ਪੁਰਾਣੀ ਦੀ ਬਜਾਏ ਆਧੁਨਿਕ ਧਰਮਸ਼ਾਲਾ ਦੇ ਨਿਰਮਾਣ ਲਈ ਛਿੜੀ ਚੁੰਝ ਚਰਚਾ

04/14/2018 2:02:43 PM

ਬਾਘਾਪੁਰਾਣਾ (ਚਟਾਨੀ) - ਅਜੋਕੇ ਆਧੁਨਿਕ ਦੌਰ ਦੀ ਵਸੋਂ ਦੀਆਂ ਆਧੁਨਿਕ ਲੋੜਾਂ ਦੀ ਪੂਰਤੀ ਤੋਂ ਅਸਮਰੱਥ ਹੋ ਚੁੱਕੀ ਸ਼ਹਿਰ ਦੀ 60 ਸਾਲ ਪੁਰਾਣੀ ਸਨਮਤੀ ਜਨਤਾ ਧਰਮਸ਼ਾਲਾ ਨੂੰ ਭਾਵੇਂ ਸਬੰਧਿਤ ਕਮੇਟੀ ਨੇ ਨਵੀਂ ਦਿੱਖ ਪ੍ਰਦਾਨ ਕਰਨ 'ਚ ਕੋਈ ਕਸਰ ਬਾਕੀ ਨਹੀਂ ਛੱਡੀ। ਇਸ ਥਾਂ 'ਤੇ ਬੇਹੱਦ ਛੋਟੇ ਹਾਲ ਅਤੇ ਪਾਰਕਿੰਗ ਲਈ ਕੋਈ ਜਗ੍ਹਾ ਨਾ ਹੋਣ ਕਰ ਕੇ ਲੋਕਾਂ ਦੇ ਮੰਤਵ ਹੁਣ ਇਸ ਧਰਮਸ਼ਾਲਾ 'ਚ ਹੱਲ ਨਹੀਂ ਹੋ ਰਹੇ। ਵਪਾਰਕ ਅਤੇ ਰਿਹਾਇਸ਼ੀ ਅਦਾਰਿਆਂ ਦੀ ਸੰਘਣੀ ਵਸੋਂ ਦੀ ਗ੍ਰਿਫਤ 'ਚ ਆ ਚੁੱਕੀ ਇਸ ਧਰਮਸ਼ਾਲਾ ਦੇ ਬਦਲ ਵਜੋਂ ਕੋਈ ਪੈਲੇਸਨੁਮਾ ਧਰਮਸ਼ਾਲਾ ਦੀ ਲੋੜ ਭਾਵੇਂ ਸ਼ਹਿਰੀਆਂ ਵੱਲੋਂ ਬੜੀ ਸ਼ਿੱਦਤ ਨਾਲ ਮਹਿਸੂਸ ਕੀਤੀ ਜਾ ਰਹੀ ਹੈ ਪਰ ਚਿਰਾਂ ਤੋਂ ਚੱਲੀ ਆ ਰਹੀ ਚੁੰਝ ਚਰਚਾ ਤੋਂ ਗੱਲ ਅੱਗੇ ਨਹੀਂ ਤੁਰ ਰਹੀ। 
ਮਿਲੀ ਜਾਣਕਾਰੀ ਅਨੁਸਾਰ ਸ਼ਹਿਰ ਦੇ ਮਾਤਾ ਦੇ ਜਿਹੜੇ ਭਗਤਾਂ ਵੱਲੋਂ ਮਾਤਾ ਚਿੰਤੁਪੁਰਨੀ ਵਿਖੇ ਪਿਛੇ 20-25 ਸਾਲਾਂ ਤੋਂ ਹਰੇਕ ਵਰ੍ਹੇ ਲੰਗਰ ਲਾਇਆ ਜਾਂਦਾ ਹੈ। ਹੁਣ ਉਨ੍ਹਾਂ ਨੇ ਧਰਮਸ਼ਾਲਾ ਦੇ ਨਿਰਮਾਣ ਵੱਲ ਗੰਭੀਰਤਾ ਨਾਲ ਸੋਚਣਾ ਸ਼ੁਰੂ ਕੀਤਾ ਹੈ। ਚਿੰਤਪੁਰਨੀ ਧਰਮਸ਼ਾਲਾ ਟਰੱਸਟ ਦੇ ਨੁਮਾਇੰਦੇ ਸ਼ਹਿਰੀਆਂ ਦੀ ਇਸ ਸਮੱਸਿਆ ਪ੍ਰਤੀ ਸੁਚੇਤ ਜਾਪਣ ਲੱਗੇ ਹਨ। ਉਕਤ ਦੋਹਾਂ ਕਮੇਟੀਆਂ 'ਚ ਮੋਹਰੀ ਭੂਮਿਕਾ ਅਦਾ ਕਰਨ ਵਾਲੇ ਉਦਮੀਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਲਾਗਲੇ ਸ਼ਹਿਰਾਂ 'ਚ 25 ਸਾਲ ਪਹਿਲਾਂ ਬਣੀਆਂ ਆਧੁਨਿਕ ਸਹੂਲਤਾਂ ਵਾਲੀਆਂ ਧਰਮਸ਼ਾਲਾਵਾਂ 'ਚ ਜਦ ਉਹ ਕਿਸੇ ਖੁਸ਼ੀ ਗਮੀ ਮੌਕੇ ਪ੍ਰਵੇਸ਼ ਕਰਦੇ ਹਨ ਤਾਂ ਉਨ੍ਹਾਂ ਦੀ ਇਸ ਪ੍ਰੋਜੈਕਟ 'ਚ ਫਾਡੀ ਭੂਮਿਕਾ ਉਨ੍ਹਾਂ ਨੂੰ ਧੁਰ ਅੰਦਰ ਤੱਕ ਹਲੂਣ ਸੁੱਟਦੀ ਹੈ। 
ਸੋਚਦਾ ਧਰਮਸ਼ਾਲਾ 'ਚ ਹੁਣ ਨਾਮਾਤਰ ਪ੍ਰੋਗਰਾਮ ਹੁੰਦੇ ਹੋਣ ਕਰਕੇ ਅਤੇ ਕਮਰਿਆਂ 'ਚ ਯਾਤਰੂਆਂ ਦੇ ਲੰਘੇਡੰਗ ਠਹਿਰਾਅ ਸਦਕਾ ਹੁਣ ਇਸ ਦੀ ਆਮਦਨ ਵੀ ਚੋਖੀ ਗਿਰਾਵਟ ਆ ਚੁੱਕੀ ਹੈ। ਸ਼ਹਿਰ ਦੇ ਮੋਹਰੀ ਪਤਵੰਤਿਆਂ ਦਾ ਇਹੀ ਵਿਚਾਰ ਹੈ ਕਿ ਕਾਰੋਬਾਰੀ ਖੇਤਰ 'ਚ ਆ ਚੁੱਕੀ ਇਸ ਧਰਮਸ਼ਾਲਾ ਦੇ ਬਦਲ ਵਜੋਂ ਇਥੇ ਮਾਰਕੀਟ ਬਣਾ ਕੇ ਵੇਚ ਦੇਣ। ਇਸ ਰਕਮ ਨਾਲ ਬਾਹਰਵਾਰ ਪੈਲੇਸ ਵਰਗੀ ਧਰਮਸ਼ਾਲਾ ਬਣਾ ਦਿੱਤੀ ਜਾਵੇ, ਜਿਸ ਨਾਲ ਗਰੀਬ ਅਤੇ ਮੱਧਵਰਗੀ ਲੋਕਾਂ ਉਪਰ ਪੈਂਦੇ ਪੈਲੇਸ ਦੇ ਵੱਡੇ ਖਰਚਿਆਂ ਤੋਂ ਮੁਕਤੀ ਮਿਲ ਸਕੇਗੀ। ਜ਼ਿਕਰਯੋਗ ਹੈ ਕਿ ਸ਼ਹਿਰ ਅੰਦਰਲੀ ਦੂਜੀ ਧਰਮਸ਼ਾਲਾ ਪਾਰਕਿੰਗ ਦੀ ਕਥਿਤ ਅਣਹੋਂਦ ਕਾਰਨ ਲੋਕਾਂ ਦੇ ਮੰਤ ਪੂਰੇ ਕਰਨ ਵਿਚ ਸਫਲ ਸਾਬਤ ਨਹੀਂ ਹੋ ਰਹੀ।