ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਪੰਜਾਬ ਦੇ ਹਿੱਤਾਂ ਲਈ ਕੰਮ ਕੀਤਾ : ਮਨਜੀਤ ਰਾਣਾ

03/04/2019 3:47:32 AM

ਮੋਗਾ (ਮੁਨੀਸ਼)-ਟਕਸਾਲੀ ਅਕਾਲੀਆਂ ਵੱਲੋਂ ਪਿਛਲੇ ਦਿਨੀਂ ਸ਼ਹਿਰ ਬਾਘਾਪੁਰਾਣਾ ਵਿਚ ਇਕ ਵਿਸ਼ਾਲ ਕਾਨਫਰੰਸ ਕੀਤੀ ਗਈ ਸੀ, ਜਿਸ ਕਾਰਨ ਸ਼ਹਿਰ ਦੇ ਕਈ ਵਿਅਕਤੀ ਆਪਣੇ ਦੰਦਾਂ ਹੇਠਾਂ ਜੀਭ ਦੇਈ ਬੈਠੇ ਹਨ ਤੇ ਲੋਕਾਂ ਨੂੰ ਭਰਮਾਉਣ ਲਈ ਗ਼ਲਤ ਪ੍ਰਚਾਰ ਕਰ ਰਹੇ ਹਨ, ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਜ਼ਿਲਾ ਮੋਗਾ ਦੇ ਸੀਨੀਅਰ ਆਗੂ ਮਨਜੀਤ ਸਿੰਘ ਰਾਣਾ ਨੇ ਕੀਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਸਾਰੇ ਟਕਸਾਲੀ ਅਕਾਲੀਆਂ ਦੀ ਪਾਰਟੀ ਹੈ, ਜਿਨ੍ਹਾਂ ਵੱਲੋਂ 1920 ਤੋਂ ਲੈ ਕੇ ਹੁਣ ਤੱਕ ਪੰਜਾਬ ਦੇ ਹਿੱਤਾਂ ਲਈ ਕੰਮ ਕੀਤਾ ਗਿਆ ਹੈ। ਅਕਾਲੀ ਦਲ ਵਿਚ ਪਰਿਵਾਰਵਾਦ ਦਾ ਹਾਵੀ ਹੋਣਾ ਬਹੁਤ ਮਾਡ਼ਾ ਸੰਦੇਸ਼ ਹੈ ਤੇ ਜਿਸ ਤੋਂ ਅੱਕੇ ਹੋਏ ਟਕਸਾਲੀ ਅਕਾਲੀਆਂ ਨੇ ਵੱਖਰੀ ਪਾਰਟੀ ਬਣਾਉਣ ਦਾ ਫੈਸਲਾ ਲਿਆ ਸੀ ਤੇ ਬਾਦਲ ਪਰਿਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਸੰਨਿਆਸ ਲੈਣ ਲਈ ਕਿਹਾ ਸੀ ਪਰ ਬਾਦਲ ਵੱਲੋਂ ਹੋਰ ਲੀਡਰ ਨੂੰ ਪਾਰਟੀ ਪ੍ਰਧਾਨ ਬਣਾਉਣ ਦੀ ਬਜਾਏ ਸੁਖਬੀਰ ਨੂੰ ਪ੍ਰਧਾਨ ਬਣਾਉਣ ਨਾਲ ਸਮੁੱਚੇ ਟਕਸਾਲੀਆਂ ਦੇ ਮਨਾਂ ਨੂੰ ਠੇਸ ਪਹੁੰਚਾਈ ਗਈ ਸੀ। ਉਨ੍ਹਾਂ ਕਿਹਾ ਇਕ ਤਾਂ ਬੇਅਦਬੀ ਕਾਰਨ ਟਕਸਾਲੀ ਅਕਾਲੀ ਪਹਿਲਾਂ ਹੀ ਬਾਦਲ ਪਰਿਵਾਰ ਤੋਂ ਨਾਰਾਜ਼ ਸਨ, ਦੂਜੇ ਪਾਸੇ ਸੁਖਬੀਰ ਨੂੰ ਮੁਡ਼ ਪ੍ਰਧਾਨ ਬਣਾਉਣਾ ਉਨ੍ਹਾਂ ਦੇ ਜ਼ਖਮਾਂ ਉੱਪਰ ਨਮਕ ਛਿਡ਼ਕਣ ਦੇ ਬਰਾਬਰ ਸੀ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੇ ਜਿੰਨੀ ਢਾਅ ਸਿੱਖ ਕੌਮ ਨੂੰ ਲਾਈ ਹੈ, ਓਨੀ ਕਦੇ ਵੀ ਕਿਸੇ ਨੇ ਨਹੀਂ ਲਾਈ, ਬਾਦਲ ਪਰਿਵਾਰ ਨੇ ਆਰ.ਐੱਸ.ਐੱਸ. ਨਾਲ ਹੱਥ ਮਿਲਾ ਕੇ ਸਿੱਖ ਕੌਮ ਦੀ ਪਿੱਠ ਵਿਚ ਸ਼ੁਰਾ ਖੋਬਿਆ ਹੈ ਤੇ ਗੁਰੂ ਕੀ ਗੋਲਕ ਦਾ ਪੈਸਾ ਆਪਣੇ ਹਿੱਤ ਲਈ ਵਰਤਿਆ ਹੈ।

Related News