ਪ੍ਰੀਖਿਆਵਾਂ 'ਚ ਵੀ ਮੋਬਾਇਲ ਗੇਮ ਖੇਡਣਾ ਨਹੀਂ ਛੱਡ ਰਹੇ ਵਿਦਿਆਰਥੀ

03/04/2019 1:52:33 PM

ਜਲੰਧਰ (ਮਹੇਸ਼)—ਬੱਚਿਆਂ 'ਚ ਮੋਬਾਇਲ ਗੇਮਜ਼ ਦਾ ਲਗਾਤਾਰ ਵੱਧ ਰਿਹਾ ਰੁਝਾਨ ਇਕ ਵੱਡੀ ਚਿੰਤਾ ਹੀ ਨਹੀਂ  ਸਗੋਂ ਵੱਡਾ ਖਤਰਾ ਵੀ ਹੈ, ਜਿਸ ਦਾ ਅਸਰ ਸਿਰਫ ਉਨ੍ਹਾਂ ਦੀ ਪੜ੍ਹਾਈ 'ਤੇ ਹੀ ਨਹੀਂ  ਸਗੋਂ ਦਿਮਾਗ ਤੇ ਅੱਖਾਂ 'ਤੇ ਵੀ ਪੈ ਰਿਹਾ ਹੈ। ਬੱਚਿਆਂ ਦੀ ਇਸ ਆਦਤ ਕਾਰਨ ਉਨ੍ਹਾਂ ਦੇ ਮਾਪੇ ਤੇ ਅਧਿਆਪਕ ਵੀ ਬਹੁਤ ਪ੍ਰੇਸ਼ਾਨ ਹਨ, ਜੋ ਕਿ ਚਾਹੁੰਦੇ ਹੋਏ ਵੀ ਕੁਝ ਨਹੀਂ ਕਰ  ਰਹੇ। ਉਹ ਹੱਥ 'ਚ ਹਰ ਸਮੇਂ ਮੋਬਾਇਲ ਲੈ ਕੇ ਘੁੰਮਦੇ ਰਹਿੰਦੇ ਬੱਚਿਆਂ ਨੂੰ ਸਿਰਫ ਇਕ ਹੀ ਆਵਾਜ਼ 'ਚ ਇਹ ਕਹਿੰਦੇ ਰਹਿੰਦੇ ਹਨ, 'ਪੜ੍ਹ ਲੈ-ਪੜ੍ਹ ਲੈ, ਮਰ ਜਾਣਿਆ, ਤੇਰੀਆਂ ਅੱਖਾਂ ਖਰਾਬ ਹੋ ਜਾਣਗੀਆਂ ਨੇ, ਦਿਮਾਗ 'ਤੇ ਵੀ ਅਸਰ ਪਵੇਗਾ ਤੇ ਨੀਂਦ ਵੀ ਨਹੀਂ ਪੂਰੀ ਹੋਣੀ। ਸਵੇਰੇ ਕਲਾਸ ਵਿਚ ਕੀ ਕਰੇਂਗਾ ਤੇ ਪੇਪਰ ਵਿਚ ਕੀ ਲਿਖੇਂਗਾ।' ਮੌਜੂਦਾ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ 10ਵੀਂ ਤੇ 12ਵੀਂ ਕਲਾਸ ਦੇ ਪੇਪਰ ਵੀ ਚਲ ਰਹੇ ਹਨ ਪਰ ਇਸ ਦੇ ਬਾਵਜੂਦ ਵੀ ਬੱਚੇ ਮੋਬਾਇਲ ਨਹੀਂ ਛੱਡ ਰਹੇ। ਮਾਪਿਆਂ ਦੇ ਵਾਰ-ਵਾਰ ਕਹਿਣ 'ਤੇ ਵੀ ਉਨ੍ਹਾਂ 'ਤੇ ਕੋਈ ਅਸਰ ਨਹੀਂ ਹੋ ਰਿਹਾ। ਸੌਂਦੇ-ਉੱਠਦੇ ਹਰ ਸਮੇਂ ਬੱਚਿਆਂ ਦੇ ਹੱਥ 'ਚ ਮੋਬਾਇਲ ਦੇਖਿਆ ਜਾ ਰਿਹਾ ਹੈ। ਜੇ ਅਜਿਹਾ ਹੀ ਦੌਰ ਚਲਦਾ ਰਿਹਾ ਤਾਂ ਆਉਣ ਵਾਲੇ ਸਮੇਂ 'ਚ ਇਹ ਮੋਬਾਇਲ ਗੇਮਜ਼ ਦਾ ਰੁਝਾਨ ਹੋਰ ਵੀ ਖਤਰਨਾਕ ਸਾਬਤ ਹੋ ਸਕਦਾ ਹੈ।

ਮੋਬਾਇਲ ਨਾਲ ਖੁੱਸ ਰਿਹੈ ਬਚਪਨ
ਸਮਾਜ ਲੋਕਾਂ ਨਾਲ ਮਿਲ ਕੇ ਬਣਦਾ ਹੈ, ਜਿਸ 'ਚ ਔਰਤ, ਮਰਦ ਤੇ ਬੱਚੇ ਸਾਰੇ ਸ਼ਾਮਲ ਹਨ ਪਰ ਜੋ ਸਭ ਤੋਂ ਮਾਸੂਮ ਹਨ, ਉਹ ਬੱਚੇ ਹਨ, ਜੋ ਆਪਣਾ ਭਲਾ ਬੁਰਾ ਨਹੀਂ ਸਮਝ ਸਕਦੇ। ਅੱਜ ਇਹੀ ਮਾਸੂਮ ਬੱਚੇ ਮੋਬਾਇਲ ਦੀ  ਆਦਤ ਦਾ ਸ਼ਿਕਾਰ ਹੁੰਦੇ ਜਾ ਰਹੇ ਹਨ। ਆਪਣਾ ਪਿਆਰਾ ਬਚਪਨ ਮਿੱਟੀ ਕਰਦੇ ਜਾ ਰਹੇ ਹਨ, ਸਮਾਜ ਤੋਂ ਦੂਰ ਹੁੰਦੇ ਜਾ ਰਹੇ ਹਨ।

ਮੋਬਾਇਲ ਬੱਚਿਆਂ ਦਾ ਕਿਉਂ ਬਣਿਆ ਸਾਥੀ
ਅਸਲ 'ਚ ਮੋਬਾਇਲ ਬੱਚਿਆਂ ਦਾ ਸਾਥੀ ਇਸ ਲਈ ਬਣਦਾ ਜਾ ਰਿਹਾ ਹੈ ਕਿਉਂਕਿ ਉਸ ਦੇ ਅਸਲੀ ਸਾਥੀ ਮਾਤਾ-ਪਿਤਾ, ਦਾਦਾ-ਦਾਦੀ, ਨਾਨਾ-ਨਾਨੀ ਪਿੱਛੇ  ਖੁੱਸ  ਦੇ ਜਾ ਰਹੇ ਹਨ। ਸਾਂਝੇ ਪਰਿਵਾਰ ਟੁੱਟਦੇ ਜਾ ਰਹੇ ਹਨ। ਪਹਿਲਾਂ ਬੱਚੇ ਇਨ੍ਹਾਂ ਕੋਲੋਂ ਆਪਣੀ ਸਮੱਸਿਆਵਾਂ ਦਾ ਹੱਲ ਪੁੱਛਦੇ ਸਨ। ਅੱਜ ਬੱਚੇ ਇਕੱਲਾਪਨ ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੂੰ ਫਿਰ ਤੋਂ ਅਜਿਹਾ ਸੰਸਾਰ ਦੇਣਾ ਹੋਵੇਗਾ, ਜੋ ਸ਼ਾਂਤ ਹੋਵੇ, ਅਧਿਆਤਮਕ ਹੋਵੇ, ਆਪਣੇ ਪਨ ਨਾਲ ਭਰਿਆ ਹੋਵੇ। ਸਾਡੇ ਵੱਡਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਬੱਚਿਆਂ ਤੇ ਮੋਬਾਇਲ ਨੂੰ ਕੋਸਣ ਦੀ ਬਜਾਏ ਬੱਚਿਆਂ ਨਾਲ ਚੰਗਾ ਸਮਾਂ ਬਿਤਾਓ।

