ਗੁਜਰਾਤ ਚੋਣ ''ਚ ਫੰਡਿੰੰਗ ਬਦਲੇ ਮੋਦੀ ਸਰਕਾਰ ਸਟੀਲ ਕਾਰਟਲ ਨੂੰ ਦੇ ਰਹੀ ਹੈ ਸਰਪ੍ਰਸਤੀ

01/12/2018 5:15:54 AM

ਲੁਧਿਆਣਾ(ਬਹਿਲ)-ਸਟੀਲ ਦੇ ਰੇਟਾਂ 'ਚ ਬੇਤਹਾਸ਼ਾ ਵਾਧੇ ਤੋਂ ਖਫਾ ਹੋ ਕੇ ਮਹਾਨਗਰ ਲੁਧਿਆਣਾ ਦੇ ਸੈਕੰਡਰੀ ਕਾਰੋਬਾਰੀਆਂ ਨੇ ਵਿਸ਼ਵਕਰਮਾ ਚੌਕ 'ਚ ਮੋਦੀ ਸਰਕਾਰ ਅਤੇ ਸਟੀਲ ਕੰਪਨੀਆਂ ਖਿਲਾਫ ਮੋਰਚਾ ਖੋਲ੍ਹਦੇ ਹੋਏ ਸਟੀਲ ਕਾਰਟਲ ਅਤੇ ਮੋਦੀ ਸਰਕਾਰ ਮੁਰਦਾਬਾਦ ਦੇ ਨਾਅਰੇ ਲਾ ਕੇ ਜੰਮ ਕੇ ਭੜਾਸ ਕੱਢੀ। ਫੈੱਡਰੇਸ਼ਨ ਆਫ ਇੰਡਸਟ੍ਰੀਅਲ ਐਂਡ ਟ੍ਰੇਡ ਪੰਜਾਬ ਦੇ ਬੈਨਰ ਹੇਠ ਲਾਏ ਗਏ ਇਸ ਰੋਸ ਧਰਨੇ ਵਿਚ ਫਾਸਟਨਰ ਨਿਰਮਾਤਾ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਭੰਮਰਾ, ਸੀ. ਆਈ. ਸੀ. ਯੂ. ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ, ਯੂ. ਸੀ. ਪੀ. ਐੱਮ. ਏ. ਦੇ ਪ੍ਰਧਾਨ ਇੰਦਰਜੀਤ ਨਵਯੁਗ, ਚਰਨਜੀਤ ਵਿਸ਼ਵਕਰਮਾ, ਅਵਤਾਰ ਭੋਗਲ, ਪ੍ਰਦੀਪ ਵਧਾਵਨ, ਸਿਲਾਈ ਮਸ਼ੀਨ ਐਸੋਸੀਏਸ਼ਨ ਦੇ ਪ੍ਰਧਾਨ ਜਗਬੀਰ ਸੋਖੀ, ਜਨਤਾ ਨਗਰ ਐਸੋਸੀਏਸ਼ਨ ਦੇ ਪ੍ਰਧਾਨ ਜਸਵਿੰਦਰ ਠੁਕਰਾਲ, ਪੰਜਾਬ ਵਪਾਰ ਮੰਡਲ ਲੁਧਿਆਣਾ ਦੇ ਪ੍ਰਧਾਨ ਰਾਧੇ ਸ਼ਾਮ ਆਹੂਜਾ ਅਤੇ ਰਾਮ ਲੁਭਾਇਆ ਨੇ ਦੇਸ਼ ਵਿਚ ਵੱਡੀਆਂ ਸਟੀਲ ਕੰਪਨੀਆਂ ਵੱਲੋਂ ਮਨਮਰਜ਼ੀ ਨਾਲ ਸਟੀਲ ਦੇ ਰੇਟਾਂ 'ਚ ਵਾਧੇ ਪਿੱਛੇ ਆਪਣੇ ਆਪ ਨੂੰ ਦੇਸ਼ ਦਾ ਪ੍ਰਧਾਨ ਸੇਵਾਦਾਰ ਦੱਸਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਹਾਲ ਹੀ ਵਿਚ ਗੁਜਰਾਤ ਵਿਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਵੱਡੇ ਉਦਯੋਗਿਕ ਸਟੀਲ ਘਰਾਣਿਆਂ ਤੋਂ ਫੰਡ ਲੈਣ ਬਦਲੇ ਉਨ੍ਹਾਂ ਨੂੰ ਦੇਸ਼ ਦੇ ਐੱਮ. ਐੱਸ. ਐੱਮ. ਈ. ਖੇਤਰ ਨੂੰ ਲੁੱਟਣ ਦੀ ਖੁੱਲ੍ਹੀ ਛੋਟ ਦਿੱਤੀ ਹੈ। ਉਦਯੋਗਿਕ ਆਗੂਆਂ ਨੇ ਕਿਹਾ ਕਿ ਜੀ. ਐੱਸ. ਟੀ. ਲਾਗੂ ਹੋਣ ਦੇ 5 ਮਹੀਨਿਆਂ ਦੇ ਅੰਦਰ ਹੀ ਸਟੀਲ ਕੰਪਨੀਆਂ ਨੇ ਆਪਣੇ ਉਤਪਾਦਾਂ ਦੇ ਰੇਟ 8000 ਰੁਪਏ ਪ੍ਰਤੀ ਟਨ ਵਧਾ ਦਿੱਤੇ ਹਨ। ਵੱਡੀਆਂ ਸਟੀਲ ਕੰਪਨੀਆਂ ਮੋਦੀ ਸਰਕਾਰ ਦੀ ਸ਼ਹਿ 'ਤੇ ਇਕ ਹੀ ਮਹੀਨੇ ਵਿਚ 4 ਤੋਂ 5 ਵਾਰ ਰੇਟਾਂ ਵਿਚ ਵਾਧਾ ਕਰ ਰਹੀਆਂ ਹਨ, ਜਿਸ ਨਾਲ ਖਪਤਕਾਰ ਇੰਜੀਨੀਅਰਿੰਗ ਇੰਡਸਟਰੀ ਤਾਲਾਬੰਦੀ ਕੰਢੇ ਪੁੱਜ ਗਈ ਹੈ। ਕਾਰੋਬਾਰੀਆਂ ਨੇ ਕੇਂਦਰ ਸਰਕਾਰ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਸਟੀਲ ਕਾਰਟਲ ਨੂੰ ਸਰਕਾਰੀ ਸਰਪ੍ਰਸਤੀ ਮਿਲਣ ਕਾਰਨ ਪ੍ਰਾਈਮ ਸਟੀਲ ਦਾ ਨਿਰਯਾਤ ਧੜੱਲੇ ਨਾਲ ਕੀਤਾ ਜਾ ਰਿਹਾ ਹੈ, ਜਦੋਂਕਿ ਸਾਈਕਲ ਇੰਡਸਟਰੀ, ਆਟੋ ਪਾਰਟਸ, ਫਾਸਟਨਰ, ਮਸ਼ੀਨ ਟੂਲ, ਇਲੈਕਟ੍ਰਿਕ ਇੰਡਸਟਰੀ, ਹੈਂਡ ਟੂਲ ਇੰਸਡਟਰੀ ਪ੍ਰਾਈਮ ਸਟੀਲ ਦੀ ਭਾਰੀ ਸ਼ਾਰਟੇਜ ਅਤੇ ਰੇਟਾਂ ਵਿਚ ਤੇਜ਼ੀ ਨਾਲ ਤ੍ਰਾਹ-ਤ੍ਰਾਹ ਕਰ ਰਹੀ ਹੈ। ਸਰਕਾਰ ਦੇ ਸਟੀਲ ਕਾਰਟਲ ਦੇ ਇਸ਼ਾਰਿਆਂ 'ਤੇ ਸਟੀਲ ਦੇ ਆਯਾਤ 'ਤੇ ਐਂਟੀ ਇੰਪੋਰਟ ਡਿਊਟੀ ਅਤੇ ਐੱਮ. ਆਈ. ਪੀ. ਲਾਈ ਹੈ। ਕਾਰੋਬਾਰੀਆਂ ਨੇ ਕਿਹਾ ਕਿ ਭਾਰਤ ਵਿਚ ਆਇਰਨ ਅਤੇ ਵੱਡੇ ਸਟੀਲ ਪਲਾਟਾਂ ਨੂੰ ਸਸਤੇ ਮੁੱਲ 'ਤੇ ਮਿਲਣ ਦੇ ਬਾਵਜੂਦ ਰੇਟਾਂ ਵਿਚ ਵਾਧਾ ਹੋ ਰਿਹਾ ਹੈ। ਦੇਸ਼ ਤੋਂ ਕੱਚਾ ਮਾਲ ਚੀਨ ਨੂੰ ਨਿਰਯਾਤ ਕਰਨ ਤੋਂ ਬਾਅਦ ਚੀਨ ਤੋਂ ਤਿਆਰ ਸਟੀਲ ਅਤੇ ਪ੍ਰੋਡਕਟਸ ਭਾਰਤ ਵਿਚ ਆ ਕੇ ਸਸਤੇ ਰੇਟਾਂ 'ਤੇ ਵਿਕ ਰਹੇ ਹਨ ਜਿਸ ਨਾਲ ਇੰਡਸਟਰੀ ਮੁਕਾਬਲੇ ਤੋਂ ਬਾਹਰ ਹੋਣ ਲੱਗੀ ਹੈ। ਸਰਕਾਰ ਤੇ ਇੰਡਸਟਰੀ ਦਰਮਿਆਨ ਬਿੱਲੀ-ਚੂਹੇ ਦੀ ਲੜਾਈ ਮੰਦਭਾਗੀ : ਚੈਂਬਰ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਨੇ ਕਿਹਾ ਕਿ ਸਟੀਲ ਦੇ ਰੇਟਾਂ 'ਚ ਵਾਧੇ ਖਿਲਾਫ ਕਾਰੋਬਾਰੀਆਂ ਨੂੰ ਮਜਬੂਰਨ ਸੰਘਰਸ਼ ਲਈ ਸੜਕਾਂ 'ਤੇ ਉਤਰਨਾ ਬੇਹੱਦ ਮੰਦਭਾਗਾ ਹੈ। ਇਹ ਸਰਕਾਰ ਦੇ ਲਈ ਸ਼ਰਮ ਦੀ ਗੱਲ ਹੈ, ਕਿਉਂਕਿ ਇੰਡਸਟਰੀ ਲਈ 10 ਮਿੰਟ ਲਈ ਕੰਮ-ਕਾਜ ਛੱਡਣਾ ਮੁਸ਼ਕਲ ਹੈ। ਸਰਕਾਰ ਅਤੇ ਇੰਡਸਟਰੀ ਦਰਮਿਆਨ ਸਟੀਲ ਦੇ ਰੇਟਾਂ ਵਿਚ ਵਾਧੇ ਦੀ ਲੜਾਈ ਬਿੱਲਾ-ਚੂਹੇ ਦੀ ਲੜਾਈ ਵਰਗੀ ਹੈ, ਜਿੱਥੇ ਬਿੱਲੀ ਰੂਪ ਸਰਕਾਰ ਚੂਹੇ ਸਮਾਨ ਕਾਰੋਬਾਰੀਆਂ ਨੂੰ ਮਾਰਨ ਲਈ ਪਿੱਛੇ ਦੌੜ ਰਹੀ ਹੈ। ਨਾਲ ਹੀ ਕਾਰੋਬਾਰੀਆਂ ਨੂੰ ਜਾਨ ਬਚਾਉਣ ਦੇ ਲਾਲੇ ਪਏ ਹੋਏ ਹਨ। ਸਰਕਾਰ ਦਾ ਫਰਜ਼ ਕਾਰੋਬਾਰੀਆਂ ਦੇ ਹਿੱਤਾਂ ਦੀ ਰਾਖੀ ਕਰਨਾ ਹੈ। ਰੋਸ ਧਰਨੇ ਦੌਰਾਨ ਕਾਰੋਬਾਰੀਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਮਾਂ ਰਹਿੰਦੇ ਦੇਸ਼ ਦੀ ਛੋਟੀ ਇੰਡਸਟਰੀ ਦੇ ਹਿੱਤਾਂ ਦੀ ਰਾਖੀ ਨਾ ਕੀਤੀ ਗਈ ਤਾਂ 2019 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਸਰਕਾਰ ਨੂੰ ਸਬਕ ਸਿਖਾਵਾਂਗੇ।