ਮੁੱਦਕੀ-ਜਵਾਹਰ ਸਿੰਘ ਵਾਲਾ ਸਡ਼ਕ ਦਾ ਨਵਨਿਰਮਾਣ ਸ਼ੁਰੂ

03/27/2019 4:08:31 AM

ਮੋਗਾ (ਚਟਾਨੀ)-ਕੇਂਦਰ ਸਰਕਾਰ ਦੇ ਸਡ਼ਕੀ ਨਿਰਮਾਣ ਵਾਲੇ ਪ੍ਰਾਜੈਕਟ ਹੇਠਲੀ ਮੁੱਦਕੀ-ਜਵਾਹਰ ਸਿੰਘ ਵਾਲਾ ਸਡ਼ਕ ਦਾ ਕੰਮ ਏ.ਐੱਸ.ਸੀ. ਬਿਲਡਰ, ਲੁਧਿਆਣਾ ਵੱਲੋਂ ਆਰੰਭ ਕਰ ਦਿੱਤਾ ਗਿਆ ਹੈ। ਨੈਸ਼ਨਲ ਹਾਈਵੇ 254 ’ਤੇ ਆਰੰਭੇ ਗਏ 38.5 ਕਿਲੋ ਮੀਟਰ ਵਾਲੇ ਹਿੱਸੇ ਦੇ ਨਵੀਨੀਕਰਨ ਦਾ ਕਾਰਜ ਤਕਰੀਬਨ ਡੇਢ ਵਰ੍ਹੇ ਵਿਚ ਮੁਕੰਮਲ ਹੋਵੇਗਾ। ਇਸ ਪ੍ਰਾਜੈਕਟ ਦੇ ਮੁੱਦਕੀ ਵਾਲੇ ਜ਼ੀਰੋ ਪੁਆਇੰਟ ਤੋਂ ਲੈ ਕੇ ਨਿਗਾਹਾ ਪਿੰਡ ਤੱਕ ਇਕ ਹਿੱਸੇ ਦੀ ਪੁੱਟ-ਪੁਟਾਈ ਕਰ ਦਿੱਤੀ ਗਈ ਹੈ। ਇਸ ਹਿੱਸੇ ’ਚ ਪੈਂਦੇ ਇਕੋ-ਇਕ ਸ਼ਹਿਰ ਬਾਘਾਪੁਰਾਣਾ ਦੇ ਤਕਰੀਬਨ ਸਾਢੇ ਤਿੰਨ ਕਿਲੋ ਮੀਟਰ ਦੇ ਸ਼ਹਿਰੀ ਹਿੱਸੇ ਨੂੰ ਛੱਡ ਕੇ ਬਾਕੀ ਸਡ਼ਕ, ਜਿਸ ਦੀ ਮੌਜੂਦਾ ਚੌਡ਼ਾਈ 5 ਮੀਟਰ ਹੈ, ਨੂੰ ਵਧਾ ਕੇ 10 ਮੀਟਰ ਕੀਤਾ ਜਾਣਾ ਹੈ। ਸ਼ਹਿਰੀ ਹਿੱਸੇ ਦੇ ਘੇਰੇ ਵਾਲੀ ਸਡ਼ਕ ਦੀ ਚੌਡ਼ਾਈ 17 ਮੀਟਰ ਹੋਵੇਗੀ। ਪ੍ਰੀਮੈਕਸ ਵਾਲੀ 17 ਮੀਟਰ ਵਾਲੀ ਸਡ਼ਕ ਤੋਂ ਇਲਾਵਾ ਡੇਢ ਮੀਟਰ ਦਾ ਡਿਵਾਈਡਰ ਦੋਹੀਂ ਪਾਸੇ 6-6 ਫੁੱਟ ਦਾ ਪੈਦਲ ਰਸਤਾ ਅਤੇ 2-2 ਫੁੱਟ ਦਾ ਬਰਸਾਤੀ ਪਾਣੀ ਵਾਲਾ ਨਾਲਾ ਬਣਾਇਆ ਜਾਣਾ ਹੈ, ਜਦਕਿ ਸਡ਼ਕ ਨੂੰ ਸੁਰੱਖਿਅਤ ਰੱਖਣ ਲਈ ਕਿਨਾਰਿਆਂ ਨੂੰ ਵੀ ਇੰਟਰਲਾਕਿੰਗ ਟਾਈਲਾਂ ਨਾਲ ਢਕਿਆ ਜਾਣਾ ਹੈ। ਸਡ਼ਕ ਦੇ ਇਸ ਹਿੱਸੇ ’ਚ ਫੂਲੇਵਾਲਾ ਦੇ ਮੌਜੂਦਾ ਪੁਲ ਦੀ ਬਜਾਏ ਲਗਭਗ ਇਕ ਕਿਲੋ ਮੀਟਰ ਲੰਬਾ ਫਲਾਈਓਵਰ ਵੀ ਬਣਾਇਆ ਜਾਣਾ ਹੈ, ਜੋ ਸਡ਼ਕ ਦੇ ਮੌਜੂਦਾ ਵਿੰਗੇ-ਟੇਢੇ ਹਿੱਸੇ ਨੂੰ ਵੀ ਬਿਲਕੁੱਲ ਸਿੱਧਾ ਕਰੇਗਾ। ਪਤਾ ਲੱਗਾ ਹੈ ਕਿ ਸਾਢੇ 38 ਕਿਲੋ ਮੀਟਰ ਵਾਲੇ ਇਸ ਹਿੱਸੇ ’ਚੋਂ ਅਜੇ ਸਿਰਫ ਮੁੱਦਕੀ ਤੋਂ ਖੋਟੇ ਪਿੰਡ ਦੇ ਸਕੂਲ ਤੱਕ ਦੀ ਟੈਂਡਰ ਪ੍ਰਕਿਰਿਆ ਮੁਕੰਮਲ ਹੋਈ ਹੈ ਤੇ ਬਾਕੀ ਛੋਟੇ ਜਿਹੇ ਟੋਟੇ ਦੇ ਨਿਰਮਾਣ ਲਈ ਅਜੇ ਟੈਂਡਰ ਆਦਿ ਨੂੰ ਮੁਕੰਮਲ ਹੋਣ ਵਿਚ ਥੋਡ਼੍ਹਾ ਸਮਾਂ ਹੋਰ ਲੱਗੇਗਾ।

Related News