ਟਰੈਕ ''ਤੇ ਮੋਬਾਇਲ ਤੇ ਵਟਸਐੱਪ ਬਣੇ ਕਾਲੀ ਕਮਾਈ ਦਾ ਜ਼ਰੀਆ

12/17/2018 11:30:53 AM

ਜਲੰਧਰ (ਅਮਿਤ)— ਅੱਜ ਦੇ ਇਸ ਆਧੁਨਿਕ ਯੁੱਗ 'ਚ ਜਿੱਥੇ ਇਕ ਪਾਸੇ ਤਕਨੀਕ ਦੀ ਵਰਤੋਂ ਕਰਕੇ ਆਮ ਜਨਤਾ ਨੂੰ ਤਰ੍ਹਾਂ-ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ, ਉਥੇ ਹੀ ਦੂਜੇ ਪਾਸੇ ਕੁਝ ਲੋਕ ਤਕਨੀਕਾਂ ਦੀ ਵਰਤੋਂ ਆਪਣੇ ਨਿੱਜੀ ਫਾਇਦੇ ਲਈ ਕਰਦੇ ਹੋਏ ਭ੍ਰਿਸ਼ਟਾਚਾਰ ਦੀਆਂ ਸਾਰੀਆਂ ਹੱਦਾਂ ਲੰਘ ਚੁੱਕੇ ਹਨ। ਪੰਜਾਬ ਰੋਡਵੇਜ਼ ਦੀ ਵਰਕਸ਼ਾਪ ਦੇ ਨਾਲ ਬਣੇ ਆਧੁਨਿਕ ਡਰਾਈਵਿੰਗ ਟੈਸਟ ਟਰੈਕ ਉੱਪਰ ਕੰਮ ਕਰਨ ਵਾਲੇ ਨਿੱਜੀ ਕੰਪਨੀ ਸਮਾਰਟ ਚਿਪ ਦੇ ਕਰਮਚਾਰੀਆਂ ਲਈ ਮੋਬਾਇਲ ਅਤੇ ਵਟਸਐੱਪ ਅਜਿਹੇ ਸੋਸ਼ਲ ਮੀਡੀਆ ਪਲੇਟਫਾਰਮ ਕਾਲੀ ਕਮਾਈ ਦਾ ਜ਼ਰੀਆ ਬਣ ਚੁੱਕੇ ਹਨ। 

ਨਿੱਜੀ ਕੰਪਨੀ ਦੇ ਕਰਮਚਾਰੀ ਬਿਨਾਂ ਕਿਸੇ ਰੋਕ-ਟੋਕ ਦੇ ਏਜੰਟਾਂ ਦੇ ਕੰਮ ਕਰਕੇ ਹਰ ਮਹੀਨੇ ਲੱਖਾਂ ਰੁਪਏ ਦੇ ਵਾਰੇ-ਨਿਆਰੇ ਕਰਨ 'ਚ ਲੱਗੇ ਹੋਏ ਹਨ। ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਉੱਚ ਪੱਧਰ ਤੱਕ ਇਸ ਪੂਰੇ ਮਾਮਲੇ ਦੀ ਜਾਣਕਾਰੀ ਹੋਣ ਦੇ ਬਾਵਜੂਦ ਅੱਜ ਤੱਕ ਕਿਸੇ ਵੀ ਅਧਿਕਾਰੀ ਨੇ ਇਸ ਵੱਲ ਧਿਆਨ ਨਹੀਂ ਦਿੱਤਾ। ਅਧਿਕਾਰੀਆਂ ਦੇ ਇਸ ਉਦਾਸੀਨ ਰਵੱਈਏ ਕਾਰਨ ਟਰਾਂਸਪੋਰਟ ਵਿਭਾਗ ਅਤੇ ਸੂਬਾ ਸਰਕਾਰ ਦੀ ਸਾਖ ਨੂੰ ਲਗਾਤਾਰ ਧੱਕਾ ਲੱਗ ਰਿਹਾ ਹੈ ਪਰ ਅਧਿਕਾਰੀ ਕੁੰਭਕਰਨੀ ਨੀਂਦ ਸੌਂ ਰਹੇ ਹਨ, ਜਿਸ ਦਾ ਲਾਭ ਨਿੱਜੀ ਕੰਪਨੀ ਦੇ ਕਰਮਚਾਰੀ ਅਤੇ ਏਜੰਟ ਚੁੱਕ ਰਹੇ ਹਨ।

