ਮੋਹਾਲੀ ''ਚ 8.18 ਕਰੋੜ ਦੀ ਲਾਗਤ ਨਾਲ ਬਣੇਗੀ ਅਤਿ ਆਧੁਨਿਕ ਸ਼ੂਟਿੰਗ ਰੇਂਜ

06/05/2019 8:58:39 AM

ਚੰਡੀਗੜ੍ਹ/ਮੋਹਾਲੀ : ਪੰਜਾਬ ਸਰਕਾਰ ਵੱਲੋਂ ਮੋਹਾਲੀ ਫੇਜ਼-6 ਵਿਖੇ 8.18 ਕਰੋੜ ਰੁਪਏ ਦੀ ਲਾਗਤ ਨਾਲ ਕੌਮਾਂਤਰੀ ਪੱਧਰ ਦੀ ਅਤਿ ਆਧੁਨਿਕ 10 ਮੀਟਰ ਇੰਡੋਰ ਸ਼ੂਟਿੰਗ ਰੇਂਜ ਬਣਾਈ ਜਾ ਰਹੀ ਹੈ ਜੋ ਕਿ 31 ਮਾਰਚ, 2020 ਤੱਕ ਨਿਸ਼ਾਨੇਬਾਜ਼ਾਂ ਨੂੰ ਸਪੁਰਦ ਕਰ ਦਿੱਤੀ ਜਾਵੇਗੀ। ਇਸ ਰੇਂਜ ਦਾ ਨੀਂਹ ਪੱਥਰ ਬੀਤੇ ਦਿਨ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਕੈਬਨਿਟ ਮੰਤਰੀ  ਬਲਬੀਰ ਸਿੰਘ ਸਿੱਧੂ ਨੇ ਰੱਖਿਆ।

ਫੇਜ਼-6 ਵਿਖੇ ਹੋਏ ਸਮਾਗਮ ਨੂੰ ਸੰਬੋਧਨ ਕਰਦਿਆਂ ਖੇਡ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੂਬੇ 'ਚ ਖੇਡਾਂ ਦਾ ਮਿਆਰ ਉੱਚਾ ਚੁੱਕਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ। ਪਟਿਆਲਾ ਵਿਖੇ ਖੇਡ ਯੂਨੀਵਰਸਿਟੀ ਬਣਾਉਣ ਤੋਂ ਇਲਾਵਾ ਸੂਬੇ 'ਚ ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਮੋਹਾਲੀ ਵਿਖੇ ਜਿੱਥੇ ਪਹਿਲਾਂ ਹੀ ਸ਼ੂਟਿੰਗ ਰੇਂਜ ਚੱਲ ਰਹੀ ਹੈ, ਉਥੇ ਨਵੀਂ 10 ਮੀਟਰ ਇੰਡੋਰ ਸ਼ੂਟਿੰਗ ਰੇਂਜ ਬਣਾਈ ਜਾ ਰਹੀ ਹੈ, ਜੋ ਓਲੰਪਿਕ ਪੱਧਰ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਰੇਂਜ 80 ਟਾਰਗੇਟ ਨਿਸ਼ਾਨਿਆਂ ਵਾਲੀ ਦੋ ਮੰਜ਼ਿਲਾ ਏਅਰ ਕੰਡੀਸ਼ਨਡ ਅਤੇ ਇਲੈਕਟ੍ਰਾਨਿਕ ਸਕੋਰ ਵਾਲੀ ਹੋਵੇਗੀ।

ਰਾਣਾ ਸੋਢੀ ਨੇ ਕਿਹਾ ਕਿ 8.18 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੀ ਇਹ ਰੇਂਜ 31 ਮਾਰਚ 2020 ਤੱਕ ਮੁਕੰਮਲ ਹੋ ਜਾਵੇਗੀ, ਜਿਸ ਤੋਂ ਬਾਅਦ ਨਿਸ਼ਾਨੇਬਾਜ਼ ਇਥੇ ਤਿਆਰੀ ਕਰ ਸਕਣਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਓਲੰਪਿਕ ਖੇਡਾਂ ਵਿੱਚ ਸ਼ੁਮਾਰ ਖੇਡਾਂ ਨੂੰ ਤਰਜੀਹੀ ਸੂਚੀ ਵਿੱਚ ਉਨ੍ਹਾਂ ਆਸ ਪ੍ਰਗਟਾਈ ਕਿ ਅਗਲੇ ਸਾਲ ਟੋਕੀਓ ਵਿਖੇ ਹੋਣ ਵਾਲੀਆਂ ਓਲੰਪਿਕ ਖੇਡਾਂ 'ਚ ਪੰਜਾਬ ਦੇ ਖਿਡਾਰੀਆਂ ਦੀ ਚੋਖੀ ਹਿੱਸੇਦਾਰੀ ਹੋਵੇਗੀ ਅਤੇ ਉਹ ਚੰਗਾ ਪ੍ਰਦਰਸ਼ਨ ਦੁਹਰਾਉਣਗੇ।

Babita

This news is Content Editor Babita