ਗੁੱਡ ਸਮਾਰਟੀਅਨ ਬਾਰੇ ਡਾਕਟਰਾਂ ਨੂੰ ਕਰਵਾਇਆ ਜਾਣੂ
Wednesday, Jan 30, 2019 - 09:06 AM (IST)

ਮੋਗਾ (ਸੰਦੀਪ)- ਸ਼ਹੀਦੀ ਪਾਰਕ, ਮੋਗਾ ਦੇ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐੱਮ.ਏ.) ਹਾਲ ਵਿਖੇ ਜ਼ਿਲੇ ਦੇ ਸਰਕਾਰੀ ਤੇ ਪ੍ਰਾਈਵੇਟ ਡਾਕਟਰਾਂ ਨੂੰ ਗੁੱਡ ਸਮਾਰਟੀਅਨ ਦੇ ਅਧਿਕਾਰਾਂ ਤੋਂ ਜਾਣੂ ਕਰਵਾਉਣ ਲਈ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਵੱਲੋਂ ਇਕ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ’ਚ ਮੁਨੀਸ਼ ਸਿੰਗਲ ਜ਼ਿਲਾ ਤੇ ਸੈਸ਼ਨ ਜੱਜ, ਮੋਗਾ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਜ਼ਿਲੇ ਦੇ ਸਰਕਾਰੀ ਅਤੇ ਪ੍ਰਾਈਵੇਟ ਡਾਕਟਰਾਂ ਨੇ ਭਾਗ ਲਿਆ। ਸੈਮੀਨਾਰ ਦੀ ਸ਼ੁਰੂਆਤ ਡਾ. ਨਵਰਾਜ ਸਿੰਘ, ਸੀਨੀਅਰ ਵਾਈਸ ਪ੍ਰਧਾਨ ਨੇ ਕੀਤੀ। ਡਾ. ਸੰਜੀਵ ਮਿੱਤਲ ਪ੍ਰਧਾਨ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਉਕਤ ਵਿਸ਼ੇ ਬਾਰੇ ਡਾਕਟਰਾਂ ਨੂੰ ਜਾਣੂ ਕਰਵਾਇਆ। ਉਪਰੰਤ ਮੁਨੀਸ਼ ਸਿੰਗਲ, ਜ਼ਿਲਾ ਤੇ ਸੈਸ਼ਨ ਜੱਜ, ਮੋਗਾ ਨੇ ਗੁੱਡ ਸਮਾਰਟੀਅਨ ਬਾਰੇ ਡਾਕਟਰ ਸਾਹਿਬਾਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਦੇਸ਼ ਭਰ ’ਚ ਸਡ਼ਕ ਹਾਦਸਿਆਂ ਨਾਲ ਲੱਖਾਂ ਵਿਅਕਤੀ ਹਰ ਸਾਲ ਮੌਤ ਦੇ ਮੂੂੰਹ ’ਚ ਚਲੇ ਜਾਂਦੇ ਹਨ, ਜਦਕਿ ਸਡ਼ਕ ਹਾਦਸੇ ਉਪਰੰਤ 15 ਮਿੰਟ ’ਚ ਜ਼ਖਮੀਆਂ ਨੂੰ ਤੁਰੰਤ ਡਾਕਟਰੀ ਸਹਾਇਤਾ ਮਿਲਣ ਨਾਲ ਹਜ਼ਾਰਾਂ ਵਿਅਕਤੀਆਂ ਦੀਆਂ ਜਾਨਾਂ ਬਚ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਡਾਕਟਰਾਂ ਤੇ ਪੁਲਸ ਵੱਲੋਂ ਕਾਨੂੰਨੀ ਪੁੱਛ-ਗਿੱਛ ਕਾਰਨ ਸਡ਼ਕ ਹਾਦਸੇ ਸਮੇਂ ਆਮ ਤੌਰ ’ਤੇ ਵਿਅਕਤੀ ਪੁਲਸ ਨੂੰ ਸੂਚਨਾ ਦੇਣ ਜਾਂ ਜ਼ਖਮੀ ਨੂੰ ਹਸਪਤਾਲ ਲਿਜਾਣ ਦੀ ਬਜਾਏ ਪਾਸਾ ਵੱਟ ਲੈਂਦੇ ਹਨ। ਵਿਨੀਤ ਕੁਮਾਰ ਨਾਰੰਗ ਸੀ.ਜੇ.ਐੱਮ.-ਕਮ-ਸਕੱਤਰ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਨੇ ਗੁੱਡ ਸਮਾਰਟੀਅਨ ਦੇ ਅਧਿਕਾਰਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਸਮੇਂ ਡਾ. ਆਰਤੀ ਐੱਸ.ਐੱਮ.ਓ., ਡਾ. ਅਰਵਿੰਦਰਪਾਲ ਸਿੰਘ ਗਿੱਲ ਸੀ.ਐੱਮ.ਓ., ਡਾ. ਸੰਦੀਪ ਗਰਗ ਵਾਈਸ ਪ੍ਰਧਾਨ, ਡਾ. ਕਪਿਲ ਸੈਕਟਰੀ ਅਤੇ ਮੋਗਾ ਜ਼ਿਲੇ ਦੇ ਡਾਕਟਰਾਂ ਨੇ ਹਿੱਸਾ ਲਿਆ।