ਕਰਜ਼ੇ ’ਚ ਡੁੱਬਿਆ ਕਿਸਾਨ ਹੁਣ ‘ਦਮਾਮੇ ਮਾਰਨਾ’ ਭੁੱਲਿਆ

04/14/2019 4:50:22 AM

ਮੋਗਾ (ਬਾਵਾ, ਜਗਸੀਰ )-ਉਹ ਵੀ ਸਮਾਂ ਸੀ, ਜਦੋਂ ਪੰਜਾਬ ਦਾ ਕਿਸਾਨ ਆਰਥਕ ਪੱਖੋਂ ਖੁਸ਼ਹਾਲ ਸੀ, ਉਹ ਬਡ਼ੇ ਚਾਵਾਂ ਤੇ ਮਲਾਰਾਂ ਨਾਲ ਬੇਫਿਕਰੀ ਦੇ ਆਲਮ ’ਚੋਂ ਲੰਘਦਾ ਹੱਥ ’ਚ ਡਾਂਗ ਫਡ਼ ਤੇ ਸਿਰ ’ਤੇ ਛਮਲੇ ਵਾਲੀ ਪੱਗ ਬੰਨ੍ਹ ਕੇ ਵਿਸਾਖੀ ਦਾ ਮੇਲਾ ਵੇਖਣ ਜਾਇਆ ਕਰਦਾ ਸੀ। ਉਸ ਸਮੇਂ ਦੇ ਖੁਸ਼ਹਾਲ ਕਿਸਾਨ ਦੀ ਫੱਬਤ ਦਰਸ਼ਨੀ ਹੋਇਆ ਕਰਦੀ ਸੀ। ਮੇਲੇ ਜਾਂਦੇ ਜੱਟਾਂ ਦੀ ਟੌਹਰ ਵੇਖ ਕੇ ਪੰਜਾਬੀ ਦੇ ਸਿਰਮੌਰ ਕਵੀ ਧਨੀ ਰਾਮ ਚਾਤਰਿਕ ਨੇ ਲਿਖਿਆ ਸੀ ਕਿ ‘ਮਾਰਦਾ ਦਮਾਮੇ ਜੱਟ ਮੇਲੇ ਆ ਗਿਆ’ ਪਰ ਦੇਸ਼ ਨੂੰ ਆਜ਼ਾਦ ਹੋਣ ਦੇ 7 ਦਹਾਕਿਆਂ ਤੋਂ ਵੀ ਵੱਧ ਬੀਤ ਜਾਣ ’ਤੇ ਸਮੇਂ ਦੀਆਂ ਸਰਕਾਰਾਂ ਨੇ ਖੇਤੀ ਸਬੰਧੀ ਤੇ ਕਿਸਾਨਾਂ ਨੂੰ ਲਾਭ ਦੇਣ ਲਈ ਕੋਈ ਯੋਗ ਖੇਤੀ ਨੀਤੀ ਨਹੀਂ ਬਣਾਈ, ਜਿਸ ਕਾਰਨ ਕਿਸਾਨੀ ਡਾਵਾਂਡੋਲ ਹੋ ਰਹੀ ਹੈ। ਸਰਕਾਰ ਵੱਲੋਂ ਸਿਰਫ਼ ਵੋਟ ਬੈਂਕ ਵਧਾਉਣ ਲਈ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ, ਜਦਕਿ ਲੋਡ਼ ਹੈ ਕਿਸਾਨਾਂ ਦੀ ਬਾਂਹ ਫਡ਼ਨ ਦੀ ਅਤੇ ਉਨ੍ਹਾਂ ਨੂੰ ਸਹਾਰਾ ਦੇਣ ਦੀ। ਅੱਜ ਦੇਸ਼ ਦਾ ਅੰਨਦਾਤਾ ਕਹਿਲਾਉਣ ਵਾਲੇ ਕਿਸਾਨਾਂ ਦੀ ਹਾਲਤ ਮੰਗਤਿਆਂ ਵਰਗੀ ਹੋ ਚੁੱਕੀ ਹੈ। ਕਰਜ਼ੇ ਕਾਰਨ ਕਈ ਕਿਸਾਨਾਂ ਦੀਆਂ ਜ਼ਮੀਨਾਂ, ਘਰ, ਖੇਤੀ ਸੰਦ ਆਦਿ ਵਿਕ ਚੁੱਕੇ ਹਨ ਤੇ ਉਹ ਖੁਦਕੁਸ਼ੀਆਂ ਦੇ ਰਾਹ ਪਏ ਹੋਏ ਹਨ। ਪੰਜਾਬ ਦੇ 22 ਜ਼ਿਲਿਆਂ ’ਚੋਂ ਇਕ ਵੀ ਅਜਿਹਾ ਜ਼ਿਲਾ ਨਹੀਂ ਹੈ, ਜਿੱਥੇ ਕਿਸਾਨਾਂ ਨੇ ਖੁਦਕੁਸ਼ੀਆਂ ਨਾ ਕੀਤੀਆਂ ਹੋਣ। ਕੁਦਰਤੀ ਆਫਤਾਂ ਦੀ ਕਿਸਾਨਾਂ ਨੂੰ ਝੱਲਣੀ ਪੈਂਦੀ ਹੈ ਮਾਰ ਕੁਦਰਤੀ ਆਫ਼ਤਾਂ ਦੀ ਵੀ ਕਿਸਾਨਾਂ ਨੂੰ ਵੱਡੀ ਮਾਰ ਝੱਲਣੀ ਪੈਂਦੀ ਹੈ। ਕਦੇ ਮੀਂਹ ਕਦੇ ਸੋਕੇ, ਕਦੇ ਤੇਜ਼ ਹਵਾਵਾਂ, ਝੱਖਡ਼, ਤੂਫਾਨ ਅਤੇ ਕਦੇ ਪੱਕੀਆਂ ਫ਼ਸਲਾਂ ’ਤੇ ਗਡ਼ੇਮਾਰੀ ਜਾਂ ਅੱਗ ਦੀ ਮਾਰ ਪੈ ਜਾਂਦੀ ਹੈ। ਕਰੀਬ ਹਰ ਸਾਲ ਹੀ ਕਿਸਾਨਾਂ ’ਤੇ ਅਜਿਹੀਆਂ ਮਾਰਾਂ ਪੈਂਦੀਆਂ ਹਨ। ਸਿਆਸੀ ਲੀਡਰਾਂ ਦੀ ਮਿਲੀਭੁਗਤ ਨਾਲ ਕੀਟਨਾਸ਼ਕ ਦਵਾਈਆਂ ’ਚ ਮਿਲਾਵਟ ਕਰ ਦਿੱਤੀ ਜਾਂਦੀ ਹੈ। ਕਈ ਵਾਰ ਨਕਲੀ ਬੀਜ ਕਿਸਾਨਾਂ ਨੂੰ ਦੇ ਦਿੱਤੇ ਜਾਂਦੇ ਹਨ। ਕਦੇ ਯੂਰੀਆ ਖਾਦ ਅਤੇ ਡੀ. ਏ. ਪੀ. ਖਾਦਾਂ ਮਿਲਣੀਆਂ ਬੰਦ ਹੋ ਜਾਂਦੀਆਂ ਹਨ। ਅਜਿਹੇ ਹਾਲਾਤ ’ਚ ਇਨ੍ਹਾਂ ਦੀ ਨਾ ਪ੍ਰਸ਼ਾਸਨ ਮਦਦ ਕਰਦਾ ਹੈ ਅਤੇ ਨਾ ਹੀ ਸਰਕਾਰਾਂ। ਨਹੀਂ ਮਿਲ ਰਿਹਾ ਫਸਲਾਂ ਦਾ ਪੂਰਾ ਭਾਅ ਡਾ. ਸਵਾਮੀਨਾਥਨ ਕਮਿਸ਼ਨ ਦੀਆਂ ਰਿਪੋਰਟਾਂ ਨੂੰ ਅੱਜ ਤੱਕ ਲਾਗੂ ਨਹੀਂ ਕੀਤਾ ਗਿਆ ਅਤੇ ਸੂਚਕ ਅੰਕ ’ਤੇ ਵਧੀ ਹੋਈ ਮਹਿੰਗਾਈ ਦੇ ਹਿਸਾਬ ਨਾਲ ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਦਾ ਪੂਰਾ ਭਾਅ ਨਹੀਂ ਮਿਲ ਰਿਹਾ। ਮਿਹਨਤ ਕਿਸਾਨ ਕਰਦੇ ਹਨ, ਮਿੱਟੀ ਨਾਲ ਮਿੱਟੀ ਹੁੰਦੇ ਹਨ ਪਰ ਉਨ੍ਹਾਂ ਦੀਆਂ ਫ਼ਸਲਾਂ ਦੇ ਮੁੱਲ ਆਪਣੀ ਮਨਮਰਜ਼ੀ ਨਾਲ ਕੋਈ ਹੋਰ ਤੈਅ ਕਰਦਾ ਹੈ। ਕਿਸਾਨ ਮੰਡੀਆਂ ’ਚ ਰੁਲ ਰਹੇ ਹਨ ਤੇ ਉਨ੍ਹਾਂ ਦੀ ਲੁੱਟ ਕੀਤੀ ਜਾਂਦੀ ਹੈ। ਮੇਲੇ ਦੇ ਬਾਦਸ਼ਾਹ ਨੂੰ ਪਈ ਮਹਿੰਗਾਈ ਤੇ ਕਰਜ਼ੇ ਦੀ ਮਾਰ ਮੇਲਿਆਂ ਦੇ ਬਾਦਸ਼ਾਹ ਦੇਸ਼ ਦੇ ਅੰਨਦਾਤਾ ਕਿਸਾਨ ਨੂੰ ਐਸੀ ਚੰਦਰੀ ਨਜ਼ਰ ਲੱਗੀ ਕਿ ਅੱਤ ਦੀ ਮਹਿੰਗਾਈ, ਸਮੇਂ ਦੀਆਂ ਸਰਕਾਰਾਂ ਦੀ ਬੇਰੁਖੀ, ਕਰਜ਼ਾ ਤੇ ਆਪਸੀ ਫੁੱਟ ਨੇ ਇਸ ਦੀਆਂ ਰੀਝਾਂ ਨੂੰ ਗ੍ਰਹਿਣ ਲਾ ਦਿੱਤਾ। ਉਹ ਵਿਚਾਰਾ ਹੋ ਕੇ ਰਹਿ ਗਿਆ। ਕਰਜ਼ੇ ਦੀ ਦਲਦਲ ’ਚ ਧਸਿਆ ਕਿਸਾਨ ਖੁਦਕੁਸ਼ੀਆਂ ਦੇ ਰਾਹ ਪੈ ਚੁੱਕਾ ਹੈ। ਕਿਸਾਨ ਆਪਣੇ ਅਤੇ ਆਪਣੇ ਬੱਚਿਆਂ ਦੇ ਭਵਿੱਖ ਲਈ ਬਹੁਤ ਚਿੰਤਤ ਹੈ, ਉਹ ਸੋਚਦਾ ਹੈ ਕਿ ਉਹ ਕਰੇ ਤਾਂ ਕੀ ਕਰੇ ਤੇ ਕਿੱਧਰ ਜਾਵੇ। ਹੁਣ ਉਸ ਨੂੰ ਵਿਸਾਖੀ ਦੀ ਖੁਸ਼ੀ ਵੀ ਖਰਚੇ ਦਾ ਨਾਂ ਮਹਿਸੂਸ ਹੁੰਦੀ ਹੈ ਕਿਉਂਕਿ ਬੱਚਿਆਂ ਦੀ ਮਹਿੰਗੀ ਪਡ਼੍ਹਾਈ, ਰਹਿਣ-ਸਹਿਣ ਦੇ ਖਰਚੇ, ਮਹਿੰਗੀ ਖੇਤੀ ਆਦਿ ਨੇ ਉਸ ਦੀਆਂ ਖੁਸ਼ੀਆਂ ਖੋਹ ਲਈਆਂ ਹਨ। ਪੰਜਾਬ ਦੇ ਕਿਸਾਨਾਂ ਸਿਰ ਹੈ ਇਕ ਲੱਖ ਕਰੋਡ਼ ਦਾ ਕਰਜ਼ਾ ਸਰਕਾਰੀ ਅੰਕਡ਼ੇ ਅਨੁਸਾਰ ਪੰਜਾਬ ਦੇ ਕਿਸਾਨਾਂ ਸਿਰ ਇਕ ਲੱਖ ਕਰੋਡ਼ ਦਾ ਕਰਜ਼ਾ ਹੈ। ਕੈਪਟਨ ਸਰਕਾਰ ਵੱਲੋਂ ਸੱਤਾ ਸੰਭਾਲਣ ਸਮੇਂ ਇਹ ਕਰਜ਼ਾ 85 ਹਜ਼ਾਰ ਕਰੋਡ਼ ਸੀ। ਹੈਰਾਨੀ ਦੀ ਗੱਲ ਹੈ ਕਿ ਇਸ ਕਰਜ਼ੇ ’ਚ ਇਕੱਲਾ ਸੂਦਖੋਰਾਂ ਦਾ ਕਰਜ਼ਾ 42 ਹਜ਼ਾਰ ਕਰੋਡ਼ ਹੈ, ਜੇਕਰ ਵੇਖਿਆ ਜਾਵੇ ਤਾਂ ਇਕਾ-ਦੁੱਕਾ ਕਿਸਾਨਾਂ ਨੂੰ ਛੱਡ ਕੇ ਬਾਕੀ ਸਾਰੇ ਕਿਸਾਨ ਹੀ ਕਰਜ਼ੇ ਦੀ ਮਾਰ ਹੇਠ ਹਨ। ਲਗਭਗ ਸਾਰਿਆਂ ਨੇ ਬੈਂਕਾਂ ਤੋਂ ਲਿਮਟਾਂ ਬਣਵਾਈਆਂ ਹੋਈਆਂ ਹਨ। ਵੱਡੀ ਗਿਣਤੀ ’ਚ ਕਿਸਾਨ ਸਹਿਕਾਰੀ ਸਭਾਵਾਂ ਤੋਂ ਪੈਸਾ ਲੈ ਚੁੱਕੇ ਹਨ। ਕਰੀਬ 90 ਫੀਸਦੀ ਕਿਸਾਨਾਂ ਦੀਆਂ ਜ਼ਮੀਨਾਂ ਬੈਂਕਾਂ ਵਾਲਿਆਂ ਕੋਲ ਗਹਿਣੇ ਪਈਆਂ ਹਨ। ਲੱਖਾਂ ਰੁਪਏ ਦਾ ਕਰਜ਼ਾ ਕਿਸਾਨਾਂ ਦੇ ਸਿਰ ਚਡ਼੍ਹਿਆ ਹੋਇਆ ਹੈ ਅਤੇ ਇਹ ਕਰਜ਼ਾ ਵਾਪਸ ਕਰਨਾ ਹਰੇਕ ਕਿਸਾਨ ਦੇ ਵੱਸ ਦੀ ਗੱਲ ਨਹੀਂ। ਦੇਸ਼ ’ਚ ਹਰ ਰੋਜ਼ 45 ਕਿਸਾਨ ਕਰਦੇ ਹਨ ਖੁਦਕੁਸ਼ੀ ਪਿਛਲੇ 20 ਸਾਲਾਂ ’ਚ ਦੇਸ਼ ਅੰਦਰ 34,85,38 ਕਿਸਾਨਾਂ ਨੇ ਕਰਜ਼ੇ ਤੇ ਆਰਥਕ ਮੰਦਹਾਲੀ ਕਾਰਨ ਖੁਦਕੁਸ਼ੀਆਂ ਕੀਤੀਆਂ ਹਨ। ਪੰਜਾਬ ’ਚ ਇਹ ਗਿਣਤੀ 40 ਹਜ਼ਾਰ ਦੇ ਕਰੀਬ ਹੈ, ਜਿਸ ਦਾ ਮਤਲਬ ਹਰ ਰੋਜ਼ ਦੇਸ਼ ’ਚ 45 ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ ਪਰ ਖੇਤੀ ਮਾਹਰਾਂ ਦਾ ਮੰਨਣਾ ਹੈ ਕਿ ਅਸਲ ਗਿਣਤੀ ਇਸ ਤੋਂ ਕਰੀਬ ਤਿੰਨ ਗੁਣਾ ਵੱਧ ਹੋ ਸਕਦੀ ਹੈ। ਸੱਤਾ ’ਚ ਆਉਣ ਤੋਂ ਪਹਿਲਾਂ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਬਣਨ ’ਤੇ ਕਿਸਾਨ ਖੁਸਕੁਸ਼ੀਆਂ ਨਹੀਂ ਕਰਨਗੇ ਪਰ ਕੈਪਟਨ ਸਰਕਾਰ ਦੇ ਸੱਤਾ ’ਚ ਆਉਣ ਤੋਂ ਬਾਅਦ ਵੀ 1000 ਕਿਸਾਨ ਖੁਸਕੁਸ਼ੀਆਂ ਕਰ ਚੁੱਕੇ ਹਨ। 