ਅਥਲੈਟਿਕਸ ਮੀਟ ’ਚ ਰਾਇਲ ਕਾਨਵੈਂਟ ਸਕੂਲ ਦੀਆਂ ਖਿਡਾਰਨਾਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ
Friday, Jan 25, 2019 - 09:27 AM (IST)

ਮੋਗਾ (ਬਾਵਾ/ਜਗਸੀਰ)-ਸੰਗਰੂਰ ਵਿਖੇ ਆਯੋਜਿਤ ਤੰਦਰੁਸਤ ਪੰਜਾਬ ਅਥਲੈਟਿਕਸ ਮੀਟ ਵਿਚ ਰਾਇਲ ਕਾਨਵੈਂਟ ਸਕੂਲ ਨਿਹਾਲ ਸਿੰਘ ਵਾਲਾ ਦੀਆਂ ਖਿਡਾਰਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜਿੱਤ ਦਾ ਪਰਚਮ ਲਹਿਰਾਇਆ ਅਤੇ ਤਿੰਨ ਤਮਗੇ ਹਾਸਲ ਕਰ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ। ਇਸ ਅਥਲੈਟਿਕਸ ਮੀਟ ਵਿਚ ਅੰਡਰ 14 ਵਰਗ ਦੀ ਖਿਡਾਰਨ ਸਿਮਰਨਜੀਤ ਕੌਰ ਨੇ 100 ਮੀਟਰ ਰੇਸ ਵਿਚ ਸੋਨੇ ਦਾ ਤਮਗਾ ਅਤੇ ਲੰਬੀ ਛਾਲ ਵਿਚ ਕਾਂਸੀ ਦਾ ਤਮਗਾ ਹਾਸਲ ਕੀਤਾ। ਗੁਰਪ੍ਰੀਤ ਕੌਰ ਨੇ ਰਿਲੇਅ ਰੇਸ ਵਿਚ ਕਾਂਸੀ ਦਾ ਤਮਗਾ ਜਿੱਤ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ। ਇਨ੍ਹਾਂ ਖਿਡਾਰਨਾਂ, ਕੋਚ ਜਗਵੀਰ ਸਿੰਘ ਅਤੇ ਮੈਡਮ ਅਮਨਦੀਪ ਕੌਰ ਦਾ ਸਕੂਲ ਪਹੁੰਚਣ ’ਤੇ ਸਕੂਲ ਕਮੇਟੀ ਦੇ ਪ੍ਰਧਾਨ ਗੁਰਦੀਪ ਸਿੰਘ ਵਾਲੀਆ, ਮੈਨੇਜਰ ਸੋਨਿਕਾ ਵਾਲੀਆ ਅਤੇ ਪ੍ਰਿੰਸੀਪਲ ਰੀਮਾ ਗਰੋਵਰ ਵਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਖਿਡਾਰਨਾਂ ਤੋਂ ਭਵਿੱਖ ਵਿਚ ਵੀ ਵੱਡੀਆਂ ਪ੍ਰਾਪਤੀਆਂ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਇਹ ਖਿਡਾਰਨਾਂ ਪੰਜਾਬ ਸਰਕਾਰ ਦੇ ਖੇਡ ਵਿਭਾਗ ਸਬ ਸੈਂਟਰ ਬਿਲਾਸਪੁਰ ਵਿਖੇ ਕੋਚ ਜਗਬੀਰ ਸਿੰਘ ਦੀ ਰਹਿਨੁਮਾਈ ਹੇਠ ਕੋਚਿੰਗ ਲੈ ਰਹੀਆਂ ਹਨ।