ਵ੍ਹਰਦੇ ਮੀਂਹ ’ਚ ਕਿਸਾਨ ਯੂਨੀਅਨ ਵੱਲੋਂ ਥਾਣੇ ਅੱਗੇ ਧਰਨਾ

Thursday, Apr 18, 2019 - 03:57 AM (IST)

ਵ੍ਹਰਦੇ ਮੀਂਹ ’ਚ ਕਿਸਾਨ ਯੂਨੀਅਨ ਵੱਲੋਂ ਥਾਣੇ ਅੱਗੇ ਧਰਨਾ
ਮੋਗਾ (ਜ. ਬ.)-ਅੱਜ ਇਥੇ ਸਮਾਲਸਰ ਥਾਣੇ ਅੱਗੇ ਭਾਰਤੀ ਕਿਸਾਨ ਯੂਨੀਅਨ ਵੱਲੋਂ ਆਡ਼੍ਹਤੀਏ ਦੇ ਕਰਜ਼ਾਈ ਕਿਸਾਨ ਦੇ ਹੱਕ ਵਿਚ ਵ੍ਹਰਦੇ ਮੀਂਹ ’ਚ ਧਰਨਾ ਲਾਇਆ। ਮੌਕੇ ’ਤੇ ਪਹੁੰਚੇ ਡੀ. ਐੱਸ. ਪੀ. ਬਾਘਾ ਪੁਰਾਣਾ ਨੇ ਧਰਨਾਕਾਰੀਆਂ ਨੂੰ ਸ਼ਾਂਤ ਕੀਤਾ ਅਤੇ ਮਸਲਾ ਹੱਲ ਕਰਨ ਲਈ ਆਪਣੇ ਦਫਤਰ ’ਚ ਅਗਲੀ ਮੀਟਿੰਗ ਲਈ ਦੋਨਾ ਧਿਰਾਂ ਨੂੰ ਬੁਲਾ ਕੇ ਮਸਲਾ ਹੱਲ ਕਰਵਾਉਣ ਦਾ ਵਾਅਦਾ ਕੀਤਾ, ਜਿਸ ਮਗਰੋਂ ਧਰਨਾਕਾਰੀਆਂ ਨੇ ਧਰਨਾ ਚੁੱਕ ਲਿਆ। ਪਿੰਡ ਪੰਜਗਰਾਈ ਖੁਰਦ ਦੇ ਲਖਵੀਰ ਸਿੰਘ ਪੁੱਤਰ ਅਮਰਜੀਤ ਸਿੰਘ ਨੇ ਸਮਾਲਸਰ ਪੁਲਸ ਨੂੰ ਮੋਹਨ ਸਿੰਘ, ਗੁਰਜੰਟ ਸਿੰਘ ਵਾਸੀ ਕੋਠੇ ਸੰਗਤਸਰ ਸਮਾਲਸਰ, ਜੱਸਾ ਸਿੰਘ ਚਹਿਲ, ਸਾਬਕਾ ਸਰਪੰਚ ਸੋਹਨ ਸਿੰਘ, ਸਰਪੰਚ ਗੁਰਦੇਵ ਸਿੰਘ ਖਿਲਾਫ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਲਖਵੀਰ ਅਤੇ ਮੋਹਨ ਸਿੰਘ ਦੋਨੋ ਕੋਟਕਪੂਰੇ ਦੀ ਵਰੁਣ ਟਰੇਡਿੰਗ ਕੰਪਨੀ ਦੇ ਮਾਲਕ ਵਰੁਣ ਕਟਾਰੀਆ ਦੀ ਦੁਕਾਨ ’ਤੇ ਫਸਲ ਵੇਚਦੇ ਸਨ। ਮੋਹਨ ਸਿੰਘ ਅਤੇ ਲਖਵੀਰ ਸਿੰਘ ਦੀ ਆਪਸ ’ਚ ਰਿਸ਼ਤੇਦਾਰੀ ਵੀ ਹੈ। ਮੋਹਨ ਸਿੰਘ ਆਪਣੇ ਲਡ਼ਕੇ ਗੁਰਜੰਟ ਸਿੰਘ ਨੂੰ ਇਟਲੀ ਭੇਜਣਾ ਚਾਹੁੰਦਾ ਸੀ ਪਰ ਉਸ ਕੋਲ ਇੰਨੀ ਪੂੰਜੀ ਨਹੀਂ ਸੀ। ਲਖਵੀਰ ਸਿੰਘ ਨੇ ਆਪਣੀ ਗਾਰੰਟੀ ਦੇ ਕੇ ਮੋਹਨ ਸਿੰਘ ਨੂੰ ਵਰੁਣ ਕਟਾਰੀਆ ਤੋਂ 7,45,378 ਰੁਪਏ ਦਿਵਾ ਦਿੱਤੇ। ਮਗਰੋਂ ਕਿਸੇ ਕਾਰਨ ਮੋਹਨ ਸਿੰਘ ਉਕਤ ਦੁਕਾਨ ’ਤੇ ਫਸਲ ਵੇਚਣੋ ਹਟ ਗਿਆ ਪਰ ਆਡ਼੍ਹਤੀਏ ਦੇ ਪੈਸੇ ਨਾ ਮੋਡ਼ ਸਕਿਆ। ਆਡ਼੍ਹਤੀਏ ਨੇ ਗਾਰੰਟਰ ਲਖਵੀਰ ਸਿੰਘ ਤੋਂ ਪੈਸੇ ਮੰਗੇ ਜਿਸ ’ਤੇ ਗਾਰੰਟਰ ਲਖਵੀਰ ਸਿੰਘ ਨੇ ਮੋਹਨ ਸਿੰਘ ਨੂੰ ਪੈਸੇ ਵਾਪਸ ਕਰਨ ਲਈ ਦਬਾਅ ਪਾਇਆ ਪਰ ਗੱਲ ਕਿਸੇ ਤਣ ਪੱਤਣ ਨਾ ਲੱਗੀ ਤਾਂ ਲਖਵੀਰ ਸਿੰਘ ਨੇ ਪੁਲਸ ਨੂੰ ਸ਼ਿਕਾਇਤ ਕੀਤੀ। ਇਸ ਸਬੰਧੀ ਅੱਜ ਲਖਵੀਰ ਸਿੰਘ ਅਤੇ ਆਡ਼੍ਹਤੀਆ ਵੀ ਸਮਾਲਸਰ ਪੁਲਸ ’ਚ ਹਾਜ਼ਰ ਹੋਏ ਪਰ ਉਸ ਸਮੇਂ ਗੱਲ ਕਿਸੇ ਤਣ ਪੱਤਣ ਨਾ ਲੱਗੀ ਤਾਂ ਉਕਤ ਪਾਰਟੀ ਐੱਸ. ਐੱਸ. ਪੀ. ਦਫਤਰ ਮੋਗਾ ’ਚ ਦਰਖਾਸਤ ਦੇਣ ਲਈ ਚਲੀ ਗਈ। ਮਗਰੋਂ ਡੀ. ਐੱਸ. ਪੀ. ਬਾਘਾ ਪੁਰਾਣਾ ਜਸਪਾਲ ਸਿੰਘ ਹਾਜ਼ਰ ਹੋਏ ਤਾਂ ਉਸ ਨੇ ਥਾਣੇ ਅੱਗੇ ਮੋਹਨ ਸਿੰਘ ਦੇ ਹੱਕ ’ਚ ਧਰਨਾ ਲਾਈ ਬੈਠੇ ਆਗੂਆਂ ਨੂੰ ਦਫਤਰ ’ਚ ਬੁਲਾਇਆ। ਆਗੂਆਂ ਨੇ ਦੱਸਿਆ ਕਿ ਵਰੁਣ ਕਟਾਰੀਆ ਨੇ ਮੋਹਨ ਸਿੰਘ ਤੋਂ ਦੋ ਖਾਲੀ ਚੈੱਕਾਂ ’ਤੇ ਦਸਤਖਤ ਕਰਵਾ ਲਏ ਸਨ ਅਤੇ ਮਗਰੋਂ ਚੈੱਕ ਕੈਸ਼ ਕਰਵਾਉਣ ਲਈ ਲਾ ਦਿੱਤੇ ਪਰ ਬੈਂਕ ’ਚ ਪੈਸੇ ਨਾ ਹੋਣ ਕਾਰਨ ਚੈੱਕ ਬਾਊਂਸ ਹੋ ਗਏ। ਆਗੂਆਂ ਦਾ ਕਹਿਣਾ ਸੀ ਕਿ ਜੇਕਰ ਪੀਡ਼ਤ ਕਿਸਾਨ ਕੋਲ ਇੰਨੀ ਰਕਮ ਹੁੰਦੀ ਤਾਂ ਉਹ ਕਰਜ਼ਾ ਹੀ ਕਿਉਂ ਲੈਂਦਾ। ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਡੀ. ਐੱਸ. ਪੀ. ਬਾਘਾ ਪੁਰਾਣਾ ਜਸਪਾਲ ਸਿੰਘ ਆਪਣੇ ਤੌਰ ’ਤੇ ਮਸਲਾ ਹੱਲ ਕਰਵਾ ਸਕਦੇ ਹਨ ਤਾਂ ਇਸ ਲਈ ਸਹਿਮਤ ਹਨ। ਡੀ. ਐੱਸ. ਪੀ. ਜਸਪਾਲ ਸਿੰਘ ਨੇ ਕਿਸਾਨ ਆਗੂਆਂ ਨੂੰ ਸ਼ਾਂਤ ਕੀਤਾ ਅਤੇ 30 ਮਈ ਨੂੰ ਦੋਨੋਂ ਧਿਰਾਂ ਨੂੰ ਆਪਣੇ ਦਫਤਰ ਬਾਘਾ ਪੁਰਾਣਾ ’ਚ ਬੁਲਾ ਕੇ ਮਸਲਾ ਹੱਲ ਕਰਵਾਉਣ ਦਾ ਭਰੋਸਾ ਦਿੱਤਾ, ਜਿਸ ਮਗਰੋਂ ਧਰਨਕਾਰੀਆਂ ਨੇ ਧਰਨਾ ਖਤਮ ਕੀਤਾ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਅਜੀਤ ਸਿੰਘ ਡੇਮਰੂ ਕਲਾਂ, ਹਰਮੰਦਰ ਸਿੰਘ ਡੇਮਰੂ ਕਲਾਂ, ਬਲਾਕ ਪ੍ਰਧਾਨ ਗੁਰਦਾਸ ਸਿੰਘ, ਗੁਰਦੇਵ ਸਿੰਘ, ਬੁੱਕਣ ਸਿੰਘ, ਅਜਮੇਰ ਸਿੰਘ ਸਮਾਲਸਰ, ਆਪ ਆਗੂ ਦੀਪਕ ਅਰੋਡ਼ਾ ਅਤੇ ਕਿਸਾਨ ਬੀਬੀਆਂ ਵੀ ਸ਼ਾਮਲ ਸਨ।

Related News