ਸਿੱਖਿਅਤ ਕਰਨ 'ਤੇ ਵੀ ਸਮੱਸਿਆ ਦਾ ਨਹੀਂ ਹੋ ਰਿਹਾ ਹੱਲ
ਸਕੂਲਾਂ 'ਚ ਸਮੇਂ-ਸਮੇਂ 'ਤੇ ਬੱਚਿਆਂ ਨੂੰ ਸਿੱਖਿਅਤ ਕਰਨ 'ਤੇ ਵੀ ਸਮੱਸਿਆ ਦਾ ਹੱਲ ਨਹੀਂ ਹੋ  ਰਿਹਾ। ਕੀ ਇਸ ਸਮੱਸਿਆ ਦਾ ਹੱਲ ਲੱਭਿਆ ਜਾ ਸਕਦਾ ਹੈ? ਅਸਲ 'ਚ ਇਸ ਦਾ ਹੱਲ ਸਾਡੇ ਆਪਣੇ ਹੱਥ ਤੇ ਆਪਣੇ ਵਿਵਹਾਰ 'ਚ ਲੁਕਿਆ ਹੈ। ਅੱਜ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਸਹੂਲਤਾਂ ਤਾਂ ਦੇ ਰਹੇ ਹਨ ਪਰ ਆਪਣਾ  ਚੰਗਾ  ਸਮਾਂ ਨਹੀਂ। ਸ਼ਾਮ ਨੂੰ ਥੱਕੇ-ਹਾਰੇ ਮਾਤਾ ਪਿਤਾ ਦੇ ਕੋਲ ਦੇਣ ਨੂੰ ਸਿਰਫ ਗੁੱਸਾ ਤੇ ਡਾਂਟ ਹੀ ਹੈ। ਉਹ ਬੱਚੇ ਦੀ ਕਾਰਜਸ਼ੈਲੀ ਦੀ ਜਾਣਕਾਰੀ ਤੱਕ ਨਹੀਂ ਲੈਣਾ ਚਾਹੁੰਦੇ। ਉਨ੍ਹਾਂ ਨੂੰ ਬੱਚਿਆਂ ਦੀ ਪੜ੍ਹਾਈ ਤੇ ਅੰਕਾਂ ਤੋਂ ਲੈਣਾ-ਦੇਣਾ ਤਾਂ ਹੈ ਪਰ ਉਨ੍ਹਾਂ ਨੂੰ ਕਿਹੜੀਆਂ ਮਾਨਸਿਕ ਸਮੱਸਿਆਵਾਂ 'ਚੋਂ ਲੰਘਣਾ ਪੈਂਦਾ ਹੈ, ਇਸ ਦੀ ਜਾਣਕਾਰੀ ਨਹੀਂ।

ਆਈ ਸਰਜਨ ਡਾ. ਤੇਜਿੰਦਰ ਸਿੰਘ ਗੋਇੰਦੀ ਨੇ ਬੱਚਿਆਂ 'ਚ ਵਧਦੇ ਮੋਬਾਇਲ ਦੇ ਰੁਝਾਨ ਸਬੰਧੀ ਕਿਹਾ ਹੈ ਕਿ ਇਸ ਨਾਲ ਉਨ੍ਹਾਂ ਦੀਆਂ ਅੱਖਾਂ 'ਤੇ ਬਹੁਤ ਅਸਰ ਪੈ ਰਿਹਾ ਹੈ। ਮੋਬਾਇਲ ਦੀ ਜ਼ਿਆਦਾ ਵਰਤੋਂ ਕਰਨ ਵਾਲੇ ਜਿਨ੍ਹਾਂ ਬੱਚਿਆਂ ਦੀਆਂ ਨਜ਼ਰਾਂ ਪਹਿਲਾਂ ਤੋਂ ਹੀ ਘੱਟ ਹੁੰਦੀਆਂ ਹਨ ਤੇ ਐਨਕਾਂ ਲੱਗੀਆਂ ਹੁੰਦੀਆਂ ਹਨ, ਦੀ ਨਜ਼ਰ ਦਾ ਨੰਬਰ ਵੱਧ ਰਿਹਾ ਹੈ ਤੇ ਜਿਨ੍ਹਾਂ ਦੀਆਂ ਨਜ਼ਰਾਂ ਸਲਾਮਤ ਹਨ, ਨੂੰ ਐਨਕਾਂ ਲਗ ਰਹੀਆਂ ਹਨ। ਆਪਣੇ ਬੱਚਿਆਂ ਦੀਆਂ ਅਜਿਹੀਆਂ ਸਮੱਸਿਆਵਾਂ ਨੂੰ ਲੈ ਕੇ ਬਹੁਤ ਲੋਕ ਉਨ੍ਹਾਂ ਕੋਲ ਆ ਰਹੇ ਹਨ, ਜਿਨ੍ਹਾਂ ਨੂੰ ਉਹ ਹਮੇਸ਼ਾ ਇਹੀ ਕਹਿੰਦੇ ਹਨ ਕਿ ਉਹ ਬੱਚਿਆਂ ਨੂੰ ਮੋਬਾਇਲ ਤੇ ਟੀ. ਵੀ. ਤੋਂ ਦੂਰ ਰੱਖਣ।
-ਡਾ. ਤੇਜਿੰਦਰ ਸਿੰਘ ਗੋਇੰਦੀ, ਆਈ ਸਰਜਨ।

