ਅਧਿਆਪਕ ਆਗੂਆਂ ਦੀਆਂ ਸੇਵਾਵਾਂ ਖਤਮ ਕਰਨ ਵਿਰੁੱਧ ਰੋਸ ਪ੍ਰਦਰਸ਼ਨ
Wednesday, Jan 16, 2019 - 09:34 AM (IST)

ਮੋਗਾ (ਗੋਪੀ ਰਾਊਕੇ)-9 ਅਕਤੂਬਰ ਨੂੰ ਪੰਜਾਬ ਸਰਕਾਰ ਵੱਲੋਂ ਐੱਸ. ਐੱਸ. ਏ./ਰਮਸਾ ਤੇ ਆਦਰਸ਼/ਮਾਡਲ ਸਕੂਲਾਂ ’ਚ ਕੰਮ ਕਰਦੇ 8886 ਅਧਿਆਪਕਾਂ ਦੀਆਂ ਮੌਜੂਦਾ ਤਨਖਾਹਾਂ ’ਚ 75 ਫੀਸਦੀ ਕਟੌਤੀ ਕਰਨ ਦੇ ਫੈਸਲੇ ਨੂੰ ਵਾਪਸ ਕਰਵਾ ਕੇ ਪੂਰੀਆਂ ਤਨਖਾਹਾਂ ’ਤੇ ਰੈਗੂਲਰ ਕਰਵਾਉਣ ਲਈ ਸੰਘਰਸ਼ ਦੀ ਅਗਵਾਈ ਕਰ ਰਹੇ ਆਗੂਆਂ ਹਰਦੀਪ ਟੋਡਰਪੁਰ, ਭਰਤ ਕੁਮਾਰ, ਹਰਵਿੰਦਰ ਰੱਖਡ਼ਾ, ਹਰਜੀਤ ਜੀਦਾ ਤੇ ਦੀਦਾਰ ਮੁੱਦਕੀ ਨੂੰ ਡਾਇਰੈਕਟਰ ਜਨਰਲ ਸਿੱਖਿਆ ਪੰਜਾਬ ਦੇ ਹੁਕਮਾਂ ਅਨੁਸਾਰ ਨੌਕਰੀ ਤੋਂ ਲਾਂਭੇ ਕਰਨ ਖਿਲਾਫ਼ ਸਾਂਝਾ ਅਧਿਆਪਕ ਮੋਰਚਾ ਪੰਜਾਬ ਇਕਾਈ ਮੋਗਾ ਨੇ ਸਿੱਖਿਆ ਮੰਤਰੀ ਪੰਜਾਬ ਦੇ ਲਾਰਿਆਂ ਦੀ ਪੰਡ ਤੇ ਟਰਮੀਨੇਸ਼ਨ ਦੇ ਆਰਡਰਾਂ ਦੀਆਂ ਕਾਪੀਆਂ ਫੂਕ ਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਸਬੰਧੀ ਸਾਂਝਾ ਅਧਿਆਪਕ ਮੋਰਚਾ ਦੇ ਕਨਵੀਨਰ ਕੇਵਲ ਸਿੰਘ, ਬੂਟਾ ਸਿੰਘ ਭੱਟੀ ਤੇ ਕੋ-ਕਨਵੀਨਰ ਜੱਜਪਾਲ ਬਾਜੇ ਕੇ, ਗੁਰਮੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਐੱਸ. ਐੱਸ. ਏ./ਰਮਸਾ ਅਧਿਆਪਕਾਂ ਨਾਲ ਲਗਾਤਾਰ ਜਬਰ ਕੀਤਾ ਜਾ ਰਿਹਾ ਹੈ, ਜਿਸ ਤਹਿਤ ਪਹਿਲਾਂ ਜਿੱਥੇ 10-10 ਸਾਲਾਂ ਤੋਂ ਕੰਮ ਕਰ ਰਹੇ ਅਧਿਆਪਕਾਂ ਦੀਆਂ ਮੌਜੂਦਾ ਤਨਖਾਹਾਂ ’ਚ 75 ਫੀਸਦੀ ਕਟੌਤੀ ਕਰਨ ਦਾ ਫਰਮਾਨ ਜਾਰੀ ਕੀਤਾ ਗਿਆ, ਫਿਰ ਉਸ ਫਰਮਾਨ ਨੂੰ ਨਾ ਮੰਨਣ ਵਾਲੇ ਅਧਿਆਪਕਾਂ ਦੀਆਂ ਜਬਰੀ 200-300 ਕਿਲੋਮੀਟਰ ਦੂਰ ਬਦਲੀਆਂ ਕੀਤੀਆਂ ਗਈਆਂ ਤੇ ਇਸ ਜਬਰ ਖਿਲਾਫ਼ ਸੰਘਰਸ਼ ਦੀ ਅਗਵਾਈ ਕਰਨ ਵਾਲੇ ਅਧਿਆਪਕ ਆਗੂਆਂ ਨੂੰ ਮੁਅੱਤਲ ਕਰ ਕੇ ਸੰਘਰਸ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਸਾਂਝਾ ਅਧਿਆਪਕ ਮੋਰਚਾ ਦੀ ਅਗਵਾਈ ਹੇਠ ਅਧਿਆਪਕਾਂ ਦਾ ਸੰਘਰਸ਼ 56 ਦਿਨ ਪੱਕੇ ਧਰਨੇ ਦੇ ਰੂਪ ’ਚ ਪਟਿਆਲੇ ਜਾਰੀ ਰਿਹਾ, ਜਿਸ ਦਾ ਅੰਤ ਧਰਨੇ ’ਚ ਆ ਕੇ ਸਿੱਖਿਆ ਮੰਤਰੀ ਵੱਲੋਂ 1 ਦਸੰਬਰ ਨੂੰ ਅਧਿਆਪਕਾਂ ਦੀਆਂ ਕੀਤੀਆਂ ਜਬਰੀ ਬਦਲੀਆਂ ਤੇ ਮੁਅੱਤਲੀਆਂ ਤੁਰੰਤ ਰੱਦ ਕਰਨ ਤੇ ਅਧਿਆਪਕਾਂ ਦੀ ਤਨਖਾਹ ਕਟੌਤੀ ਦਾ ਫੈਸਲਾ ਮੁੱਖ ਮੰਤਰੀ ਨਾਲ ਪੈਨਲ ਮੀਟਿੰਗ ਤੈਅ ਕਰਵਾ ਕੇ ਉਸ ’ਚ ਵਿਚਾਰਨ ਦਾ ਐਲਾਨ ਕੀਤਾ ਗਿਆ ਸੀ ਪਰ 46 ਦਿਨ ਬਾਅਦ ਕੀਤਾ ਐਲਾਨ ਪੂਰਾ ਕਰਨ ਦੀ ਬਜਾਏ ਪੰਜਾਬ ਸਰਕਾਰ ਵੱਲੋਂ ਪੰਜ ਅਧਿਆਪਕ ਆਗੂਆਂ ਦੀਆਂ ਸੇਵਾਵਾਂ ਖਤਮ ਕਰਨ ਦਾ ਫਰਮਾਨ ਜਾਰੀ ਕਰਨ ’ਤੇ ਸਮੁੱਚੇ ਅਧਿਆਪਕ ਵਰਗ ’ਚ ਰੋਸ ਹੈ, ਜਿਸ ਦਾ ਜਵਾਬ ਅਧਿਆਪਕ ਆਉਣ ਵਾਲੇ ਦਿਨਾਂ ’ਚ ਸੰਘਰਸ਼ ਨੂੰ ਹੋਰ ਤੇਜ਼ ਕਰ ਕੇ ਦੇਣਗੇ। ਇਸ ਮੌਕੇ ਅਮਨ ਮਟਵਾਣੀ, ਨਾਇਬ ਸਿੰਘ, ਬਲਜਿੰਦਰ ਧਾਲੀਵਾਲ, ਸੁਖਵਿਦਰ ਘੋਲੀਆ, ਕੁਲਦੀਪ ਸਿੰਘ ਨੇ ਸਿੱਖਿਆ ਸਕੱਤਰ ਤੇ ਸਿੱਖਿਆ ਮੰਤਰੀ ’ਤੇ ਵਰ੍ਹਦਿਆਂ ਕਿਹਾ ਕਿ ਸਿੱਖਿਆ ਮੰਤਰੀ ਵੱਲੋਂ ਲੋਹਡ਼ੀ ’ਤੇ ਕੀਤੇ ਗਏ ਐਲਾਨ ਮੁਤਾਬਕ ਅਧਿਆਪਕਾਂ ਦੀਆਂ ਬਦਲੀਆਂ ਤੇ ਸਸਪੈਨਸ਼ਨਾਂ ਰੱਦ ਕਰਨ ਵਾਲੀ ਪ੍ਰਕਿਰਿਆ ਚਲਾਉਣ ਦੀ ਬਜਾਏ ਸਿੱਖਿਆ ਸਕੱਤਰ ਦੇ ਇਸ਼ਾਰੇ ’ਤੇ ਅਧਿਆਪਕ ਆਗੂਆਂ ਦੀਆਂ ਸੇਵਾਵਾਂ ਖਤਮ ਕਰਨ ਦੀ ਗੱਲ ਸੁਣਦਿਆਂ ਹੀ ਅਧਿਆਪਕ ਤੇ ਮੁਲਾਜ਼ਮ ਵਰਗ ’ਚ ਪੰਜਾਬ ਸਰਕਾਰ ਦੇ ਇਸ ਤਾਨਾਸ਼ਾਹੀ ਫੈਸਲੇ ਖਿਲਾਫ਼ ਰੋਹ ਦੀ ਲਹਿਰ ਦੌਡ਼ ਗਈ, ਜਿਸ ਨੂੰ ਲੈ ਕੇ ਅੱਜ ਵੱਖ-ਵੱਖ ਥਾਵਾਂ ’ਤੇ ਆਰਡਰਾਂ ਦੀਆਂ ਕਾਪੀਆਂ ਫੂਕੀਆਂ ਗਈਆਂ। ਉਨ੍ਹਾਂ ਆਖਿਆ ਕਿ 20 ਜਨਵਰੀ ਨੂੰ ਅਧਿਆਪਕ ਵੱਡੀ ਗਿਣਤੀ ’ਚ ਅੰਮ੍ਰਿਤਸਰ ਸਿੱਖਿਆ ਮੰਤਰੀ ਦੇ ਘਰ ਅੱਗੇ ਉਨ੍ਹਾਂ ਨੂੰ ਉਨ੍ਹਾਂ ਵੱਲੋਂ ਅਧਿਆਪਕ ਵਰਗ ’ਤੇ ਕੀਤੇ ਗਏ ਜ਼ੁਲਮਾਂ ਦਾ ਮੂੰਹ ਤੋਡ਼ਵਾਂ ਜਵਾਬ ਦੇਣਗੇ ਤੇ 3 ਫਰਵਰੀ ਨੂੰ ਪਟਿਆਲਾ ਵਿਖੇ ਵਿਸ਼ਾਲ ਰੋਸ ਰੈਲੀ ਕਰ ਕੇ ਕਾਂਗਰਸ ਸਰਕਾਰ ਖਿਲਾਫ਼ ਸੰਘਰਸ਼ ਦਾ ਬਿਗੁਲ ਵਜਾਇਆ ਜਾਵੇਗਾ। ਇਸ ਮੌਕੇ ਜਸਬੀਰ ਸਿੰਘ ਸਿੱਧੂ, ਸਤਨਾਮ ਕੌਰ, ਜਗਵੀਰਨ ਕੌਰ, ਜਸਪ੍ਰੀਤ ਕੌਰ ਸੱਤਿਆਮ ਪ੍ਰਕਾਸ਼, ਸਵਰਨਜਿਤ ਭਗਤਾ, ਕ੍ਰਿਸ਼ਨ ਪ੍ਰਤਾਪ ਹਾਜ਼ਰ ਸਨ।