13 ਮੋਗਾ 33 ਵਿਸਾਖੀ ਮੇਲੇ ’ਤੇ ਭੰਗਡ਼ਾ ਪਾਉਂਦੇ ਕਿਸਾਨਾਂ ਦੀ ਫਾਈਲ ਫੋਟੋ। (ਬਾਵਾ) -------------- *ਭਾਵੇਂ ਕਿਸਾਨ ਹਿੱਤਾਂ ਖਾਤਰ ਸੰਘਰਸ਼ ਕਰ ਰਹੀਆਂ ਸੂਬੇ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਸਰਕਾਰ ਕੋਲੋਂ ਇਹ ਮੰਗ ਕਰ ਰਹੀਆਂ ਹਨ ਕਿ ਖੁਦਕੁਸ਼ੀਆਂ ਕਰ ਚੁੱਕੇ ਕਿਸਾਨਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਮੁਆਵਜ਼ਾ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਪਰ ਸਰਕਾਰਾਂ ਦੇ ਕੰਨ ’ਤੇ ਜੂੰ ਨਹੀਂ ਸਰਕ ਰਹੀ। ਕਰਜ਼ਾ ਦੇਣ ਸਮੇਂ ਪਹਿਲਾਂ ਖਾਲੀ ਪਰਨੋਟਾਂ ’ਤੇ ਕਿਸਾਨਾਂ ਦੇ ਦਸਤਖਤ ਕਰਵਾ ਲਏ ਜਾਂਦੇ ਹਨ ਤੇ ਫਿਰ ਆਪਣੀ ਮਨਮਰਜ਼ੀ ਨਾਲ ਪੈਸੇ ਭਰੇ ਜਾਂਦੇ ਹਨ। ਅੱਜ ਵੀ ਸਰਕਾਰ ਕਿਸਾਨਾਂ ਨੂੰ ਨਰਕਮਈ ਜ਼ਿੰਦਗੀ ’ਚੋਂ ਕੱਢਣ ਦੀ ਬਜਾਏ ਫਸਲਾਂ ਨੂੰ ਖਰੀਦਣ ਤੋਂ ਆਨਾਕਾਨੀ ਕਰ ਰਹੀ ਹੈ। ਸਰਕਾਰਾਂ ਦੀਆਂ ਨਵੀਆਂ ਆਰਥਕ ਨੀਤੀਆਂ ਨੇ ਲੋਕਾਂ ਨੂੰ ਹੋਰ ਕਰਜ਼ਾਈ ਕੀਤਾ ਹੈ ਅਤੇ ਵੱਡੀਆਂ ਕੁਰਬਾਨੀਆਂ ਕਰ ਕੇ ਹਾਸਲ ਕੀਤੀ ਆਜ਼ਾਦੀ ਅੱਜ ਦੇਸ਼ ਦੇ ਲੀਡਰਾਂ ਦੀਆਂ ਗਲਤ ਨੀਤੀਆਂ ਕਾਰਨ ਮੁਡ਼ ਖਤਰੇ ’ਚ ਹੈ। ਅਜਿਹੀ ਹਾਲਤ ’ਚ ਮੇਲਿਆਂ ’ਤੇ ਰੌਣਕ ਘਟਣਾ ਆਮ ਗੱਲ ਹੈ। 13 ਮੋਗਾ 34 ਸੁਖਦੇਵ ਕੋਕਰੀ ਸੂਬਾ ਸਕੱਤਰ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ *ਅੱਜ ਦੇ ਇਸ ਪਦਾਰਥਵਾਦੀ ਯੁੱਗ ਅੰਦਰ ਮੇਲੇ ਪਹਿਲਾਂ ਵਾਂਗ ਦਿੱਖ ਨਹੀਂ ਦਿੰਦੇ ਕਿਉਂਕਿ ਸਮੇਂ ਦੀਆਂ ਸਰਕਾਰਾਂ ਦੀ ਬੇਰੁਖੀ ਤੇ ਦਿਨੋ-ਦਿਨ ਵਧ ਰਹੀ ਮਹਿੰਗਾਈ ਨੇ ਸਮੁੱਚੀ ਕਿਰਸਾਨੀ ਦਾ ਕਚੂੰਮਰ ਕੱਢ ਕੇ ਰੱਖ ਦਿੱਤਾ ਹੈ, ਜਿਸ ਕਾਰਨ ਅਸਲੋਂ ਕੰਗਾਲ ਹੋਇਆ ਅੱਜ ਦਾ ਕਿਸਾਨ ਮੇਲਿਆਂ ਦਾ ਆਨੰਦ ਮਾਣਨ ਤੋਂ ਬਿਲਕੁੱਲ ਅਸਮਰੱਥ ਹੋ ਚੁੱਕਾ ਹੈ। 13 ਮੋਗਾ 35 ਐਡਵੋਕੇਟ ਕਮਲਦੀਪ ਸਿੰਘ ਸਿੱਧੂ, ਪੰਜਾਬ ਐਂਡ ਹਰਿਆਣਾ ਹਾਈਕੋਰਟ। *ਅੱਜ ਦੇ ਸਮੇਂ ’ਚ ਮਨੋਰੰਜਨ ਬਦਲੇ ਸਾਧਨ ਜਿਵੇਂ ਟੈਲੀਵਿਜ਼ਨ, ਕੰਪਿਊਟਰ, ਇੰਟਰਨੈੱਟ ਵਰਗੀਆਂ ਕਾਢਾਂ ਨੇ ਅਜੋਕੀ ਪੀਡ਼੍ਹੀ ਨੂੰ ਆਪਣੇ ਪੁਰਾਤਨ ਵਿਰਸੇ ਨਾਲੋਂ ਤੋਡ਼ ਕੇ ਪੱਛਮੀ ਸੱਭਿਆਚਾਰ ਦਾ ਗੁਲਾਮ ਬਣਾ ਕੇ ਰੱਖ ਦਿੱਤਾ ਹੈ, ਜਿਸ ਕਾਰਨ ਪੰਜਾਬੀ ਸੱਭਿਆਚਾਰ ਦਾ ਅਨਿੱਖਡ਼ਵਾਂ ਅੰਗ ਰਹੇ ਮੇਲਿਆਂ ਤੋਂ ਉਨ੍ਹਾਂ ਦਾ ਮੋਹ ਭੰਗ ਹੋ ਚੁੱਕਾ ਹੈ। 13 ਮੋਗਾ 36 ਐਡਵੋਕੇਟ ਧਰਮਪਾਲ ਸਿੰਘ ਡੀ.ਪੀ. ਨਿਹਾਲ ਸਿੰਘ ਵਾਲਾ *ਮੇਲੇ ਜਿੱਥੇ ਸਾਡੇ ਮਨੋਰੰਜਨ ਦਾ ਸਾਧਨ ਹਨ, ਉੱਥੇ ਹੀ ਸਾਡੀ ਆਪਸੀ ਭਾਈਚਾਰਕ ਸਾਂਝ ਤੇ ਰੂਹ ਦੀ ਖੁਰਾਕ ਵੀ ਹਨ, ਇਸ ਲਈ ਅਜੋਕੇ ਫੈਸ਼ਨ ਪ੍ਰਸਤੀ ਵਾਲੇ ਯੁੱਗ ’ਚ ਸਾਨੂੰ ਆਪਣੇ ਪੁਰਖਿਆਂ ਵੱਲੋਂ ਚਲਾਏ ਮੇਲਿਆਂ ਨੂੰ ਤਿਲਾਂਜਲੀ ਨਹੀਂ ਦੇਣੀ ਚਾਹੀਦੀ। ਸਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਜਿਹਡ਼ੀਆਂ ਕੌਮਾਂ ਆਪਣੇ ਵਿਰਸੇ ਜਾਂ ਰੀਤੀ-ਰਿਵਾਜਾਂ ਨੂੰ ਮਨੋ ਵਿਸਾਰ ਦਿੰਦੀਆਂ ਹਨ ਉਹ ਬਹੁਤਾ ਚਿਰ ਜ਼ਿੰਦਾ ਨਹੀਂ ਰਹਿੰਦੀਆਂ।

Related News