ਚੋਰੀ ਦੇ ਮੋਟਰਸਾਈਕਲ ਸਮੇਤ ਨੌਜਵਾਨ ਕਾਬੂ

04/15/2019 3:53:55 AM

ਮੋਗਾ (ਬੱਬੀ)-ਬੱਧਨੀ ਕਲਾਂ ਦੇ ਇਕ ਨੌਜਵਾਨ ਲਡ਼ਕੇ ਰਵਿੰਦਰ ਕੁਮਾਰ ਉਰਫ ਰਿੰਕੂ ਜਿਸ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਹਨ, ਨੂੰ ਥਾਣਾ ਬੱਧਨੀ ਕਲਾਂ ਦੀ ਪੁਲਸ ਨੇ ਨਾਕਾਬੰਦੀ ਦੌਰਾਨ ਚੋਰੀ ਦੇ ਇਕ ਮੋਟਰਸਾਈਕਲ ਸਮੇਤ ਕਾਬੂ ਕਰਨ ’ਚ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ। ਸਹਾਇਕ ਥਾਣੇਦਾਰ ਜਗਸੀਰ ਸਿੰਘ ਪੁਲਸ ਪਾਰਟੀ ਸਮੇਤ ਮੋਗਾ ਰੋਡ ਸਥਿਤ ਪਿੰਡ ਬੁੱਟਰ ਕਲਾਂ ਵੱਲ ਗਸ਼ਤ ’ਤੇ ਜਾ ਰਹੇ ਸਨ ਕਿ ਰਸਤੇ ’ਚ ਕਿਸੇ ਮੁਖਬਰ ਨੇ ਉਨ੍ਹਾਂ ਨੂੰ ਇਤਲਾਹ ਦਿੱਤੀ ਕਿ ਬੱਧਨੀ ਕਲਾਂ ਦਾ ਇਕ ਨੌਜਵਾਨ ਜੋ ਕਿ ਮੋਟਰਸਾਈਕਲ ਚੋਰੀ ਕਰ ਕੇ ਵੇਚਣ ਦਾ ਆਦੀ ਹੈ ਅੱਜ ਵੀ ਚੋਰੀ ਦੇ ਮੋਟਰਸਾਈਕਲ ਸਮੇਤ ਬੱਧਨੀ ਕਲਾਂ ਵੱਲ ਨੂੰ ਆ ਰਿਹਾ ਹੈ।ਮੁਖਬਰ ਦੀ ਇਤਲਾਹ ਨੂੰ ਗੰਭੀਰਤਾਂ ਨਾਲ ਲੈਂਦਿਆਂ ਪੁਲਸ ਪਾਰਟੀ ਨੇ ਦੱਸੇ ਗਏ ਟਿਕਾਨੇ ਉੱਪਰ ਨਾਕਾਬੰਦੀ ਕਰ ਕੇ ਵਾਹਨਾਂ ਦੇ ਕਾਗਜਾਤ ਚੈੱਕ ਕਰਨੇ ਸ਼ੁਰੂ ਕਰ ਦਿੱਤੇ, ਇਸ ਦੌਰਾਨ ਰਵਿੰਦਰ ਕੁਮਾਰ ਵੀ ਮੋਟਰਸਾਈਕਲ ਸਮੇਤ ਉਥੇ ਆ ਗਿਆ, ਜਦੋਂ ਉਸ ਨੂੰ ਰੋਕ ਕੇ ਮੋਟਰਸਾਈਕਲ ਦੇ ਕਾਗਜ਼ਾਤ ਮੰਗੇ ਗਏ ਤਾਂ ਉਹ ਕੋਈ ਵੀ ਕਾਗਜ਼ ਨਹੀਂ ਦੇ ਸਕਿਆ। ਬਾਅਦ ’ਚ ਪੁੱਛ-ਗਿੱਛ ਦੌਰਾਨ ਪਤਾ ਲੱਗਾ ਕਿ ਉਸ ਕੋਲ ਮੋਟਰਸਾਈਕਲ ਚੋਰੀ ਦਾ ਹੈ । ਕਾਬੂ ਕੀਤੇ ਗਏ ਨੌਜਵਾਨ ਦੀ ਪਹਿਚਾਨ ਰਵਿੰਦਰ ਕੁਮਾਰ ਉਰਫ ਰਿੰਕੂ ਪੁੱਤਰ ਸੁਭਾਸ਼ ਚੰਦਰ ਵਾਸੀ ਬੱਧਨੀ ਕਲਾਂ ਵਜੋਂ ਹੋਈ ਹੈ।ਸਹਾਇਕ ਥਾਣੇਦਾਰ ਜਗਸੀਰ ਸਿੰਘ ਨੇ ਦੱਸਿਆ ਕਿ ਰਵਿੰਦਰ ਕੁਮਾਰ ਰਿੰਕੂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਸਾਨੂੰ ਸ਼ੱਕ ਹੈ ਕਿ ਇਸ ਧੰਦੇ ’ਚ ਇਹ ਇਕੱਲਾ ਨਹੀਂ ਕੁਝ ਹੋਰ ਵਿਅਕਤੀ ਵੀ ਉਸ ਨਾਲ ਰਲੇ ਹੋ ਸਕਦੇ ਹਨ। ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

Related News