ਹਰ ਸਮੇਂ ਮੋਬਾਇਲ ਹੱਥ 'ਚ ਫੜ ਕੇ ਉਸ 'ਤੇ ਕੋਈ ਨਾ ਕੋਈ ਗੇਮ ਖੇਡਦੇ ਰਹਿਣਾ, ਬੱਚਿਆਂ ਦੀ ਕੋਈ ਚੰਗੀ ਆਦਤ ਨਹੀਂ , ਇਸ ਦਾ ਦਿਮਾਗ 'ਤੇ ਜੋ ਅਸਰ ਪੈ ਰਿਹਾ ਹੈ, ਬੇਸ਼ੱਕ ਉਹ ਅਜੇ ਉਨ੍ਹਾਂ ਨੂੰ ਨਹੀਂ ਦਿਖਾਈ ਦੇ ਰਿਹਾ ਪਰ ਆਉਣ ਵਾਲੇ ਸਮੇਂ 'ਚ ਬਹੁਤ ਹੀ ਖਤਰਨਾਕ ਸਾਬਿਤ ਹੋਵੇਗਾ। ਮੌਜੂਦਾ ਹਾਲਾਤ ਅਜਿਹੇ ਹਨ ਕਿ ਜੋ ਬੱਚੇ ਟੀ. ਵੀ. ਦੇ ਬਿਨਾਂ ਸੌਂਦੇ ਨਹੀਂ ਸਨ, ਉਸ ਟੀ. ਵੀ. ਦੀ ਜਗ੍ਹਾ ਅੱਜ ਮੋਬਾਇਲਾਂ ਨੇ ਲੈ ਲਈ ਹੈ। ਉਹ ਅਕਸਰ ਸੈਮੀਨਾਰਾਂ 'ਚ ਵੀ ਮੋਬਾਇਲ ਦੀ ਵਰਤੋਂ ਕਰਨ ਤੋਂ ਬੱਚਿਆਂ ਨੂੰ ਰੋਕਣ ਦੀ ਸਲਾਹ ਦਿੰਦੇ ਹਨ।'
-ਡਾ. ਸੰਦੀਪ ਗੋਇਲ, ਨਿਊਰੋਲਾਜਿਸਟ।

ਸੀਨੀਅਰ ਹਿੰਦੀ ਅਧਿਆਪਕਾ ਰੀਤੂ ਮੋਂਗਾ ਨੇ ਕਿਹਾ ਕਿ ਉਹ ਸਮਝਦੇ ਹਨ ਕਿ ਮੋਬਾਇਲ ਦੀ  ਆਦਤ ਇਕ ਸਮਾਜਿਕ ਬੁਰਾਈ ਬਣ ਕੇ ਰਹਿ ਗਈ ਹੈ, ਜਿਸ ਦਾ ਹੱਲ ਨਹੀਂ ਹੋ ਰਿਹਾ । ਰੀਤੂ  ਨੇ ਗੁਆਚ ਗਿਆ ਬਚਪਨ, ਮੋਬਾਇਲ ਦੇ ਬਾਜ਼ਾਰ 'ਚ 'ਤੇ ਲਿਖੀ ਆਪਣੀ ਇਕ ਕਵਿਤਾ 'ਚ ਕਿਹਾ ਹੈ, 'ਖਿਲੌਨੋ ਕੀ ਜਗ੍ਹਾ ਲੇ ਲੀ ਇਸ ਦੁਸ਼ਵਾਰ ਨੇ, ਫੂਲੋਂ ਕਾ ਮਹਿਕਨਾ, ਬਾਰਿਸ਼ ਕੀ ਰਿਮਝਿਮ ਖੋ ਗਈ ਇਸ ਛੋਟੇ ਸੇ ਸੰਸਾਰ ਮੇ'। ਉਨ੍ਹਾਂ ਕਿਹਾ ਕਿ ਆਓ ਇਕ ਅਜਿਹਾ ਸੰਸਾਰ ਬਣਾਈਏ, ਖੁਸ਼ੀਆਂ ਨੂੰ ਸਾਕਾਰ ਕਰ ਕੇ ਖਿਡੌਣਿਆਂ ਦੀ ਦੁਕਾਨ ਸਜਾਈਏ। ਬਚਪਨ ਨੂੰ ਫਿਰ ਤੋਂ ਲਿਆਈਏ, ਮੋਬਾਇਲ ਦੀ ਜਗ੍ਹਾ ਘਰ 'ਚ ਖਿਡੌਣੇ ਲਿਆਓ।
-ਰੀਤੂ ਮੋਂਗਾ, ਸੀਨੀਅਰ ਹਿੰਦੀ ਅਧਿਆਪਕਾ ਡੀ. ਏ. ਵੀ. ਪਬਲਿਕ ਸਕੂਲ।

Shyna

This news is Content Editor Shyna