‘ਪ੍ਰੈਕਟਿਸ ਕਰ ਰਹੇ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਸਰਕਾਰ ਰਜਿਸਟਰਡ ਕਰੇ’

03/25/2019 3:59:48 AM

ਮੋਗਾ (ਬਾਵਾ/ਜਗਸੀਰ)-ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਨ ਨੂੰ ਸਮਰਪਿਤ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨਜ਼ ਪੰਜਾਬ ਤਹਿਸੀਲ ਨਿਹਾਲ ਸਿੰਘ ਵਾਲਾ ਵੱਲੋਂ ਇਕ ਸੈਮੀਨਾਰ ਆਯੋਜਿਤ ਕੀਤਾ ਗਿਆ, ਜਿਸ ਦੀ ਸ਼ੁਰੂਆਤ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕਰ ਕੇ ਕੀਤੀ ਗਈ। ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਮੇਲ ਸਿੰਘ ਮਾਛੀਕੇ, ਜਨਰਲ ਸਕੱਤਰ ਰਣਧੀਰ ਸਿੰਘ ਮੀਨੀਆ, ਬਲਾਕ ਪ੍ਰਧਾਨ ਜਸਵਿੰਦਰ ਸਿੰਘ ਪੱਤੋ, ਬਲਾਕ ਜਨਰਲ ਸਕੱਤਰ ਡਾ.ਅਮਰਪ੍ਰੀਤ ਸਿੰਘ ਦੋਧਰ ਨੇ ਕਿਹਾ ਕਿ ਦੇਸ਼ ਅੰਦਰ 72 ਸਾਲ ਆਜ਼ਾਦੀ ਦੇ ਬਾਅਦ ਵੀ ਕਿਰਤੀ ਲੋਕਾਂ ਦਾ ਜੀਵਨ ਪੱਧਰ ਜਿਉਂ ਦੀ ਤਿਉਂ ਹੈ। ਦੇਸ਼ ਅੱਜ ਵੀ ਭੁੱਖਮਰੀ, ਗਰੀਬੀ, ਭ੍ਰਿਸ਼ਟਾਚਾਰ, ਬੇਰੋਜ਼ਗਾਰੀ ਤੇ ਕੁਨਬਾ ਪ੍ਰਸਤੀ ਵਰਗੀਆਂ ਅਲਾਮਤਾਂ ਨਾਲ ਜੂਝ ਰਿਹਾ ਹੈ। ਅੰਗਰੇਜ਼ ਸ਼ਾਸਕਾਂ ਦੇ ਰਾਜ ਨਾਲੋਂ ਵੀ ਵਧੇਰੇ ਤੇਜ਼ੀ ਨਾਲ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਹੋ ਰਹੀ ਹੈ। ਦੇਸ਼ ਦੇ ਕੁਦਰਤੀ ਖਜ਼ਾਨਿਆਂ ਨੂੰ ਸਰਮਾਏਦਾਰਾਂ ਹੱਥੋਂ ਲੁੱਟਣ ਦੀ ਪੂਰੀ ਖੁੱਲ੍ਹ ਦਿੱਤੀ ਹੋਈ ਹੈ। ਹੱਕ ਮੰਗਦੇ ਸੰਘਰਸ਼ਸ਼ੀਲ ਲੋਕਾਂ ਨੂੰ ਕੁਚਲਣ ਲਈ ਲੋਕ ਵਿਰੋਧੀ ਕਾਨੂੰਨਾਂ ਨੂੰ ਨਵੇਂ ਨਾਵਾਂ ਥੱਲੇ ਪਰੋਸਿਆ ਜਾ ਰਿਹਾ ਹੈ। ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਲੋਕਾਂ ਦੇ ਅਹਿਮ ਮੁੱਦਿਆਂ ਸਿਹਤ ਸਿੱਖਿਆ ਤੇ ਰੋਜ਼ਗਾਰ ਨੂੰ ਅਣਗੌਲੇ ਕੀਤਾ ਜਾ ਰਿਹਾ ਹੈ। ਸਿਹਤ ਕੇਂਦਰਾਂ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ, ਜਿਸ ਤਹਿਤ ਕੈਪਟਨ ਸਰਕਾਰ ਵੱਲੋਂ 583 ਸਿਹਤ ਕੇਂਦਰਾਂ ਨੂੰ ਵੇਚਣ ’ਤੇ ਲਾ ਰੱਖਿਆ ਹੈ। ਘਰ-ਘਰ ਰੋਜ਼ਗਾਰ ਦੇਣ ਦੇ ਲਾਰੇ ਲਾਉਣ ਵਾਲੀ ਸਰਕਾਰ ਲੋਕ ਮਸਲਿਆਂ ਤੋਂ ਪੂਰੀ ਤਰ੍ਹਾਂ ਮੂੰਹ ਫੇਰ ਚੁੱਕੀ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਚੋਣਾਂ ਸਮੇਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰੇ। ਚੋਣ ਵਾਅਦੇ ਮੁਤਾਬਕ ਪਿੰਡਾਂ ਤੇ ਸ਼ਹਿਰੀ ਬਸਤੀਆਂ ਅੰਦਰ ਪ੍ਰੈਕਟਿਸ ਕਰ ਰਹੇ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਰਜਿਸਟਰਡ ਕੀਤਾ ਜਾਵੇ, ਜੇਕਰ ਇਨ੍ਹਾਂ ਮੰਗਾਂ ਨੂੰ ਪੂਰਾ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਅੰਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਮੂੰਹ ਤੋਡ਼ ਜਵਾਬ ਦਿੱਤਾ ਜਾਵੇਗਾ। ਇਸ ਸਮੇਂ ਸੋਹਣ ਸਿੰਘ ਸੈਦੋਕੇ, ਸਰਪ੍ਰਸਤ ਗੁਰਮੇਲ ਸਿੰਘ ਮਾਨ ਦੋਧਰ, ਸਵਰਾਜ ਸਿੰਘ ਖੋਟੇ, ਬਬਜੋਧ ਰੌਂਤਾ, ਰਛਿੰਦਰ ਸਿੰਘ ਰਣੀਆ, ਸੁਖਵਿੰਦਰ ਸਿੰਘ ਮੱਲੇਆਣਾ ਕੈਸ਼ੀਅਰ ਚਮਕੌਰ ਖਾਈ, ਸੁਖਜੀਵਨ ਸਿੰਘ, ਜਗਸੀਰ ਸਿੰਘ ਹਿੰਮਤਪੁਰਾ, ਅਮਨਦੀਪ ਸਿੰਘ ਪੱਖਰਵੱਢ, ਪ੍ਰਚਾਰ ਸਕੱਤਰ ਰਾਜਿੰਦਰ ਸਿੰਘ, ਰਾਜਵੀਰ ਸਿੰਘ, ਕੇਵਲ ਸਿੰਘ ਮਾਛੀਕੇ ਹਾਜ਼ਰ ਸਨ।