ਕਿਵੇਂ ਹੋ ਰਹੀ ਹੈ ਕਾਲੀ ਕਮਾਈ, ਕਿਵੇਂ ਦੇ ਰਹੇ ਹਨ ਜਾਅਲਸਾਜ਼ੀ ਨੂੰ ਅੰਜਾਮ?
ਜਾਣਕਾਰੀ ਅਨੁਸਾਰ ਟਰੈਕ 'ਤੇ ਕੰਮ ਕਰਨ ਵਾਲੇ ਕੁਝ ਕਰਮਚਾਰੀਆਂ ਦੇ ਸ਼ਹਿਰ ਦੇ ਮਸ਼ਹੂਰ ਏਜੰਟਾਂ ਨਾਲ ਬਹੁਤ ਤਗੜੀ ਮਿਲੀਭੁਗਤ ਹੈ, ਜਿਸ ਕਾਰਨ ਏਜੰਟ ਖੁਦ ਟਰੈਕ 'ਤੇ ਜਾਂਦੇ ਹੀ ਨਹੀਂ। ਸਿਰਫ ਆਪਣੇ ਗਾਹਕਾਂ ਦੀ ਸਾਰੀ ਡਿਟੇਲ ਅਤੇ ਉਨ੍ਹਾਂ ਦੇ ਦਸਤਾਵੇਜ਼ ਨਿੱਜੀ ਕੰਪਨੀ ਦੇ ਕਰਮਚਾਰੀ ਵੱਲੋਂ ਵਰਤੋਂ ਕੀਤੇ ਜਾਣ ਵਾਲੇ ਪਰਸਨਲ ਮੋਬਾਇਲ ਫੋਨ 'ਤੇ  ਵਟਸਐਪ ਕਰ ਦਿੱਤੇ ਜਾਂਦੇ ਹਨ। ਕਰਮਚਾਰੀ ਏਜੰਟਾਂ ਨੂੰ ਵੀ. ਆਈ. ਪੀ. ਟ੍ਰੀਟਮੈਂਟ ਦਿੰਦੇ ਹੋਏ ਆਪਣੇ ਫੋਨ ਤੋਂ ਹੀ ਇੰਟਰਨੈੱਟ ਦੀ ਮਦਦ ਨਾਲ ਸਾਰੇ ਦਸਤਾਵੇਜ਼ ਪੂਰੇ ਕਰਕੇ ਆਨਲਾਈਨ ਅਰਜ਼ੀਆਂ ਭਰਦੇ ਹਨ ਅਤੇ ਉਸ ਤੋਂ ਬਾਅਦ ਖੁਦ ਹੀ ਫੀਸ ਆਦਿ ਕਟਵਾਉਣ ਦੇ ਕੰਮ ਨੂੰ ਵੀ ਅੰਜਾਮ ਦੇ ਰਹੇ ਹਨ। 
ਕੁਝ ਕਰਮਚਾਰੀ ਜਿਨ੍ਹਾਂ ਨੂੰ ਕਾਨੂੰਨ ਦਾ ਕੋਈ ਡਰ ਹੀ ਨਹੀਂ ਹੈ, ਉਹ ਸ਼ਰੇਆਮ ਏਜੰਟਾਂ ਨਾਲ ਆਪਣੇ ਮੋਬਾਇਲ ਫੋਨ 'ਤੇ ਦਿਨ 'ਚ ਕਈ ਵਾਰ ਗੱਲ ਕਰਦੇ ਹਨ ਅਤੇ ਅਰਜ਼ੀਆਂ ਦੀ ਫੋਟੋ ਵਟਸਐੱਪ 'ਤੇ ਮੰਗਵਾ ਕੇ ਉਸ ਨੂੰ ਫੋਟੋਸ਼ਾਪ ਦੀ ਮਦਦ ਨਾਲ ਆਨਲਾਈਨ ਅਰਜ਼ੀ 'ਚ ਲਗਾ ਕੇ ਜਾਅਲਸਾਜ਼ੀ ਨੂੰ ਅੰਜਾਮ ਦਿੱਤਾ ਜਾਂਦਾ ਹੈ। 

ਮੋਬਾਇਲ 'ਤੇ ਕੰਮ ਕਰਨ ਨਾਲ ਨਜ਼ਰਾਂ 'ਚ ਨਹੀਂ ਆਉਂਦੇ ਏਜੰਟ  
ਸਾਰਾ ਕੰਮ ਮੋਬਾਇਲ ਦੀ ਮਦਦ ਨਾਲ ਕਰਨ ਕਾਰਨ ਏਜੰਟ ਅਧਿਕਾਰੀਆਂ ਅਤੇ ਮੀਡੀਆ ਦੀ ਨਜ਼ਰਾਂ 'ਚ ਨਹੀਂ ਆਉਂਦੇ। ਅਜਿਹੇ ਏਜੰਟ ਟਰੈਕ 'ਤੇ ਆਉਂਦੇ ਹੀ ਨਹੀਂ ਕਿਉਂਕਿ ਉਨ੍ਹਾਂ ਦਾ ਸਾਰਾ ਕੰਮ ਫੋਨ ਦੀ ਮਦਦ ਨਾਲ ਹੋ ਜਾਂਦਾ ਹੈ। ਉਹ ਬਹੁਤ ਆਰਾਮ ਨਾਲ ਆਪਣੇ ਕਾਰੋਬਾਰ ਨੂੰ ਚਲਾਉਂਦੇ ਹੋਏ ਮੋਟੀ ਕਮਾਈ ਕਰਦੇ ਰਹਿੰਦੇ ਹਨ। ਟਰੈਕ 'ਤੇ ਕੰਮ ਕਰਨ ਵਾਲੇ ਹਰ ਕਰਮਚਾਰੀ  ਦੇ ਕੋਲ ਘੱਟੋ-ਘੱਟ 2 ਨੰਬਰ ਹਨ, ਜਿਸ 'ਚ ਇਕ ਨੰਬਰ ਉਸ ਵੱਲੋਂ ਕੰਪਨੀ ਅਤੇ ਅਧਿਕਾਰੀਆਂ ਨੂੰ ਦਿੱਤਾ ਗਿਆ ਹੈ। ਜਦਕਿ ਦੂਜਾ ਨੰਬਰ ਸਿਰਫ ਏਜੰਟਾਂ ਨਾਲ ਗੱਲਬਾਤ ਕਰਨ ਅਤੇ ਉਨ੍ਹਾਂ ਦੇ ਕੰਮ ਲਈ ਰੱਖਿਆ ਗਿਆ ਹੈ। 
ਸਟਾਫ ਦੇ ਮੋਬਾਇਲ ਦੀ ਕਾਲ ਡਿਟੇਲ ਕਢਵਾਉਣ ਨਾਲ ਖੁੱਲ੍ਹ ਸਕਦੇ ਹਨ ਕਈ ਰਾਜ਼ 
ਜੇਕਰ ਅਧਿਕਾਰੀ ਇਸ ਮਾਮਲੇ 'ਚ ਸਖਤੀ ਵਰਤਦੇ ਹੋਏ ਨਿੱਜੀ ਕੰਪਨੀ ਦੇ ਸਟਾਫ ਦੇ ਮੋਬਾਇਲ ਫੋਨ ਦੀ ਕਾਲ ਡਿਟੇਲ ਕੱਢਵਾਉਂਦੇ ਹਨ ਤਾਂ ਕਈ ਵੱਡੇ ਰਾਜ਼ ਖੁੱਲ੍ਹ ਸਕਦੇ ਹਨ, ਕਿਉਂਕਿ ਸਟਾਫ ਦੇ ਏਜੰਟਾਂ ਦੇ ਨਾਲ-ਨਾਲ ਕੁਝ ਹੋਰ ਲੋਕਾਂ ਦੇ ਨਾਲ ਜਾਣ ਵਾਲੀ ਰੁਟੀਨ ਗੱਲਬਾਤ ਦਾ ਵੀ ਖੁਲਾਸਾ ਹੋ ਸਕਦਾ ਹੈ, ਜਿਸ ਨਾਲ ਟਰੈਕ 'ਤੇ ਭ੍ਰਿਸ਼ਟਾਚਾਰ 'ਤੇ ਰੋਕ ਲੱਗਣ 'ਚ ਕਾਫੀ ਮਦਦ ਮਿਲ ਸਕਦੀ ਹੈ। ਟਰੈਕ 'ਤੇ ਕੰਮ ਕਰਨ ਵਾਲੇ ਸਮੂਹ ਨਿੱਜੀ ਕੰਪਨੀ ਦੇ ਕਰਮਚਾਰੀਆਂ  ਨੂੰ ਕਾਫੀ ਵਾਰ ਕਹਿਣ ਦੇ ਬਾਵਜੂਦ ਕੰਪਨੀ ਦੇ ਕਰਮਚਾਰੀਆਂ ਆਈ. ਡੀ. ਕਾਰਡ ਨਹੀਂ ਪਾਉਂਦੇ। ਇਸ ਦੇ 2 ਕਾਰਨ ਮਹੱਵਪੂਰਨ ਹਨ ਇਕ ਦਾ ਆਈ. ਡੀ. ਕਾਰਡ ਪਾਉਣਾ ਆਪਣੀ ਸ਼ਾਨ ਦੇ ਖਿਲਾਫ ਸਮਝਣਾ ਇਕ ਕਾਰਨ ਹੈ ਅਤੇ ਦੂਜਾ ਸਭ ਤੋਂ ਮਹੱਤਵਪੂਰਨ ਕਾਰਨ ਖੁਦ ਦੀ ਪਛਾਣ ਨੂੰ ਲੁਕਾਉਣਾ। 

ਮੋਬਾਇਲ ਫੋਨ ਦੇ ਇਸਤੇਮਾਲ 'ਤੇ ਰੋਕ ਲਗਾਉਣ 'ਤੇ ਹੋਵੇਗਾ ਵਿਚਾਰ : ਸੈਕਰੇਟਰੀ ਆਰ. ਟੀ. ਏ

ਸੈਕਰੇਟਰੀ ਆਰ. ਟੀ. ਏ. ਕੰਵਲਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ  ਕਿ ਬੀਤੇ ਦਿਨੀਂ ਇਸ ਤਰ੍ਹਾਂ ਦਾ ਹੁਕਮ ਜਾਰੀ ਕੀਤਾ ਗਿਆ ਸੀ ਪਰ ਉਹ ਭ੍ਰਿਸ਼ਟਾਚਾਰ 'ਤੇ ਰੋਕਥਾਮ ਲਗਾਉਣ ਦੇ ਉਦੇਸ਼ ਨਾਲ ਮੋਬਾਇਲ ਫੋਨ ਦੇ ਇਸਤੇਮਾਲ 'ਤੇ ਰੋਕ ਲਗਾਉਣ 'ਤੇ ਜ਼ਰੂਰ ਵਿਚਾਰ ਕਰਨਗੇ।

shivani attri

This news is Content Editor shivani attri