਵਾਰਡ ’ਚ ਲੇਬਰ ਰੂਮ ਦੇ ਬਾਹਰ ਹੀ 2 ਔਰਤਾਂ ਨੇ ਬੱਚਿਆਂ ਨੂੰ ਜਨਮ ਦੇ ਦਿੱਤਾ ਸੀ। ਬੱਚੇ ਨੂੰ ਘਟਨਾ ਵਾਲੇ ਦਿਨ ਸਾਹ ਲੈਣ ’ਚ ਪ੍ਰੇਸ਼ਾਨੀ ਆਉਣ ਕਰਕੇ ਹਾਲਤ ਨੂੰ ਗੰਭੀਰ ਵੇਖਦੇ ਹੋਏ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰ ਦਿੱਤਾ ਸੀ। ਬੱਚਾ ਹਸਪਤਾਲ ਦੇ ਆਈ. ਸੀ. ਯੂ. ’ਚ ਇਲਾਜ ਅਧੀਨ ਸੀ।

 ਲਾਪ੍ਰਵਾਹੀ ਲਈ ਜ਼ਿੰਮੇਵਾਰ ਸਿਹਤ ਕਰਮਚਾਰੀਆਂ ਖਿਲਾਫ ਕਾਰਵਾਈ ਦੀ ਮੰਗ
ਨਵਜਾਤ ਦੀ ਲਾਸ਼ ਨੂੰ ਲੈ ਕੇ ਉਸਦੀ ਮਾਂ ਅਮਨਦੀਪ ਕੌਰ ਪਿਤਾ ਗੁਰਦੇਵ ਸਿੰਘ ਸਮੇਤ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਸਿਵਲ ਹਸਪਤਾਲ ’ਚ ਧਰਨਾ ਦੇ ਕੇ ਸਿਹਤ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ। ਉਨ੍ਹਾਂ ਇਸ ਮਾਮਲੇ ’ਚ ਵਰਤੀ ਗਈ ਲਾਪ੍ਰਵਾਹੀ ਲਈ ਜ਼ਿੰਮੇਵਾਰ ਸਿਹਤ ਕਰਮਚਾਰੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਵੀ ਮੰਗ ਕੀਤੀ। ਨਵਜਾਤ ਦੀ ਮਾਂ ਅਮਨਦੀਪ ਕੌਰ ਨੇ ਕਿਹਾ ਕਿ ਉਸ ਨੇ ਲਗਾਤਾਰ 15 ਦਿਨ ਤੱਕ ਵਰਤ ਰੱਖ ਕੇ ਅਤੇ ਸੁੱਖਣਾ ਸੁਖ ਕੇ ਦੋ ਬੇਟੀਆਂ ਤੋਂ ਬਾਅਦ ਬੇਟਾ ਲਿਆ ਸੀ। ਜਿਹਡ਼ਾ ਸਟਾਫ ਦੀ ਲਾਪ੍ਰਵਾਹੀ ਕਾਰਨ ਭੇਟ ਚਡ਼੍ਹ ਗਿਆ। ਸਮੁੱਚੇ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਨੂੰ ਹੋਰ ਕੁਝ ਨਹੀਂ ਚਾਹੀਦਾ, ਉਹ ਕੁਤਾਹੀ ਕਰਨ ਵਾਲੇ ਕਰਮਚਾਰੀਆਂ ’ਤੇ ਕਾਰਵਾਈ ਚਾਹੁੰਦੇ ਹਨ ਤਾਂ ਕਿ ਭਵਿੱਖ ’ਚ ਉਨ੍ਹਾਂ ਦੀ ਤਰ੍ਹਾਂ ਕਿਸੇ ਹੋਰ ਨੂੰ ਆਪਣੇ ਬੱਚੇ ਨੂੰ ਗਵਾਉਣਾ ਨਾ ਪਵੇ। ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਬੱਚੇ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਉਸ ਨੂੰ ਦਫਨਾਉਣ ਦੀ ਗੱਲ ਕਹੀ।

ਰਿਪੋਰਟ ਭੇਜੀ ਜਾ ਚੁੱਕੀ ਹੈ ਚੰਡੀਗਡ਼੍ਹ : ਡਾ. ਜਸਵੰਤ
ਸਹਾਇਕ ਸਿਵਲ ਸਰਜਨ ਡਾ. ਜਸਵੰਤ ਸਿੰਘ ਨੇ ਕਿਹਾ ਕਿ ਇਸ ਮਾਮਲੇ ਦੀ ਰਿਪੋਰਟ ਚੰਡੀਗਡ਼੍ਹ ਭੇਜ ਦਿੱਤੀ ਗਈ ਹੈ, ਜਿਸ ਅਨੁਸਾਰ ਉੱਚ ਅਧਿਕਾਰੀਆਂ ਵੱਲੋਂ ਕੁਤਾਹੀ ਦੇ ਜ਼ਿੰਮੇਵਾਰਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਥੋਂ ਤੱਕ ਬੱਚੇ ਦੇ ਪੋਸਟਮਾਰਟਮ ਕਰਨ ਦੀ ਮੰਗ ਹੈ, ਉਹ ਕਾਗਜ਼ੀ ਕਾਰਵਾਈ ਕਰ ਕੇ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੀ ਹਮਦਰਦੀ ਪੀਡ਼ਤ ਪਰਿਵਾਰ ਨਾਲ ਹੈ।

rajwinder kaur

This news is Content Editor rajwinder kaur