ਅਬ ਕੀ ਬਾਰ ਜਹਾਜ਼ਾਂ ਵਾਲਿਆਂ ਦੀ ਸਰਕਾਰ (ਵੀਡੀਓ)

05/22/2018 7:14:03 PM

ਜਲੰਧਰ : ਚੰਗੇ ਦਿਨਾਂ ਦਾ ਨਾਅਰਾ ਲਗਾ ਕੇ ਕੇਂਦਰ ਦੀ ਸੱਤਾ ਵਿਚ ਆਈ ਮੋਦੀ ਸਰਕਾਰ ਨੇ ਆਪਣੇ ਚਾਰ ਸਾਲ ਦੇ ਕਾਰਜਕਾਲ ਵਿਚ ਹੀ ਮਹਿੰਗਾਈ ਨਾਲ ਲੋਕਾਂ 'ਚ ਹਾਹਾਕਾਰ ਮਚਾ ਦਿੱਤੀ ਹੈ। ਜੇਕਰ ਮੋਦੀ ਸਰਕਾਰ ਨੂੰ ਜਹਾਜ਼ਾਂ ਵਾਲਿਆਂ ਦੀ ਸਰਕਾਰ ਕਿਹਾ ਜਾਵੇ ਤਾਂ ਇਸ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ ਕਿਉਂਕਿ ਕੇਂਦਰ ਦੀ ਸੱਤਾ ਵਿਚ ਕਾਬਜ਼ ਹੋਣ ਤੋਂ ਬਾਅਦ ਮੋਦੀ ਸਰਕਾਰ ਏਅਰ ਲਾਈਨਾਂ 'ਤੇ ਜ਼ਿਆਦਾ ਮੇਹਰਬਾਨ ਰਹੀ ਹੈ। ਦੇਸ਼ ਦੀ ਜਨਤਾ ਅੱਜ ਮਹਿੰਗੇ ਪੈਟਰੋਲ ਨਾਲ ਤਰਾਹੀ-ਤਰਾਹੀ ਕਰ ਰਹੀ ਹੈ ਪਰ ਕੇਂਦਰ ਸਰਕਾਰ ਨੂੰ ਗਰੀਬਾਂ ਅਤੇ ਕਿਸਾਨਾਂ ਦੇ ਮੁਕਾਬਲੇ ਜਹਾਜ਼ ਚਲਾਉਣ ਵਾਲੀਆਂ ਕੰਪਨੀਆਂ ਦੀ ਚਿੰਤਾ ਜ਼ਿਆਦਾ ਲੱਗ ਰਹੀ ਹੈ। ਆਓ ਤੁਹਾਨੂੰ ਆਂਕੜਿਆਂ ਰਾਹੀਂ ਸਮਝਾਉਂਦੇ ਹਾਂ ਕਿ ਕਿਸ ਤਰ੍ਹਾਂ ਇਹ ਸਰਕਾਰ ਪੈਟਰੋਲ ਅਤੇ ਡੀਜ਼ਲ 'ਤੇ ਮੋਟੀ ਕਮਾਈ ਕਰਕੇ ਤੁਹਾਡੀ ਜੇਬ ਨੂੰ ਖੋਰਾ ਲਗਾ ਰਹੀ ਹੈ। 
ਤੁਸੀਂ ਆਪਣੀ ਸਕਰੀਨ 'ਤੇ ਪੈਟਰੋਲ ਦਾ ਜੋ ਰੇਟ ਦੇਖ ਰਹੇ ਹੋ ਉਹ ਇੰਡੀਅਨ ਆਇਲ ਕਾਰਪੋਰੇਸ਼ਨ ਯਾਨੀ ਆਈ. ਓ. ਸੀ. ਦੀ ਵੈੱਬਸਾਈਟ ਤੋਂ ਲਿਆ ਗਿਆ ਹੈ ਅਤੇ 13 ਮਈ 2014 ਨੂੰ ਜਿਸ ਵੇਲੇ ਕੱਚੇ ਤੇਲ ਦਾ ਭਾਅ 108 ਡਾਲਰ ਪ੍ਰਤੀ ਬੈਰਲ ਸੀ ਉਸ ਵੇਲੇ ਦਾ ਇਹ ਭਾਅ 71 ਰੁਪਏ 41 ਪੈਸੇ ਪ੍ਰਤੀ ਲੀਟਰ ਸੀ। ਇਸੇ ਵੈਬਸਾਈਟ ਮੁਤਾਬਕ ਦਿੱਲੀ ਦਾ ਸੋਮਵਾਰ ਦਾ ਪੈਟਰੋਲ ਦਾ ਭਾਅ 76 ਰੁਪਏ 57 ਪੈਸੇ ਪ੍ਰਤੀ ਲੀਟਰ ਹੈ ਯਾਨੀ ਚਾਰ ਸਾਲ ਪਹਿਲਾਂ ਦੀ ਕੀਮਤ ਦੇ ਮੁਕਾਬਲੇ ਅੱਜ ਦਾ ਭਾਅ 5 ਰੁਪਏ 16 ਪੈਸੇ ਪ੍ਰਤੀ ਲੀਟਰ ਜ਼ਿਆਦਾ ਹੈ। ਤੁਸੀਂ ਸੋਚ ਰਹੇ ਹੋਵੋਗੇ ਕਿ ਚਾਰ ਸਾਲ ਵਿਚ 5 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੋਈ ਵੱਡੀ ਗੱਲ ਨਹੀਂ ਪਰ ਇਸ ਵਧੀ ਕੀਮਤ 'ਤੇ ਸਵਾਲ ਇਸ ਲਈ ਖੜ੍ਹਾ ਹੋ ਰਿਹਾ ਹੈ ਕਿਉਂਕਿ ਅੱਜ ਕੱਚੇ ਤੇਲ ਦੀ ਕੀਮਤ ਕਰੀਬ 70 ਡਾਲਰ ਪ੍ਰਤੀ ਬੈਰਲ ਹੈ ਯਾਨੀ ਕੱਚੇ ਤੇਲ ਦੀਆਂ ਕੀਮਤਾਂ ਕਰੀਬ 37 ਤੋਂ 38 ਡਾਲਰ ਪ੍ਰਤੀ ਬੈਰਲ ਘੱਟ ਹਨ ਪਰ ਪੈਟਰੋਲ ਦੇ ਰੇਟ 5 ਰੁਪਏ ਪ੍ਰਤੀ ਲੀਟਰ ਵਧੇ ਹੋਏ ਹਨ। ਇਹੋ ਹਾਲ ਡੀਜ਼ਲ ਦਾ ਹੈ। 13 ਮਈ 2014 ਨੂੰ ਡੀਜ਼ਲ ਦੀ ਕੀਮਤ 56 ਰੁਪਏ 71 ਪੈਸੇ ਪ੍ਰਤੀ ਲੀਟਰ ਸੀ ਜੋ ਕਿ ਹੁਣ ਵੱਧ ਕੇ 67 ਰੁਪਏ 82 ਪੈਸੇ ਪ੍ਰਤੀ ਲੀਟਰ ਹੋ ਗਈ ਹੈ ਅਤੇ ਇਸ ਵਿਚ ਪੈਟਰੋਲ ਦੇ ਮੁਕਾਬਲੇ ਜ਼ਿਆਦਾ ਵਾਧਾ ਹੋਇਆ ਹੈ। ਡੀਜ਼ਲ ਮੋਦੀ ਰਾਜ ਵਿਚ 11 ਰੁਪਏ 11 ਪੈਸੇ ਪ੍ਰਤੀ ਲੀਟਰ ਮਹਿੰਗਾ ਹੋਇਆ ਹੈ। ਜੇਕਰ ਆਮ ਆਦਮੀ ਵਲੋਂ ਇਸਤੇਮਾਲ ਕੀਤੇ ਜਾਣ ਵਾਲੇ ਪੈਟਰੋਲ ਡੀਜ਼ਲ ਵਰਗੇ ਈਧਨ ਦੀ ਤੁਲਣਾ ਜਹਾਜ਼ਾਂ ਵਿਚ ਇਸਤੇਮਾਲ ਹੋਣ ਵਾਲੇ ਏਅਰ ਟਰਬਾਈਨਲ ਫਿਊਲ ਯਾਨੀ ਏ. ਟੀ. ਐੱਫ. ਨਾਲ ਕੀਤੀ ਜਾਵੇ ਤਾਂ ਇਹ ਅੱਜ ਵੀ ਪੈਟਰੋਲ ਦੇ ਮੁਕਾਬਲੇ 11 ਰੁਪਏ ਲੀਟਰ ਸਸਤਾ ਹੈ। ਦਿੱਲੀ ਵਿਚ ਅੱਜ ਏ. ਟੀ. ਐੱਫ. ਦਾ ਰੇਟ ਕਰੀਬ 65 ਰੁਪਏ 34 ਪੈਸੇ ਪ੍ਰਤੀ ਲੀਟਰ ਬੈਠ ਰਿਹਾ ਹੈ ਜਦਕਿ ਪੈਟਰੋਲ 76 ਰੁਪਏ 57 ਪੈਸੇ ਪ੍ਰਤੀ ਲੀਟਰ ਹੈ ਅਤੇ ਅੱਜ ਵੀ ਏ. ਟੀ. ਐੱਫ. ਪੈਟਰੋਲ ਦੇ ਮੁਕਾਬਲੇ ਕਰੀਬ 11 ਰੁਪਏ ਸਸਤਾ ਹੈ। 
ਜਹਾਜ਼ ਵਾਲਿਆਂ 'ਤੇ ਮੋਦੀ ਸਰਕਾਰ ਇਹ ਮੇਹਰਬਾਨੀ ਨਵੀਂ ਨਹੀਂ ਹੈ ਜਿਸ ਦਿਨ ਦੀ ਸਰਕਾਰ ਸੱਤਾ ਵਿਚ ਆਈ ਹੈ, ਉਸ ਦਿਨ ਤੋਂ ਲੈ ੇਕੇ ਏ. ਟੀ. ਐੱਫ. ਦੇ ਰੇਟ ਪੈਟਰੋਲ ਅਤੇ ਡੀਜ਼ਲ ਦੇ ਮੁਕਾਬਲੇ ਸਸਤੇ ਰਹੇ ਹਨ ਜਦਕਿ ਪੁਰਾਣੀ ਮਨਮੋਹਨ ਸਿੰਘ ਸਰਕਾਰ ਦੇ ਰਾਜ ਦੌਰਾਨ ਅਜਿਹਾ ਨਹੀਂ ਸੀ। 1 ਮਾਰਚ 2014 ਨੂੰ ਦਿੱਲੀ ਵਿਚ ਏ. ਟੀ. ਐੱਫ. ਦੇ ਰੇਟ ਕਰੀਬ 74 ਰੁਪਏ ਪ੍ਰਤੀ ਲੀਟਰ ਸਨ ਅਤੇ ਇਸ ਦੌਰਾਨ ਦਿੱਲੀ ਵਿਚ ਪੈਟਰੋਲ ਦੀ ਕੀਮਤ 73 ਰੁਪਏ 16 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ ਕਰੀਬ 54 ਰੁਪਏ ਪ੍ਰਤੀ ਲੀਟਰ ਸੀ ਯਾਨੀ ਆਮ ਆਦਮੀ ਦਾ ਈਧਨ ਜਹਾਜ਼ ਦੇ ਮੁਕਾਬਲੇ ਸਸਤਾ ਸੀ। ਇਸ ਦੌਰਾਨ ਮੋਦੀ ਸਰਕਾਰ ਦੇ ਰਾਜ ਵਿਚ ਇਕ ਅਜਿਹਾ ਦੌਰ ਵੀ ਆਇਆ ਜਦੋਂ ਪੈਟਰੋਲ ਅਤੇ ਏ. ਟੀ. ਐੱਫ. ਦੀਆਂ ਕੀਮਤਾਂ ਦੇ ਵਿਚਾਲੇ ਕਰੀਬ 25 ਰੁਪਏ ਲੀਟਰ ਦਾ ਫਰਕ ਹੋ ਗਿਆ ਸੀ। 1 ਫਰਵਰੀ 2016 ਨੂੰ ਪੈਟਰੋਲ ਦੀ ਕੀਮਤ 59 ਰੁਪਏ 95 ਪੈਸੇ ਪ੍ਰਤੀ ਲੀਟਰ ਸੀ ਜਦਕਿ ਇਸ ਦੌਰਾਨ ਏ. ਟੀ. ਐੱਫ. 35 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਸੀ। 
ਦਰਅਸਲ ਮੋਦੀ ਸਰਕਾਰ ਵਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਤੇ 9 ਵਾਰ ਲਗਾਈ ਗਈ ਐਕਸਾਈਜ਼ ਡਿਊਟੀ ਨੇ ਆਮ ਜਨਤਾ ਦੀ ਜੇਬ 'ਤੇ ਕੈਂਚੀ ਚਲਾਉਣ ਦਾ ਕੰਮ ਕੀਤਾ ਹੈ। ਪੈਟਰੋਲ ਦੇ ਉਤੇ ਅੱਜ ਵੀ 19 ਰੁਪਏ 48 ਪੈਸੇ ਪ੍ਰਤੀ ਲੀਟਰ ਦੀ ਐਕਸਾਈਜ਼ ਡਿਊਟੀ ਲੱਗ ਰਹੀ ਹੈ ਜਦਕਿ ਡੀਜ਼ਲ 'ਤੇ ਇਹ ਡਿਊਟੀ 15 ਰੁਪਏ 33 ਪੈਸੇ ਪ੍ਰਤੀ ਲੀਟਰ ਹੈ। ਹੁਣ ਤੁਹਾਨੂੰ ਦਿਖਾਉਂਦੇ ਹਾਂ ਕਿ ਇਸ ਐਕਸਾਈਜ਼ ਡਿਊਟੀ ਰਾਹੀਂ ਮੋਦੀ ਸਰਕਾਰ ਨੂੰ ਹਰ ਸਾਲ ਕਿੰਨੀ ਕਮਾਈ ਹੋ ਰਹੀ ਹੈ। 