ਜਾਨਲੇਵਾ ਹਮਲਾ ਕਰਨ ਵਾਲੇ ਦੋਸ਼ੀ ਦੇ ਘਰੋਂ ਚਾਕੂ ਤੇ ਮੋਬਾਇਲ ਬਰਾਮਦ

01/18/2018 7:02:47 AM

ਜਲੰਧਰ, (ਮਹੇਸ਼)- 25 ਸਾਲ ਦੀ ਲੜਕੀ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਉਣ ਅਤੇ ਉਸ 'ਤੇ ਚਾਕੂ ਨਾਲ ਜਾਨਲੇਵਾ ਹਮਲਾ ਕਰਨ ਵਾਲੇ ਦੋਸ਼ੀ ਤਰਨਤਾਰਨ ਵਾਸੀ ਸਕਿਓਰਿਟੀ ਗਾਰਡ ਮਲਕੀਤ ਸਿੰਘ ਵੱਲੋਂ 20 ਦਸੰਬਰ ਦੀ ਵਾਰਦਾਤ ਦੌਰਾਨ ਵਰਤਿਆ ਗਿਆ ਮੋਬਾਇਲ, ਮੋਟਰਸਾਈਕਲ ਅਤੇ ਚਾਕੂ ਅੱਜ ਥਾਣਾ ਰਾਮਾ ਮੰਡੀ ਦੀ ਪੁਲਸ ਨੇ ਦੋਸ਼ੀ ਦੇ ਘਰੋਂ ਬਰਾਮਦ ਕਰ ਲਿਆ ਹੈ। 
ਐੱਸ. ਐੱਚ. ਓ. ਰਾਮਾ ਮੰਡੀ ਰਜੇਸ਼ ਠਾਕੁਰ ਤੋਂ ਮਿਲੀ ਜਾਣਕਾਰੀ ਮੁਤਾਬਕ ਏ. ਐੱਸ. ਆਈ. ਰਵਿੰਦਰ ਸਿੰਘ ਭੱਟੀ ਨੇ ਪੁਲਸ ਪਾਰਟੀ ਸਮੇਤ ਬੁੱਧਵਾਰ ਨੂੰ ਦੋਸ਼ੀ ਮਲਕੀਤ ਸਿੰਘ ਨੂੰ ਨਾਲ ਲੈ ਕੇ ਤਰਨਤਾਰਨ ਸਥਿਤ ਉਸ ਦੇ ਘਰ ਰੇਡ ਕੀਤੀ ਅਤੇ ਉਥੋਂ ਉਸ ਦੀ ਨਿਸ਼ਾਨਦੇਹੀ 'ਤੇ ਇਹ ਸਾਮਾਨ ਬਰਾਮਦ ਕੀਤਾ। ਇਸ ਤੋਂ ਇਲਾਵਾ ਮਲਕੀਤ ਸਿੰਘ ਦੇ ਘਰੋਂ ਪੁਲਸ ਨੇ ਇਕ ਸੀ. ਪੀ. ਯੂ. ਵੀ ਆਪਣੇ ਕਬਜ਼ੇ ਵਿਚ ਲਿਆ ਹੈ, ਜਿਸ ਦੀ ਵੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਤਾਂ ਜੋ ਮਲਕੀਤ 'ਤੇ ਦੋਸ਼ ਲਾਉਣ ਵਾਲੀ ਲੜਕੀ ਦੇ ਮਾਮਲੇ ਸਬੰਧੀ ਹੋਰ ਸੁਰਾਗ ਪੁਲਸ ਦੇ ਹੱਥ ਲੱਗ ਸਕਣ।
ਦੋਸ਼ੀ ਦੇ 2 ਦਿਨ ਦੇ ਪੁਲਸ ਰਿਮਾਂਡ ਤੋਂ ਬਾਅਦ ਵੀਰਵਾਰ ਉਸ ਨੂੰ ਦੁਬਾਰਾ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਪੀੜਤ ਲੜਕੀ ਦੇ ਬਿਆਨਾਂ 'ਤੇ ਦੋਸ਼ੀ ਖਿਲਾਫ ਥਾਣਾ ਰਾਮਾ ਮੰਡੀ ਵਿਚ 365 ਤੇ 376 ਸਮੇਤ ਆਈ. ਪੀ. ਸੀ. ਦੀਆਂ ਕਈ ਧਾਰਾਵਾਂ ਲੱਗੀਆਂ ਹੋਈਆਂ ਹਨ। 
ਫੇਸ ਟੂ ਫੇਸ ਭੂਆ ਨੂੰ ਕਦੇ ਨਹੀਂ ਮਿਲਿਆ
ਦੋਸ਼ੀ ਮਲਕੀਤ ਸਿੰਘ ਨੇ ਕਿਹਾ ਕਿ ਉਹ ਪੀੜਤ ਲੜਕੀ ਦੀ ਭੂਆ ਨੂੰ ਫੇਸ ਟੂ ਫੇਸ ਕਦੇ ਨਹੀਂ ਮਿਲਿਆ। ਉਸ ਦੀ ਮੁਲਾਕਾਤ ਫੇਸਬੁੱਕ ਜਾਂ ਮੋਬਾਇਲ ਰਾਹੀਂ ਹੀ ਹੁੰਦੀ ਸੀ, ਜਦੋਂ ਕਿ ਪੀੜਤ ਲੜਕੀ ਨੇ ਪੁਲਸ ਨੂੰ ਸ਼ਿਕਾਇਤ ਵਿਚ ਕਿਹਾ ਹੈ ਕਿ ਉਸ ਦੀ ਭੂਆ ਦੀ ਹੀ ਦੋਸ਼ੀ ਨੂੰ ਸ਼ਹਿ ਸੀ, ਜਿਸ ਕਰ ਕੇ ਉਹ ਉਸ ਨੂੰ ਅਕਸਰ ਧਮਕਾਉਂਦਾ ਸੀ। ਐੱਸ. ਐੱਮ. ਐੱਸ. ਨੂੰ ਲੈ ਕੇ ਵੀ ਮਲਕੀਤ ਉਸ ਨੂੰ ਬਲੈਕਮੇਲ ਕਰਦਾ ਸੀ। ਏ. ਐੱਸ. ਆਈ. ਭੱਟੀ ਮੁਤਾਬਕ ਪੁਲਸ ਪੀੜਤ ਲੜਕੀ ਦੀ ਭੂਆ ਨੂੰ ਜਾਂਚ ਵਿਚ ਸ਼ਾਮਲ ਕਰਨ ਲਈ ਲੈ ਕੇ ਆਵੇਗੀ।