ਮਾਮਲਾ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਦਾ

04/21/2019 4:24:40 AM

ਮੋਗਾ (ਆਜ਼ਾਦ)-ਚੌਕ ਜੋਗਿੰਦਰ ਸਿੰਘ ਨੇਡ਼ੇ ਬਣੀ ਪਾਣੀ ਵਾਲੀ ਮੋਟਰ ਕੋਲੋਂ ਸ਼ੁੱਕਰਵਾਰ ਸਵੇਰੇ ਪੁਲਸ ਵੱਲੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਗਈ ਸੀ, ਜਿਸ ਨੂੰ ਪੁਲਸ ਨੇ ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ਲਈ ਸਿਵਲ ਹਸਪਤਾਲ ’ਚ ਰਖਵਾ ਦਿੱਤਾ ਸੀ ਪਰ ਪੁਲਸ ਨੇ ਜਦੋਂ ਮ੍ਰਿਤਕ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕਰ ਕੇ ਉਨ੍ਹਾਂ ਨੂੰ ਮੋਗਾ ਆਉਣ ਲਈ ਕਿਹਾ ਤਾਂ ਉਨ੍ਹਾਂ ਨੇ ਲਾਸ਼ ਦੇਖਣ ਤੇ ਲੈਣ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਪੁਲਸ ਵੱਲੋਂ ਅ/ਧ 174 ਤਹਿਤ ਕਾਰਵਾਈ ਕਰਦਿਆਂ ਅੱਜ ਸਵੇਰੇ ਲਾਸ਼ ਨੂੰ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਅੰਤਿਮ ਸੰਸਕਾਰ ਲਈ ਸਮਾਜ ਸੇਵਾ ਸੋਸਾਇਟੀ ਦੇ ਹਵਾਲੇ ਕਰ ਦਿੱਤਾ ਗਿਆ। ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਿਟੀ ਮੋਗਾ ਦੇ ਸਹਾਇਕ ਥਾਣੇਦਾਰ ਸੁਖਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਜੋਗਿੰਦਰ ਸਿੰਘ ਚੌਕ ਨੇਡ਼ੇ ਬਣੀ ਪਾਣੀ ਵਾਲੀ ਟੈਂਕੀ ਕੋਲੋਂ ਇਕ ਵਿਅਕਤੀ ਦੀ ਲਾਸ਼ ਪਈ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ’ਚ ਰਖਵਾ ਦਿੱਤਾ ਸੀ। ਸ਼ੁੱਕਰਵਾਰ ਦੀ ਸ਼ਾਮ ਨੂੰ ਮ੍ਰਿਤਕ ਦੀ ਪਛਾਣ ਸੁਖਵੀਰ ਸਿੰਘ ਪੁੱਤਰ ਸੁਰਤਾ ਸਿੰਘ ਵਾਸੀ ਪਿੰਡ ਲਾਲਪੁਰਾ ਜ਼ਿਲਾ ਤਰਨਤਾਰਨ ਵਜੋਂ ਹੋਈ ਸੀ। ਪੁਲਸ ਵੱਲੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਲਾਸ਼ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਪੁਲਸ ਨੇ ਲਾਸ਼ ਪੋਸਟਮਾਰਟਮ ਕਰਵਾ ਕੇ ਅੰਤਿਮ ਸੰਸਕਾਰ ਲਈ ਸਮਾਜ ਸੇਵਾ ਸੋਸਾਇਟੀ ਮੋਗਾ ਦੇ ਹਵਾਲੇ ਕਰ ਦਿੱਤੀ। ਇਸ ਮੌਕੇ ਸਮਾਜ ਸੇਵਾ ਸੋਸਾਇਟੀ ਮੋਗਾ ਦੇ ਪ੍ਰਧਾਨ ਗੁਰਸੇਵਕ ਸਿੰਘ ਸੰਨਿਆਸੀ, ਗੁਰਨਾਮ ਸਿੰਘ ਗਾਮਾ, ਮਨਦੀਪ ਸਿੰਘ ਬੇਦੀ, ਅਗਸਤ ਕੁਮਾਰ, ਰੋਹਿਤ ਕੁਮਾਰ ਅਤੇ ਦੀਪ ਸਿੰਘ ਆਦਿ ਹਾਜ਼ਰ ਸੀ।