ਲਾਪਤਾ ਨੌਜਵਾਨ ਦੀ ਮਿਲੀ ਲਾਸ਼
Sunday, Mar 24, 2019 - 03:52 AM (IST)

ਮੋਗਾ (ਆਜ਼ਾਦ)-ਪੁਰਾਣਾ ਮੋਗਾ ਨਿਵਾਸੀ ਸੂਰਜ ਉਰਫ ਲਵਲੀ (32) ਬੀਤੇ ਦਿਨੀਂ ਦੁਬਈ ਤੋਂ ਆਪਣੇ ਜੀਜੇ ਨਾਲ ਵਾਪਸ ਆਇਆ ਸੀ ਪਰ ਘਰ ਨਾ ਪਹੁੰਚਿਆ ਤੇ ਅਚਾਨਕ ਲਾਪਤਾ ਹੋ ਗਿਆ, ਜਿਸ ਦੀ ਲਾਸ਼ ਅੱਜ ਸਵੇਰੇ ਘਰ ਨੇਡ਼ਿਓਂ ਹੀ ਇਕ ਬੇਆਬਾਦ ਜਗ੍ਹਾ ਤੋਂ ਮਿਲੀ ਹੈ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਹੱਤਿਆ ਦਾ ਸ਼ੱਕ ਜ਼ਾਹਿਰ ਕਰਦਿਆਂ ਜ਼ਿਲਾ ਪੁਲਸ ਮੁਖੀ ਨੂੰ ਹੱਤਿਆ ਦਾ ਸੁਰਾਗ ਲਾਉਣ ਦੀ ਅਪੀਲ ਕੀਤੀ ਹੈ। ਇਸ ਘਟਨਾ ਦਾ ਪਤਾ ਲੱਗਣ ’ਤੇ ਡੀ.ਐੱਸ.ਪੀ (ਸਿਟੀ) ਪਰਮਜੀਤ ਸਿੰਘ ਸੰਧੂ ਅਤੇ ਥਾਣਾ ਸਿਟੀ ਸਾਊਥ ਦੇ ਇੰਚਾਰਜ ਪਲਵਿੰਦਰ ਸਿੰਘ ਹੋਰ ਪੁਲਸ ਕਰਮਚਾਰੀਆਂ ਸਮੇਤ ਮੌਕੇ ’ਤੇ ਪੁੱਜੇ ਤੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੋਗਾ ਪਹੁੰਚਾਇਆ। ਜਾਣਕਾਰੀ ਅਨੁਸਾਰ ਪੁਰਾਣਾ ਮੋਗਾ ਅਗਵਾਡ਼ ਸੰਧੂਆਂ ਵਾਲਾ ਨਿਵਾਸੀ ਸੂਰਜ ਉਰਫ ਲਵਲੀ ਪੁੱਤਰ ਨਿਰਦੇਵ ਸਿੰਘ ਦੀ ਪਤਨੀ ਨਿਰਮਲ ਕੌਰ ਦੁਬਈ ’ਚ ਰਹਿੰਦੀ ਹੈ। ਉਹ ਆਪਣੇ ਜੀਜਾ ਗੁਰਪ੍ਰੀਤ ਸਿੰਘ ਨਿਵਾਸੀ ਜਗਰਾਓਂ ਨਾਲ ਕਰੀਬ 2 ਮਹੀਨੇ ਪਹਿਲਾਂ ਦੁਬਈ ਗਿਆ ਸੀ ਅਤੇ ਬੀਤੀ 22 ਮਾਰਚ ਨੂੰ ਉਹ ਦੋਨੋਂ ਇੰਡੀਆ ਵਾਪਸ ਆ ਗਏ। ਬੱਸ ਸਟੈਂਡ ਤੋਂ ਉਤਰ ਕੇ ਉਹ ਆਟੋ ਰਿਕਸ਼ਾ ਰਾਹੀਂ ਆਪਣੇ ਘਰ ਪਹੁੰਚੇ। ਲਵਲੀ ਨੇ ਆਪਣੇ ਜੀਜਾ ਨੂੰ ਕਿਹਾ ਕਿ ਉਹ ਆ ਰਿਹਾ ਹੈ ਕਿ ਤੁਸੀਂ ਘਰ ਜਾਓ ਪਰ ਉਹ ਘਰ ਨਹੀਂ ਗਿਆ ਅਤੇ ਅਚਾਨਕ ਲਾਪਤਾ ਹੋ ਗਿਆ। ਪਰਿਵਾਰਕ ਮੈਂਬਰਾਂ ਨੇ ਉਸ ਦੀ ਤਲਾਸ਼ ਕੀਤੀ ਅਤੇ ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਪਰ ਉਸ ਦਾ ਕੋਈ ਸੁਰਾਗ ਨਾ ਮਿਲਿਆ। ਅੱਜ ਸਵੇਰੇ ਬਲਦੇਵ ਸਿੰਘ ਨਾਂ ਦੇ ਇਕ ਵਿਅਕਤੀ ਨੇ ਜਦੋਂ ਹੀ ਬੇਆਬਾਦ ਜਗ੍ਹਾ ’ਚ ਇਕ ਵਿਅਕਤੀ ਦੀ ਲਾਸ਼ ਪਈ ਦੇਖੀ ਤਾਂ ਉਸ ਨੇ ਇਸ ਦੀ ਜਾਣਕਾਰੀ ਤੁਰੰਤ ਸਾਬਕਾ ਕੌਂਸਲਰ ਨੂੰ ਦਿੱਤੀ, ਜਿਨ੍ਹਾਂ ਨੇ ਪੁਲਸ ਨੂੰ ਸੂਚਿਤ ਕੀਤਾ। ਪਰਿਵਾਰ ਵਾਲਿਆਂ ਨੇ ਵੀ ਉਥੇ ਪਹੁੰਚ ਕੇ ਲਾਸ਼ ਦੀ ਪਛਾਣ ਕੀਤੀ। ਪਰਿਵਾਰ ਵਾਲਿਆਂ ਨੇ ਪ੍ਰਗਟਾਇਆ ਹੱਤਿਆ ਦਾ ਸ਼ੱਕਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਸ਼ੱਕ ਪ੍ਰਗਟਾਇਆ ਕਿ ਸੂਰਜ ਦੀ ਹੱਤਿਆ ਕੀਤੀ ਗਈ ਹੈ ਅਤੇ ਬਾਅਦ ਵਿਚ ਉਸ ਦੀ ਲਾਸ਼ ਨੂੰ ਬੇਆਬਾਦ ਜਗ੍ਹਾ ’ਚ ਸੁੱਟ ਦਿੱਤਾ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਇਲਾਕੇ ’ਚ ਰਹਿੰਦੀ ਇਕ ਔਰਤ ਨਾਲ ਸਾਡੇ ਬੇਟੇ ਦਾ ਕੁੱਝ ਸਮਾਂ ਪਹਿਲਾਂ ਝਗਡ਼ਾ ਵੀ ਹੋਇਆ ਸੀ ਅਤੇ ਉਹ ਹਥਿਆਰਬੰਦ ਵਿਅਕਤੀ ਲੈ ਕੇ ਸਾਡੇ ਘਰ ਆ ਧਮਕੀ ਸੀ ਅਤੇ ਕਹਿ ਰਹੀ ਸੀ ਕਿ ਮੈਂ ਇਸ ਨੂੰ ਛੱਡਾਂਗੀ ਨਹੀਂ। ਉਨ੍ਹਾਂ ਜ਼ਿਲਾ ਪੁਲਸ ਮੁਖੀ ਮੋਗਾ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਲਈ ਕਿਹਾ ਤੇ ਉਕਤ ਮਹਿਲਾ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਜਾਵੇ। ਕੀ ਹੋਈ ਪੁਲਸ ਕਾਰਵਾਈਇਸ ਸਬੰਧੀ ਥਾਣਾ ਸਿਟੀ ਸਾਊਥ ਦੇ ਇੰਚਾਰਜ ਪਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਮਾਤਾ ਗੁਰਮੀਤ ਕੌਰ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕੀਤੀ ਗੲੀ ਹੈ ਤੇ ਲਾਸ਼ ਨੂੰ ਪੋਸਟਮਾਰਟਮ ਕਰਵਾਉਣ ਦੇ ਬਾਅਦ ਵਾਰਿਸਾਂ ਨੂੰ ਸੌਂਪ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਸ-ਪਾਸ ਦੇ ਖੇਤਰ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ ਅਤੇ ਉਹ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਨ ਤੇ ਜਲਦ ਹੀ ਇਸ ਮਾਮਲੇ ਨੂੰ ਸੁਲਝਾ ਲਿਆ ਜਾਵੇਗਾ। ਪੋਸਟਮਾਰਟਮ ਦੀ ਰਿਪੋਰਟ ਆਉਣ ’ਤੇ ਹੀ ਮੌਤ ਦੇ ਅਸਲੀ ਕਾਰਨਾਂ ਦਾ ਪਤਾ ਲੱਗ ਸਕੇਗਾ।