2014-15 ਵਿਚ ਸਰਕਾਰ ਨੂੰ ਐਕਸਾਈਜ਼ ਡਿਊਟੀ ਤੋਂ 99 ਹਜ਼ਾਰ 184 ਕਰੋੜ ਰੁਪਏ ਦੀ ਆਮਦਨ ਹੋਈ ਸੀ। 2015-16 ਵਿਚ ਇਹ ਆਮਦਨ ਵਧ ਕੇ 1 ਲੱਖ 78 ਹਜ਼ਾਰ 590 ਕਰੋੜ ਰੁਪਏ ਹੋ ਗਈ ਜਦਕਿ 2016-17 ਵਿਚ ਸਰਕਾਰ ਦੀ ਇਹ ਆਮਦਨ 2 ਲੱਖ 42 ਹਜ਼ਾਰ 691 ਕਰੋੜ ਰੁਪਏ ਤਕ ਪਹੁੰਚ ਗਈ। ਵਿੱਤੀ ਸਾਲ 2017-18 ਦੇ ਪਹਿਲੇ 9 ਮਹੀਨਿਆਂ ਦੌਰਾਨ ਸਰਕਾਰ ਦੀ ਆਮਦਨ 1 ਲੱਖ 60 ਹਜ਼ਾਰ 156 ਕਰੋੜ ਰੁਪਏ ਦੀ ਹੈ। ਯਾਨੀ ਸਰਕਾਰ ਨੇ ਪਿਛਲੇ 3 ਸਾਲ ਵਿਚ ਪੈਟਰੋਲ ਡੀਜ਼ਲ 'ਤੇ ਲਗਾਈ ਗਈ ਐਕਸਾਈਜ਼ ਡਿਊਟੀ ਤੋਂ ਹੀ 5 ਲੱਖ 81 ਹਜ਼ਾਰ 437 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਹ ਸਾਰਾ ਬੋਝ ਆਮ ਜਨਤਾ ਦੀ ਜੇਬ 'ਤੇ ਹੀ ਪਿਆ ਹੈ। ਜਲੰਧਰ ਵਿਚ 'ਜਗ ਬਾਣੀ' ਨੇ ਜਦੋਂ ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਪਾਸੋਂ ਇਸ ਬਾਰੇ ਸਵਾਲ ਪੁੱਛਿਆ ਤਾਂ ਉਨ੍ਹਾਂ ਦਾ ਜਵਾਬ ਕੀ ਸੀ ਇਹ ਤੁਸੀਂ ਵੀਡੀਓ ਵਿਚ ਆਪ ਦੇਖ ਲਵੋ। 
2013 ਵਿਚ ਜਦੋਂ ਯੂ. ਪੀ. ਏ. ਦੀ ਸਰਕਾਰ ਆਪਣੀ ਦੂਸਰੀ ਪਾਰੀ ਦੇ ਆਖਰੀ ਦੌਰ ਵਿਚ ਸੀ ਤਾਂ ਦੇਸ਼ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਵੱਧਦੀਆਂ ਕੀਮਤਾਂ ਕਾਰਨ ਜਨਤਾ ਦੇ ਗੁੱਸੇ ਨੇ ਹੀ ਦੇਸ਼ ਵਿਚ ਸੱਤਾ ਪਲਟਨ ਵਿਚ ਅਹਿਮ ਭੂਮਿਕਾ ਅਦਾ ਕੀਤੀ ਸੀ ਜੇਕਰ ਸਰਕਾਰ ਨੇ ਆਮ ਆਦਮੀ ਦੀ ਚਿੰਤਾ ਨੂੰ ਦੇਖਦੇ ਹੋਏ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਤੇ ਠੱਲ ਨਾ ਪਾਈ ਤਾਂ ਇਸ ਦਾ ਸਿਆਸੀ ਨੁਕਸਾਨ ਇਸ ਸਰਕਾਰ ਨੂੰ ਵੀ ਭੁਗਤਨਾ ਪੈ ਸਕਦਾ ਹੈ।