ਲੋਕ ਚੇਤਨਾ ਲਾਇਬ੍ਰੇਰੀ ਭਲੂਰ ਦੇ ਨਵੇਂ ਹਾਲ ਦਾ ਉਦਘਾਟਨ
Wednesday, Mar 06, 2019 - 03:10 PM (IST)

ਮੋਗਾ (ਰਾਜਵੀਰ)-ਪਿਛਲੇ ਵੀਹ ਸਾਲਾਂ ਤੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੀ ਸਾਹਿਤ ਸਭਾ ਭਲੂਰ (ਰਜਿ:) ਪੰਜਾਬ ਵੱਲੋਂ ਸਾਹਿਤ ਸਭਾ ਦਿੱਲੀ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਲੋਕ ਚੇਤਨਾ ਲਾਇਬ੍ਰੇਰੀ ਦੇ ਨਵੇਂ ਹਾਲ ਦਾ ਉਦਘਾਟਨ (ਖੋਸਿਆਂ ਵਾਲੀ ਧਰਮਸ਼ਾਲਾ) ਲੋਕ ਸਭਾ ਹਲਕਾ ਫਰੀਦਕੋਟ ਦੇ ਮੈਂਬਰ ਪ੍ਰੋ: ਸਾਧੂ ਸਿੰਘ ਨੇ ਕੀਤਾ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਵਲੋਂ ਸਿਹਤ ਅਤੇ ਸਿੱਖਿਆ ਵਿਭਾਗ ਨੂੰ ਖਤਮ ਕਰਨ ਵਾਸਤੇ ਹਰ ਹੀਲਾ ਵਰਤਿਆ ਜਾ ਰਿਹਾ ਹੈ। ਸਿਹਤ ਸਹੂਲਤਾਂ ਖਤਮ ਕੀਤੀਆਂ ਜਾ ਰਹੀਆਂ ਹਨ, ਸਰਕਾਰੀ ਸਕੂਲਾਂ ਦੇ ਅਧਿਆਪਕਾਂ ਤੋਂ ਗੈਰ-ਵਿੱਦਿਅਕ ਕੰਮ ਕਰਵਾਏ ਜਾ ਰਹੇ ਹਨ ਤਾਂ ਜੋ ਉਹ ਬੱਚਿਆਂ ਦੀ ਪਡ਼੍ਹਾਈ ਵੱਲ ਧਿਆਨ ਨਾ ਦੇ ਸਕਣ। ਨੌਜਵਾਨਾਂ ਨੂੰ ਕਿਤਾਬਾਂ ਨਾਲੋਂ ਤੋਡ਼ਨ ਵਾਸਤੇ ਨਸ਼ੇ ਆਦਿ ਵੱਡੇ ਪੱਧਰ ’ਤੇ ਫੈਲਾਏ ਜਾ ਰਹੇ ਹਨ ਤਾਂ ਜੋ ਨੌਜਵਾਨਾਂ ਦਾ ਮਾਨਸਿਕ ਪੱਧਰ ਨੀਵਾਂ ਕੀਤਾ ਜਾ ਸਕੇ ਅਤੇ ਉਹ ਆਪਣੇ ਹੱਕਾਂ ਪ੍ਰਤੀ ਸੁਚੇਤ ਨਾ ਹੋ ਸਕਣ। ਉਨ੍ਹਾਂ ਕਿਹਾ ਕਿ ਉੱਘੇ ਸਮਾਜ ਸੇਵੀ ਮਾਸਟਰ ਬਿੱਕਰ ਸਿੰਘ ਹਾਂਗਕਾਂਗ ਵਾਲਿਆਂ ਦੀ ਅਗਵਾਈ ਵਿਚ ਲਾਇਬ੍ਰ੍ਰੇਰੀ ਦਾ ਪ੍ਰਬੰਧ ਚਲਾਉਣਾ ਬਹੁਤ ਹੀ ਵਧੀਆ ਕੰਮ ਹੈ। ਜਸਵੀਰ ਭਲੂਰੀਏ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ 1700 ਕਿਤਾਬਾਂ ਵਾਲੀ ਲਾਇਬ੍ਰੇਰੀ ਵਾਸਤੇ ਬਹੁਤ ਸਾਰੇ ਦਾਨੀ ਵੀਰਾਂ ਨੇ ਮਦਦ ਕੀਤੀ ਹੈ, ਜਿਸ ਵਿਚ ਮਾਸਟਰ ਬਿੱਕਰ ਸਿੰਘ ਦਾ ਵਿਸ਼ੇਸ਼ ਯੋਗਦਾਨ ਹੈ। ਸਮਾਗਮ ਦੌਰਾਨ ਮਨਜੀਤ ਸਿੰਘ ਕਾਕੂ ਬਰਾਡ਼ ਨੇ ਕਿਤਾਬਾਂ ਰੱਖਣ ਵਾਸਤੇ ਇਕ ਅਲਮਾਰੀ ਅਤੇ ਸਰਪੰਚ ਪਾਲਾ ਸਿੰਘ ਨੇ 6 ਕੁਰਸੀਆਂ ਦੇਣ ਦਾ ਐਲਾਨ ਕੀਤਾ। ਇਸ ਮੌਕੇ ਮਨਜੀਤ ਸਿੰਘ ਬੰਬ, ਰਾਜਵੀਰ ਸੰਧੂ, ਮਨਜੀਤ ਸਿੰਘ ਕਾਕੂ ਬਰਾਡ਼, ਜੇ. ਈ. ਕੁਲਦੀਪ ਸਿੰਘ, ਮਿਸਤਰੀ ਪ੍ਰੀਤਮ ਸਿੰਘ, ਬਚਿੱਤਰ ਸਿੰਘ ਪ੍ਰਧਾਨ, ਸ਼ੇਰ ਸਿੰਘ ਸ਼ੇਰੀ ਬਰਾਡ਼, ਬਲੌਰ ਸਿੰਘ ਬਾਜ, ਗਿੰਦਾ ਬਰਾਡ਼, ਗੇਦਾ ਢਿੱਲੋਂ, ਸੁਖਦੀਪ ਸਿੰਘ, ਕਾਮਰੇਡ ਕੇਵਲ ਸਿੰਘ, ਇੰਦਰਜੀਤ ਸਿੰਘ, ਭੋਲਾ ਸਿੰਘ ਢਿੱਲੋਂ, ਇਕਬਾਲ ਸਿੰਘ, ਫੌਜੀ ਬਲਵਿੰਦਰ ਸਿੰਘ, ਈਸ਼ਰ ਸਿੰਘ, ਸੀਰਾ ਸਿੰਘ ਆਦਿ ਹਾਜ਼ਰ ਸਨ।